ਸੰਗਰੂਰ ਦੀ ਟਿਕਟ ਨੂੰ ਲੈ ਕੇ ਸੁਖਬੀਰ ਦੇ ਫ਼ੈਸਲੇ ਤੋਂ ਢੀਂਡਸਾ ਪਰਿਵਾਰ ਦੇ ਹਮਾਇਤੀ ਅਤੇ ਆਮ ਲੋਕ ਹੈਰਾਨ ਤੇ ਪ੍ਰੇਸ਼ਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 14 ਅਪ੍ਰੈਲ 2024- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਕਾਰਨ ਢੀਂਡਸਾ ਪਰਿਵਾਰ ਦੇ ਹਮਾਇਤੀ ਮਾਯੂਸੀ ਦੇ ਆਲਮ 'ਚ ਹੀ ਨਹੀਂ, ਸਗੋਂ ਹੈਰਾਨ ਤੇ ਪ੍ਰੇਸ਼ਾਨ ਵੀ ਹਨ, ਅਜੇ ਕੁਝ ਦਿਨ ਪਹਿਲਾਂ ਹੀ ਸੰਯੁਕਤ ਅਕਾਲੀ ਦਲ ਦਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਹੋਇਆ ਸੀ ਅਤੇ ਸਿਆਸਤ 'ਚ ਸੁਖਦੇਵ ਸਿੰਘ ਢੀਂਡਸਾ ਦੇ ਕੱਦ ਨੂੰ ਵੇਖਦੇ ਹੋਏ ਢੀਂਡਸਾ ਹਮਾਇਤੀ ਹੀ ਨਹੀਂ ਸਗੋਂ ਅਕਾਲੀ ਦਲ ਦੇ ਹਮਾਇਤੀ ਕਦੇ ਇਹ ਸੋਚ ਵੀ ਨਹੀਂ ਸਕਦੇ ਸੀ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੀ ਜਾਵੇਗੀ।
ਸਿਆਸਤ 'ਚ ਭਾਵੇਂ ਸਭ ਕੁਝ ਜਾਇਜ਼ ਮੰਨਿਆ ਜਾਂਦਾ ਹੈ ਪਰ ਢੀਂਡਸਾ ਪਰਿਵਾਰ ਨੂੰ ਐਡਾ ਵੱਡਾ ਝਟਕਾ ਲੱਗੇਗਾ, ਕੋਈ ਸੋਚ ਵੀ ਨਹੀਂ ਸਕਦਾ ਸੀ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਅਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਬਕਾਇਦਾ ਤੌਰ ਤੇ ਆਪਣੀ ਟਿਕਟ ਪੱਕੀ ਸਮਝਦਿਆਂ ਚੋਣ ਪ੍ਰਚਾਰ ਵੀ ਆਰੰਭ ਕਰ ਦਿੱਤਾ ਸੀ ਜਿਸ ਲਈ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਆਪਣੇ ਸ਼ੁਭਚਿੰਤਕਾ ਦੇ ਘਰਾਂ ਅੰਦਰ ਅਤੇ ਆਪਣੇ ਸ਼ੁਭ ਚਿੰਤਕਾਂ ਦੇ ਘਰਾਂ ਅੰਦਰ ਮਲੇਰਕੋਟਲਾ ਦੀਆਂ ਫੇਰੀਆਂ ਗਵਾਹੀ ਭਰਦੀਆਂ ਹਨ ਜਿਸ ਲਈ ਲੋਕਾਂ ਅੰਦਰ ਆਮ ਚਰਚਾ ਸੀ ਕਿ ਜਿਸ ਦਾ ਵੀ ਮੁਕਾਬਲਾ ਹੋਵੇਗਾ ਉਹ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਹੀ ਹੋਵੇਗਾ ।
ਸ਼੍ਰੋਮਣੀ ਅਕਾਲੀ ਦਲ 'ਚ ਰਲੇਵਾਂ ਤੋਂ ਪਹਿਲਾਂ ਸੰਯੁਕਤ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਸੀ ਅਤੇ ਰਲੇਵੇਂ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਵਲੋਂ ਵੀ ਅੱਗੇ ਵੱਧ ਕੇ ਮੋਦੀ ਸਰਕਾਰ ਵਿਰੁੱਧ ਬਿਆਨਬਾਜ਼ੀ ਕੀਤੀ ਗਈ, ਸੋ ਹੁਣ ਢੀਂਡਸਾ ਪਰਿਵਾਰ ਦੇ ਹਾਲਾਤ ਅਜਿਹੇ ਬਣ ਚੁੱਕੇ ਨਾਲ ਨਾ ਤਾਂ ਅੱਗੇ ਜਾ ਸਕਦੇ ਹਨ ਅਤੇ ਨਾ ਹੀ ਸੁਖਦੇਵ ਸਿੰਘ ਢੀਂਡਸਾ ਦੇ ਭਾਜਪਾ ਦੇ ਸਿਖਰਲੀ ਕਤਾਰ ਦੇ ਆਗੂਆਂ ਨਾਲ ਸਬੰਧ ਕਾਫੀ ਚੰਗੇ ਰਹੇ ਸਨ, ਸੋ ਜੇਕਰ ਅਕਾਲੀ ਦਲ ਨਾਲ ਰਲੇਵਾਂ ਕਰਨ ਦੀ ਬਜਾਏ ਢੀਂਡਸਾ ਗਰੁੱਪ ਭਾਜਪਾ ਨਾਲ ਗਠਜੋੜ ਨਾ ਤੋੜਦੇ ਤਾਂ ਵੀ ਢੀਂਡਸਾ ਪਰਿਵਾਰ ਦਾ ਸਿਆਸਤ 'ਚ ਦਬਦਬਾ ਕਾਇਮ ਰਹਿਣਾ ਸੀ ਪਰ ਸੁਖਬੀਰ ਨੇ ਇਕ ਝਟਕੇ 'ਚ ਹੀ ਢੀਂਡਸਾ ਪਰਿਵਾਰ ਲਈ ਸਭ ਕੁਝ ਉਲਟ ਕਰ ਦਿੱਤਾ ਹੈ।