ਕੋਲਡ ਸਟੋਰ ਚੋਂ ਲੀਕ ਹੋਈ ਜਹਿਰੀਲੀ ਗੈਸ ਵੱਡਾ ਹਾਦਸਾ ਹੋਣ ਤੋਂ ਟਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 3 ਅਪ੍ਰੈਲ 2024 : ਬਟਾਲਾ ਦੇ ਇੱਕ ਇਲਾਕੇ ਚ ਦੇਰ ਸ਼ਾਮ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਰਿਹਾਇਸ਼ੀ ਇਲਾਕੇ ਚ ਸਥਿਤ ਕੋਲਡ ਸਟੋਰ ਚ ਜ਼ਹਿਰੀਲੀ ਗੈਸ ਅਮੋਨੀਆ ਲੀਕ ਹੋਣ ਲੱਗ ਪਈ।ਦੇਰ ਸ਼ਾਮ ਕਾਹਨੂੰਵਾਨ ਰੋਡ ਤੋਂ ਕੁਝ ਸਥਾਨਿਕ ਲੋਕਾਂ ਨੇ ਫਾਇਰ ਵਿਭਾਗ ਨੂੰ ਸੂਚਨਾ ਦਿਤੀ ਕਿ ਉਹਨਾਂ ਦੇ ਇਲਾਕੇ ਚ ਸਥਿਤ ਬਰਫ ਬਣਾਉਣ ਵਾਲੀ ਫੈਕਟਰੀ ਵਿੱਚ ਗੈਸ ਲੀਕ ਹੋ ਰਹੀ ਹੈ।ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕੀਤੀ ਤਾਂ ਇਹ ਪਾਇਆ ਗਿਆ ਕਿ ਕੋਲਡ ਸਟੋਰ ਚੋ ਜ਼ਹਿਰੀਲੀ ਗੈਸ ਅਮੋਨੀਆ ਗੈਸ ਲੀਕ ਹੋ ਰਹੀ ਸੀ। ਤੁਰੰਤ ਮਕੈਨਿਕ ਨੂੰ ਸੂਚਿਤ ਕੀਤਾ ਗਿਆ ਤੇ ਮੈਕੇਨਿਕ ਵੀ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਵਲੋਂ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਇਸ ਲੀਕੇਜ਼ ਤੇ ਕਾਬੂ ਪਾ ਲਿਆ ਗਿਆ ।
ਇਸੇ ਇਲਾਕੇ ਚ ਸਾਲ 2018 ਚ ਵੀ ਬਰਫ ਬਣਾਉਣ ਵਾਲੀ ਹੀ ਇੱਕ ਫੈਕਟਰੀ ਚ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ ਅਤੇ ਜਿਸ ਨਾਲ ਕੁਝ ਲੋਕਾਂ ਦੀਆ ਜਾਨਾਂ ਵੀ ਗਈਆਂ ਸਨ ਅਤੇ ਸਥਿਤੀ ਵੀ ਦੋ ਦਿਨ ਬਾਅਦ ਕਾਬੂ ਹੇਠ ਆਈ ਸੀ |
ਉਥੇ ਹੀ ਮੌਕੇ ਉੱਤੇ ਪਹੁੰਚੇ ਫਾਇਰ ਅਫਸਰ ਓੰਕਾਰ ਸਿੰਘ ਅਤੇ ਪੁਲਿਸ ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਸਮਾਂ ਰਹਿੰਦੇ ਸੂਚਨਾ ਮਿਲ ਗਈ ਸੀ ਅਤੇ ਉਹ ਆਪਣੀਆਂ ਟੀਮਾਂ ਨਾਲ ਮੌਕੇ ਤੇ ਪਹੁੰਚ ਗਏ।ਇਕ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਜਦ ਕਿ ਅਮੋਨੀਆ ਗੈਸ ਬਹੁਤ ਖ਼ਤਰਨਾਕ ਗੈਸ ਹੈ ਅਤੇ ਇਸ ਨਾਲ ਲੋਕਾਂ ਲਈ ਵੱਡਾ ਖ਼ਤਰਾ ਹੋ ਸਕਦਾ ਸੀ ਲੇਕਿਨ ਸਥਿਤੀ ਨੂੰ ਕਾਬੂ ਪਾ ਲਿਆ ਗਿਆ ਹੈ।