ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ : ਡਾ: ਐਨ.ਕੇ. ਕਲਸੀ ਪ੍ਰਧਾਨ, ਬੀ.ਐੱਸ.ਸੈਣੀ ਜਨਰਲ ਸਕੱਤਰ ਚੁਣੇ
ਰਾਮ ਕਾਲੜਾ ਵਿੱਤ ਸਕੱਤਰ ਚੁਣੇ ਗਏ
ਸੁਖਮਿੰਦਰ ਭੰਗੂ
ਲੁਧਿਆਣਾ 3 ਅਪ੍ਰੈਲ 2024 : ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ ਦੋ ਸਾਲ ਬਾਅਦ ਚੋਣ ਕਰਨ ਲਈ ਸੁਬਾਈ ਡੈਲੀਗੇਟ ਇਜਲਾਸ ਸ/ਸ਼੍ਰੀ ਡਾ: ਐਨ. ਕੇ. ਕਲਸੀ, ਜਰਨੈਲ ਸਿੰਘ ਸਿੱਧੂ ਮੋਹਾਲੀ, ਸੁਸ਼ੀਲ ਕੁਮਾਰ ਲੁਧਿਆਣਾ, ਅਵਤਾਰ ਸਿੰਘ ਲੋਧੀ ਮਾਜਰਾ ਰੋਪੜ ਅਤੇ ਗੁਰਨਾਮ ਸਿੰਘ ਔਲਖ ਬੀ.ਬੀ.ਐਮ.ਬੀ. ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਭਰ ਤੋਂ ਕਰੀਬ 200 ਡੈਲੀਗੇਟ ਸ਼ਾਮਲ ਹੋਏ ਇਜਲਾਸ ਦੇ ਸ਼ੁਰੂ ਵਿੱਚ ਜੱਥੇਬੰਦੀ ਦੇ ਪਿਛਲੇ ਸਮੇਂ ਦੌਰਾਨ ਵਿੱਛੜ ਗਏ ਆਗੂ ਸ਼੍ਰੀ ਪ੍ਰੇਮ ਸਾਗਰ ਸ਼ਰਮਾ ਅਤੇ ਭਰਾਤਰੀ ਜਥੇਬੰਦੀ ਦੇ ਆਗੂ ਸ਼੍ਰੀ ਠਾਕਰ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।
ਵਰਕਿੰਗ ਜਨਰਲ ਸਕੱਤਰ ਅਤੇ ਸਟੇਜ ਸਕੱਤਰ ਬੀ.ਐੱਸ.ਸੈਣੀ ਨੇ, ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਈਆਂ ਜਥੇਬੰਦਕ ਗਤੀਵਿਧੀਆਂ ਅਤੇ ਪੰਜਾਬ ਸਰਕਾਰ ਦੀਆਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਟਾਲ ਮਟੋਲ ਦੀ ਨੀਤੀ ਬਾਰੇ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਂਇੰਟ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਰੋਲ ਬਾਰੇ ਵੀ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ । ਵਿੱਤ ਸਕੱਤਰ ਰਾਮ ਸਿੰਘ ਕਾਲੜਾ ਨੇ ਪਿਛਲੇ ਦੋ ਸਾਲਾਂ ਦੀ ਵਿੱਤ ਰਿਪੋਰਟ ਪੇਸ਼ ਕੀਤੀ । ਦੋਵੇਂ ਰਿਪੋਰਟਾਂ ਉੱਤੇ ਬਹਿਸ ਕਰਦਿਆਂ ਵੱਖ ਵੱਖ ਯੂਨਿਟਾਂ ਅਤੇ ਅਦਾਰਿਆਂ ਦੇ 23 ਡੈਲੀਗੇਟ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੇ ਅੜੀਅਲ ਅਤੇ ਪੈਨਸ਼ਨਰਜ਼ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।
ਪ੍ਰਧਾਨ ਡਾ: ਐਨ.ਕੇ. ਕਲਸੀ ਨੇ ਬਹਿਸ ਨੂੰ ਸਮੇਟ ਹੋਏ ਸਮੂਹ ਯੂਨਿਟਾਂ ਦੀ ਲੀਡਰਸ਼ਿਪ ਅਤੇ ਡੈਲੀਗੇਟ ਸਾਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਵਿੱਢੇ ਜਾਣ ਵਾਲੇ ਫ਼ੈਸਲਾਕੁਨ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ । ਪ੍ਰਧਾਨਗੀ ਮੰਡਲ ਵੱਲੋਂ ਡੈਲੀਗੇਟ ਹਾਊਸ ਦੀ ਪ੍ਰਵਾਨਗੀ ਲੈਣ ਉਪਰੰਤ ਦੋਵੇਂ ਰਿਪੋਰਟਾਂ ਸਰਬ ਸੰਮਤੀ ਨਾਲ ਪਾਸ ਕੀਤੀਆਂ ਗਈਆਂ ਅਤੇ ਇਹ ਵੀ ਫ਼ੈਸਲਾ ਕੀਤਾ ਗਿਆ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਪੈਨਸ਼ਨਰਾਂ ਦੀਆਂ ਪੇ ਕਮਿਸ਼ਨ ਨਾਲ ਸਬੰਧਿਤ ਭੱਖ ਦੀਆਂ ਮੰਗਾਂ ਜਿਵੇਂ ਕਿ 2.59 ਦੇ ਗੁਣਾਂਕ ਨਾਲ ਪੈਨਸ਼ਨ ਸੋਧੀ ਜਾਵੇ, 66 ਮਹੀਨਿਆਂ ਦਾ ਏਰੀਅਰ ਦਿੱਤਾ ਜਾਵੇ ਅਤੇ 31 ਮਾਰਚ 2024 ਤੱਕ 224 ਮਹੀਨਿਆਂ ਦਾ ਪੈਡਿੰਗ ਡੀ.ਏ. ਦਿੱਤਾ ਜਾਵੇ ਆਦਿ ਦੀ ਪ੍ਰਾਪਤੀ ਲਈ ਮਹਾਂ ਸੰਘ ਵੱਲੋਂ ਅਜ਼ਾਦ ਸੰਘਰਸ਼ ਕੀਤਾ ਜਾਵੇਗਾ ਅਤੇ ਸਾਂਝੇ ਸੰਘਰਸ਼ਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇਗੀ । ਦੋਵੇਂ ਰਿਪੋਰਟਾਂ ਪਾਸ ਹੋਣ ਉਪਰੰਤ ਪ੍ਰਧਾਨ ਡਾ: ਐਨ.ਕੇ.ਕਲਸੀ ਵੱਲੋਂ ਮੌਜ਼ਦਾ ਗਵਰਨਿੰਗ ਬਾਡੀ ਅਤੇ ਕਾਰਜਕਾਰੀ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ । ਜਥੇਬੰਦੀ ਦੀ ਅਗਲੇ ਦੋ ਸਾਲਾਂ ਲਈ ਚੋਣ ਕਰਵਾਉਣ ਲਈ ਸਟੇਜ ਸਕੱਤਰ ਬੀ.ਐੱਸ.ਸੈਣੀ ਵੱਲੋਂ ਹਾਊਸ ਦੀ ਪ੍ਰਵਾਨਗੀ ਨਾਲ ਸ/ਸ਼੍ਰੀ ਸੁੱਚਾ ਸਿੰਘ ਕਲੌੜ ਐਮ.ਸੀ. ਮੋਹਾਲੀ, ਸੁਸ਼ੀਲ ਕੁਮਾਰ ਅਤੇ ਦੇਵੀ ਸਹਾਏ ਟੰਡਨ ਲੁਧਿਆਣਾ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ । ਚੋਣ ਅਧਿਕਾਰੀਆਂ ਵੱਲੋਂ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੇ ਅਹੁੱਦੇ ਲਈ ਨਾਮਜ਼ਦਗੀਆਂ ਮੰਗਣ ਤੇ ਖਰੜ ਯੂਨਿਟ ਦੇ ਡੈਲੀਗੇਟ ਸਾਥੀ ਭਗਤ ਰਾਮ ਰੰਗਾੜਾ ਵੱਲੋਂ ਪ੍ਰਧਾਨ ਦੇ ਅਹੁੱਦੇ ਲਈ ਡਾ: ਐਨ.ਕੇ.ਕਲਸੀ, ਜਨਰਲ ਸਕੱਤਰ ਦੇ ਅਹੁੱਦੇ ਲਈ ਬੀ.ਐੱਸ.ਸੈਣੀ ਅਤੇ ਵਿੱਤ ਸਕੱਤਰ ਦੇ ਅਹੁੱਦੇ ਲਈ ਰਾਮ ਸਿੰਘ ਕਾਲੜਾ ਦੇ ਨਾਮ ਪੇਸ਼ ਕੀਤੇ ਗਏ । ਹਾਊਸ ਵੱਲੋਂ ਤਾੜੀਆਂ ਦੀ ਗੂੰਜ ਅਤੇ ਉੱਚੀ ਅਵਾਜ਼ ਨਾਲ ਇਨ੍ਹਾਂ ਤਿੰਨੇ ਨਾਵਾਂ ਦੀ ਤਾਈਦ ਕੀਤੀ ਗਈ । ਚੋਣ ਅਧਿਕਾਰੀਆਂ ਵੱਲੋਂ ਸ਼੍ਰੀ ਦੇਵੀ ਸਹਾਏ ਟੰਡਨ ਨੇ ਐਲਾਨ ਕੀਤਾ ਕਿ ਸਰਬ ਸੰਮਤੀ ਨਾਲ ਡਾ: ਐਨ.ਕੇ. ਕਲਸੀ ਪ੍ਰਧਾਨ, ਬੀ.ਐੱਸ.ਸੈਣੀ ਜਨਰਲ ਸਕੱਤਰ ਅਤੇ ਰਾਮ ਕਾਲੜਾ ਵਿੱਤ ਸਕੱਤਰ ਚੁਣੇ ਗਏ ਹਨ ਅਤੇ ਗਵਰਨਿੰਗ ਬਾਡੀ ਦੇ ਬਾਕੀ ਅਹੁੱਦੇਦਾਰ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣਨ ਲਈ ਇਨ੍ਹਾਂ ਤਿੰਨਾਂ ਅਹੁਦੇਦਾਰਾਂ ਨੂੰ ਅਧਿਕਾਰ ਦਿੱਤੇ ਗਏ ਹਨ ।