ਕੈਨੇਡਾ: ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ‘ਤੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
2 ਲੱਖ ਦੇ ਕਰੀਬ ਸਰਧਾਲੂਆਂ ਨੇ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ
ਹਰਦਮ ਮਾਨ
ਸਰੀ, 15 ਅਪ੍ਰੈਲ 2024-ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ। ਨਗਰ ਕੀਰਤਨ ਵਿਚ 2 ਲੱਖ ਦੇ ਕਰੀਬ ਸਿੱਖ ਸ਼ਰਧਾਲੂ ਸ਼ਾਮਲ ਹੋਏ।
ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਵਿਖੇ ਭੋਗ ਪੈਣ ਉਪਰੰਤ ਸਵੇਰੇ 10 ਵਜੇ ਨਗਰ ਕੀਰਤਨ ਰਵਾਨਾ ਹੋਇਆ। ਗੁਰੂ ਗਰੰਥ ਸਾਹਿਬ ਦੀ ਪਾਲਕੀ ਨੂੰ ਬੇਹੱਦ ਸ਼ਰਧਾ ਨਾਲ ਸਜਾਇਆ ਗਿਆ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸ਼ਰਧਾਲੂਆਂ ਵੱਲੋਂ ਥਾਂ ਥਾਂ ਵੱਖ ਵੱਖ ਪਕਵਾਨਾ ਦੇ ਲੰਗਰ ਲਾਏ ਗਏ ਸਨ। ਸੱਭਿਆਚਾਰ ਕਲੱਬਾਂ ਵੱਲੋਂ ਆਪੋ ਆਪਣੇ ਸਟਾਲ ਲਾਏ ਗਏ। ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਹਰ ਸਾਲ ਵਾਂਗ ਨਗਰ ਕੀਰਤਨ ਦੀ ਸ਼ੋਭਾ ਵਿਚ ਵਧਾਈ ਗਈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ, ਕਈ ਮੰਤਰੀ ਅਤੇ ਐਮਐਲਏ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਸਿੱਖ ਸੰਗਤ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।
ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿਚ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ 4 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੰਨ ਹੋਇਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਨਗਰ ਕੀਰਤਨ ਲਈ ਸੰਗਤਾਂ ਵੱਲੋਂ ਪ੍ਰਗਟਾਏ ਉਤਸ਼ਾਹ, ਸ਼ਰਧਾ ਅਤੇ ਸਹਿਯੋਗ ਲਈ ਸਮੂਹ ਸੰਗਤ ਦਾ ਧੰਨਵਾਦ ਕੀਤਾ ਅਤੇ ਸਮੂਹ ਲੋਕਾਈ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।