ਸਵੇਰੇ ਮੋਬਾਇਲ ਦੁਕਾਨ ਤੇ ਹੋਈ ਚੋਰੀ ਪੁਲਿਸ ਨੇ ਸੁਲਝਾਈ
ਦੋ ਚੋਰਾਂ ਸਮੇਤ ਚੋਰੀ ਦਾ ਮਾਲ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ ,15 ਅਪ੍ਰੈਲ 2024 : ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਦੀ ਲਗਾਤਾਰ ਮੀਡੀਆ ਅਤੇ ਸਥਾਨਕ ਲੋਕਾਂ ਵਿੱਚ ਕਿਰਕਰੀ ਹੋ ਰਹੀ ਸੀ ਉੱਥੇ ਹੀ ਸਵੇਰੇ ਤੜਕਸਾਰ ਹੋਈ ਚੋਰੀ ਦੀ ਵਾਰਦਾਤ ਕੁਝ ਹੀ ਘੰਟੀਆਂ ਵਿੱਚ ਸੁਲਝਾਉਣ ਕਾਰਨ ਹੁਢ ਪੁਲਿਸ ਦੀਆ ਤਾਰੀਫਾਂ ਵੀ ਹੋ ਰਹੀਆਂ ਹਨ। ਹਾਲਾਂਕਿ ਚੋਰੀ ਦੀ ਸਿਰਫ ਇੱਕ ਹੀ ਵਾਰਦਾਤ ਸੁਲਝਾਈ ਗਈ ਹੈ , ਬਾਕੀਆਂ ਤੋਂ ਪਰਦਾ ਚੁੱਕਿਆ ਜਾਣਾ ਹਜੇ ਬਾਕੀ ਹੈ ਪਰ ਸ਼ਹਿਰ ਨਿਵਾਸੀ ਉਮੀਦ ਜਤਾ ਰਹੇ ਹਨ ਕਿ ਬੀਤੀ ਸ਼ਾਮ ਦੋ ਚੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਕੁਝ ਹੋਰ ਚੋਰੀਆਂ ਦੀਆ ਵਾਰਦਾਤਾਂ ਵੀ ਸੁਲਝਾ ਸਕਦੀ ਹੈ।
ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਜੀ.ਟੀ ਰੋਡ ਪੁਰਾਣੀ ਕਣਕ ਮੰਡੀ ਗੁਰਦਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਘਰ ਦੇ ਥੱਲੇ ਹੀ ਮਹਾਜਨ ਇਲੈਕਟ੍ਰੋਨਿਕ ਦੇ ਨਾਮ ਤੇ ਮੋਬਾਇਲ ਰਿਪੇਅਰ ਅਤੇ ਨਵੇਂ ਮੋਬਾਇਲ ਵੇਚਣ ਦਾ ਕੰਮ ਕਰਦਾ ਹੈ। 13 ਅਪ੍ਰੈਲ ਵਾਲੇ ਦਿਨ ਵਿਸਾਖੀ ਦੀ ਰਾਤ ਨੂੰ 9 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲਾ ਗਿਆ ਸੀ ਪਰ ਅਗਲੇ ਦਿਨ ਸਵੇਰੇ 10:30 ਵਜੇ ਦੇ ਕਰੀਬ ਜਦੋਂ ਉਸ ਨੇ ਦੁਕਾਨ ਦਾ ਸਟਰ ਖੋਲਿਆ ਤਾਂ ਦੁਕਾਨ ਦੇ ਅੰਦਰੋ ਦੇਖਿਆ ਕਿ ਖਾਲੀ ਪਲਾਟ ਵਾਲੇ ਪਸਿਉਂ ਨਾਮਾਲੂਮ ਵਿਅਕਤੀ ਸ਼ੰਨ ਲਾ ਕੇ ਕੰਧ ਪਾੜ ਕੇ ਦੁਕਾਨ ਦੇ ਅੰਦਰੋ ਨਵੇਂ ਟੱਚ ਅਤੇ ਕੀਪੈਡ ਵਾਲੇ ਮੋਬਾਇਲ ਫੋਨ ਅਤੇ ਗੱਲੇ ਵਿਚੋ 40 ਹਜਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਸਨ।
ਬਾਅਦ ਵਿੱਚ ਦੁਕਾਨ ਅੰਦਰ ਸੀਸੀਟੀਵੀ ਕੈਮਰੇ ਚੈਕ ਕਰਨ ਤੇ ਇੱਕ ਨੌਜਵਾਨ ਨਜਰ ਆਇਆ ਜੋ ਦੁਕਾਨ ਦੇ ਅੰਦਰੋ ਮੋਬਾਇਲ ਅਤੇ ਨਗਦੀ ਚੋਰੀ ਕਰ ਰਿਹਾ ਸੀ। ਉਸ ਦਾ ਇੱਕ ਸਾਥੀ ਦੁਕਾਨ ਦੇ ਬਾਹਰ ਖੜਾ ਨਿਗਰਾਨੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਦੀ ਰਾਤ ਨੂੰ ਵੀ ਸ਼ਹਿਰ ਦੇ ਭੀੜਭਾੜ ਵਾਲੇ ਸਦਰ ਬਾਜ਼ਾਰ ਵਿੱਚ ਵੀ ਮੋਬਾਇਲ ਫੋਨ ਦੀ ਦੁਕਾਨ ਤੇ ਚੋਰਾ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਰਪੂਰ ਰੋਸ ਵੇਖਣ ਨੂੰ ਮਿਲ ਰਿਹਾ ਸੀ। ਇੱਕ ਹੋਰ ਵਾਰਦਾਤ ਦੀ ਚੁਣੌਤੀ ਪੁਲਿਸ ਨੂੰ ਮਿਲਣ ਤੇ ਪੁਲਿਸ ਨੇ ਮੁਖਤੈਦੀ ਨਾਲ ਕੰਮ ਕੀਤਾ।
ਐਸਐਚਓ ਥਾਨਾ ਸਿਟੀ ਗੁਰਦਾਸਪੁਰ ਹਰ ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ ਤੇ ਸੀਸੀਟੀਵੀ ਦੇ ਆਧਾਰ ਤੇ ਅਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਤਫਤੀਸੀ ਅਫਸਰ ਸੁਸੀਲ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਦੋਸੀਆਂ ਕੋਲੋ 14 ਮੋਬਾਇਲ ਟੱਚ ਸਕਰੀਨ ਅਤੇ ਕੀ-ਪੈਡ ਵਾਲੇ ਬਰਾਮਦ ਕਰ ਲਏ ਹਨ। ਦੋਸ਼ੀਆਂ ਦੀ ਪਹਿਚਾਨ ਅਮਨਦੀਪ ਅਮਨ ਪੁੱਤਰ ਪ੍ਰਕਾਸ ਚੰਦ ਵਾਸੀ ਮੁਹੱਲਾ ਬੇਰੀਆ ਦੀਨਾਨਗਰ ਅਤੇ ਕਮਲ ਕੁਮਾਰ ਸੋਨੂੰ ਪੁੱਤਰ ਰਮੇਸ਼ ਕੁਮਾਰ ਵਾਸੀ ਕਾਨਵਾਂ ਥਾਣਾ ਸਦਰ ਪਠਾਨਕੋਟ ਦੇ ਤੌਰ ਤੇ ਹੋਈ ਹੈ ਜੋ ਇਸ ਵੇਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ, ਸੈਕਟਰੀ ਮੁਹੱਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ । ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਤੇ ਇਹਨਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।