ਕਿਸਾਨ ਆਗੂਆਂ ਨੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗਾਂ ਸਬੰਧੀ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ,15 ਅਪ੍ਰੈਲ 2024: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਪਿੰਡ ਮਲੂਕਾ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਦੌਰਾਨ ਬਠਿੰਡਾ ਵਿਖੇ ਚਾਰ ਅਪ੍ਰੈਲ ਤੋਂ ਲੱਗੇ ਮੋਰਚੇ ਦੀਆਂ ਗੈਸ ਪਾਈਪ ਲਾਈਨਾਂ , ਗੜੇਮਾਰੀ ਕਾਰਨ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਆਦਿ ਮੰਗਾਂ ਸਬੰਧੀ ਮੰਗ ਪੱਤਰ ਦੇਕੇ ਇਹਨਾਂ ਮੰਗਾਂ ਸਬੰਧੀ ਚਰਚਾ ਕੀਤੀ। ਕਰਮਜੀਤ ਅਨਮੋਲ ਨੇ ਵਿਸ਼ਵਾਸ ਦਵਾਇਆ ਕਿ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਕੇ ਮੰਗਾਂ ਦਾ ਫੌਰੀ ਹੱਲ ਕਰਵਾਇਆ ਜਾਵੇਗਾ ।
ਬਠਿੰਡਾ ਵਿਖੇ ਲੱਗੇ ਮੋਰਚੇ ਨੂੰ ਸੰਬੋਧਨ ਕਰਦਿਆਂ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਡੇਢ ਮਹੀਨਾ ਪਹਿਲਾਂ ਹੋਈ ਗੜੇਮਾਰੀ ਤੇ ਤੂਫਾਨ ਕਾਰਨ ਫਸਲਾਂ , ਸੈੱਡਾਂ ਸਮੇਤ ਹੋਰ ਖਰਾਬ ਹੋਏ ਨੁਕਸਾਨ ਦਾ ਮੁਆਵਜ਼ਾ ਤਾਂ ਕੀ ਦੇਣਾ ਸੀ, ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਤੱਕ ਕਣਕ ਦੇ ਹੋਏ ਖਰਾਬੇ ਦੀਆਂ ਹੋਈਆਂ ਲਿਸਟਾਂ ਵਿੱਚ ਪਿੰਡ ਬੁਰਜ ਮਹਿਮਾ ਦੇ ਪਿੰਡ ਦੇ ਨੁਕਸਾਨ ਨੂੰ ਛੱਡ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ (ਗੈਸ ਪਾਈਪ ਲਾਈਨ ਕੰਪਨੀ ਦਾ ਕਿਸਾਨਾਂ ਨਾਲ ਕੀਤਾ ਸਮਝੌਤਾ ਲਾਗੂ ਕਰਵਾਵੇ ਅਤੇ ਜੋ ਤੇ ਪਿੰਡ ਢੱਡੇ ਕੋਲ ਤੇਲ ਪਾਈਪ ਲਾਈਨ ਲੰਘ ਰਹੀ ਹੈ ਉਸ ਦਾ ਵੀ ਪੂਰਾ ਮੁਆਵਜਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਵਾਰ ਭਾਰੀ ਤੂਫਾਨ ਅਤੇ ਗੜੇਮਾਰੀ ਕਾਰਨ ਫਸਲਾਂ, ਘਰਾਂ ਅਤੇ ਕੈਟਲ ਸੈੱਡਾਂ ਦਾ ਨੁਕਸਾਨ ਹੋ ਗਿਆ ਹੈ। ਇਸ ਦੀ ਗੁਰਦਾਵਰੀ ਅਤੇ ਪੜਤਾਲ ਕਰਵਾ ਕੇ ਤੁਰੰਤ ਮੁਆਵਜਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਗੜ ਭੂੰਦੜ, ਕੋਟਭਾਰਾ ਅਤੇ ਕੋਟਫੱਤੇ ਦੇ ਕਿਸਾਨਾਂ ਜੀ ਜਮੀਨਾਂ ਟੇਲਾਂ ਤੇ ਹੋਣ ਕਾਰਨ ਪਾਣੀ ਨਹੀਂ ਪਹੁੰਚਦਾ ਇਸ ਲਈ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ, ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜਮੀਨ ਦਾ ਸਾਰੇ ਕਿਸਾਨਾਂ ਨੂੰ ਤਕਸੀਮਾਂ ਦੇ ਝਗੜੇ ਨਿਬੇੜ ਕੇ ਪੂਰਾ ਮੁਆਵਜਾ ਦਿਵਾਇਆ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਰਾਏ ਕੇ ਕਲਾਂ ਸਮੇਤ ਹੋਰ ਪਿੰਡਾਂ ਵਿੱਚ ਵੀ ਪਸ਼ੂਆ ਚਾ ਪਈ ਤਿਆਨਕ ਬਿਮਾਰੀ ਕਾਰਨ ਸੈਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਬਿਮਾਰੀ ਨੂੰ ਕਾਬੂ ਕੀਤਾ ਜਾਵੇ,ਪਾਣੀ ਦੇ ਲੈਵਲ ਨੂੰ ਸਥਿਰ ਰੱਖਣ ਲਈ ਝੋਨੇ ਦੀ ਬਦਲਵੀ ਫਸਲ ਵਜੋਂ ਨਰਮੇ ਦੇ ਰੋਗ ਰਹਿਤ ਵਧੀਆ ਬੀਜ ਮੁਹੱਈਆ ਕਰਵਾਏ ਜਾਣ ਉਕਤ ਮੰਗਾਂ ਤੁਰੰਤ ਪੂਰੀਆਂ ਕਰੇ ਨਹੀਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ, ਉਮੀਦਵਾਰਾਂ ਤੇ ਮੰਤਰੀਆਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਮੋਰਚੇ ਵਿੱਚ 18 ਤਰੀਕ ਨੂੰ ਔਰਤਾਂ ਦਾ ਵੱਡਾ ਇਕੱਠ ਕਰਨ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਜਾਰੀ ਹੈ। ਅੱਜ ਦੇ ਇਕੱਠ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਹਰਪ੍ਰੀਤ ਸਿੰਘ ਚੱਠੇਵਾਲਾ, ਗੁਰਜੀਤ ਸਿੰਘ ਬੰਗੇਹਰ, ਜਰਨੈਲ ਸਿੰਘ ਵੀ ਸ਼ਾਮਲ ਸਨ।