ਮੇਲੇ ਵਿੱਚ ਮੋਢੇ ਨਾਲ ਮੋਢਾ ਖਹਿ ਜਾਣ ਕਾਰਨ ਨੌਜਵਾਨ ਦਾ ਕਤਲ, ਦੋ ਭਰਾਵਾਂ ਸਣੇ ਤਿੰਨ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 15 ਅਪ੍ਰੈਲ 2024 - ਇੱਥੋਂ 8 ਕਿਲੋਮੀਟਰ ਦੂਰ ਪੰਡੋਰੀ ਧਾਮ ਵਿੱਚ ਵਿਸਾਖੀ ਦੇ ਮੇਲੇ ਦੌਰਾਨ ਮੋਢਾ ਨਾਲ ਮੋਢਾ ਖਹਿਣ ਮਗਰੋਂ ਇੱਕ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ । ਮ੍ਰਿਤਕ ਰਾਜੂ (30) ਪੁੱਤਰ ਪੁੱਤਰ ਭੀਮ ਨਰਾਇਣ ਮੂਲ ਰੂਪ ਵਿੱਚ ਮਥੁਰਾ ਦੇ ਪਿੰਡ ਧਰੋਲੀ ਦਾ ਰਹਿਣ ਵਾਲਾ ਸੀ ਅਤੇ ਨਗਰ ਕੌਂਸਲ, ਗੁਰਦਾਸਪੁਰ ਵਿੱਚ ਠੇਕੇ ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ ।
ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚਚੇਰੇ ਭਰਾਵਾਂ ਦੇ ਪਰਿਵਾਰਾਂ ਨਾਲ ਐਤਵਾਰ ਨੂੰ ਪੰਡੋਰੀ ਧਾਮ ਮੇਲਾ ਵੇਖਣ ਗਏ ਸਨ । ਸ਼ਾਮ 5.30 ਵਜੇ ਦੇ ਕਰੀਬ ਮੇਲੇ ਵਿੱਚ ਉਨ੍ਹਾਂ ਨਾਲ ਮੌਜੂਦ ਇੱਕ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ । ਇਸ ਮਗਰੋਂ ਅੱਧੀ ਦਰਜਨ ਨੌਜਵਾਨਾਂ ਨੇ ਰਾਜੂ ਦੇ ਪਰਿਵਾਰ ਨਾਲ ਗਾਲ਼ੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ । ਰਾਹੁਲ ਅਨੁਸਾਰ ਉਨ੍ਹਾਂ ਇਨ੍ਹਾਂ ਨੌਜਵਾਨਾਂ ਤੋਂ ਮੁਆਫ਼ੀ ਵੀ ਮੰਗੀ ਪਰ ਇੱਕ ਨੌਜਵਾਨ ਨੇ ਦਾਤਰ ਨਾਲ ਹਮਲਾ ਕਰ ਕੇ ਰਾਜੂ ਦਾ ਗਲ਼ਾ ਵੱਢ ਦਿੱਤਾ । ਪੀੜਤ ਪਰਿਵਾਰ ਨੇ ਦੱਸਿਆ ਕਿ ਮੌਕੇ ਤੇ ਪੁਲੀਸ ਕਰਮਚਾਰੀ ਵੀ ਮੌਜੂਦ ਸਨ ਪਰ ਉਨ੍ਹਾਂ ਦਖ਼ਲ ਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਜ਼ਖ਼ਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕੋਈ ਮਦਦ ਕੀਤੀ । ਗੰਭੀਰ ਹਾਲਤ ਵਿੱਚ ਜ਼ਖ਼ਮੀ ਰਾਜੂ ਨੂੰ ਉਹ ਆਪ ਮੋਟਰਸਾਈਕਲ ਤੇ ਇੱਕ ਨਿੱਜੀ ਹਸਪਤਾਲ ਲੈ ਕੇ ਗਿਆ ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ । ਸਰਕਾਰੀ ਹਸਪਤਾਲ ਵਿੱਚੋਂ ਵੀ ਉਸ ਨੂੰ ਇੱਕ ਹੋਰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਹ ਦਮ ਤੋੜ ਗਿਆ ।
ਦੂਜੇ ਪਾਸੇ ਸਬੰਧਤ ਥਾਣਾ ਪੁਰਾਣਾ ਸ਼ਾਲਾ ਦੇ ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਵਿੱਚ ਪਿੰਡ ਸਾਹੋਵਾਲ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਰਾਜੂ ਮਸੀਹ, ਰਾਹੁਲ ਮਸੀਹ (ਦੋਵੇਂ ਭਰਾ) ਪੁੱਤਰ ਰਾਜ ਮਸੀਹ ਅਤੇ ਅਮਨ ਕੁਮਾਰ ਪੁੱਤਰ ਹਰਭਜਨ ਲਾਲ ਫਰੀ ਵਾਲੇ ਭਾਈ ਨੂੰ ਗਿਰਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।