ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਣ ਮੁਕਤ ਹੋਣ ਨਾਲ ਹੀ ਸਾਰਾ ਸੰਸਾਰ ਹਸਦਾ ਵਸਦਾ ਰਹਿ ਸਕਦਾ ਹੈ: ਸੰਤ ਸੀਚੇਵਾਲ
- ਮੈਂ ਮਸੀਹਾ ਦੇਖਿਆ ਯਾਰ ਤੇਰੇ ਸ਼ਹਿਰ ਦਾ …
- ਪੰਜਾਬੀ ਭਾਸ਼ਾ ਨੂੰ ਨਿਵਾਜਿਆ ਹੈ ਗੁਰੂਆਂ ਦੀ ਕਲਮ ਨੇ, ਖਤਰਾ ਇਸ ਉਪਰ ਕੋਈ ਮੰਡਰਾ ਨਹੀ ਸਕਦਾ…
- ਵਿਸਾਖੀ ਨੂੰ ਸਮਰਪਿਤ ਪਵਿੱਤਰ ਵੇਂਈ ਕਿਨਾਰੇ ਕਰਵਾਇਆ ਗਿਆ ਕੀਰਤਨ ਤੇ ਕਵੀ ਦਰਬਾਰ
- ਅਸੀ ਕੇਵਲ ਵੇਈਂਆਂ ਤੇ ਦਰਿਆਵਾਂ ਨੂੰ ਹੀ ਪ੍ਰਦੂਸ਼ਿਤ ਕੀਤਾ ਸਗੋਂ ਆਪਣੀ ਮਾਂ ਬੋਲੀ ਵੱਲ ਵੀ ਪਿੱਠ ਕਰਕੇ ਖੜ੍ਹ ਗਏ ਹਾਂ: ਮੋਤਾ ਸਿੰਘ ਸਰਾਏ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 15 ਅਪ੍ਰੈਲ 2024 - ਵਿਸਾਖੀ ਨੂੰ ਸਮਰਪਿਤ ਪਵਿੱਤਰ ਵੇਂਈ ਕਿਨਾਰੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ 20 ਤੋਂ ਵੱਧ ਕਵੀਆਂ ਵੱਲੋਂ ਭਾਗ ਲਿਆ ਗਿਆ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਕਵੀ ਦਰਬਾਰ ਦੌਰਾਨ ਪੰਜਾਬੀ ਸੱਥ ਯੂ.ਕੇ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਆਪਣੇ ਸੰਬੋਧਨ ਰਾਹੀ ਬਲੇਮ ਗੇਮ ਦਾ ਜ਼ਿਕਰ ਕਰਦਿਆ ਕਿਹਾ ਕਿ ਸੰਤ ਸੀਚੇਵਾਲ ਨੇ ਇਹਨਾਂ ਸ਼ਬਦਾਂ ਤੋਂ ਉਪਰ ਉਠ ਕਿ ਜੋ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਂਈ ਦੀ ਕਾਰਸੇਵਾ ਕਰਕੇ ਦੁਨੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਅਸੀ ਕੇਵਲ ਵੇਈਂਆਂ ਤੇ ਦਰਿਆਵਾਂ ਨੂੰ ਹੀ ਪ੍ਰਦੂਸ਼ਿਤ ਕੀਤਾ ਸਗੋਂ ਆਪਣੀ ਮਾਂ ਬੋਲੀ ਵੱਲ ਵੀ ਪਿੱਠ ਕਰਕੇ ਖੜ੍ਹ ਗਏ ਹਾਂ। ਉਹਨਾਂ ਕਿਹਾ ਕਿ ਸਾਨੂੰ ਅੱਜ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਪਰਾਲੇ ਕਰਨ ਦੀ ਲੋੜ ਹੈ।
ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆ ਹੋਇਆ ਸ. ਮੁਖਤਿਆਰ ਸਿੰਘ ਚੰਦੀ ਵੱਲੋਂ ਮਨੁੱਖਤਾ ਅਤੇ ਖਾਲਸਾ ਪੰਥ ਬਾਰੇ ਰਚਨਾ ਪੇਸ਼ ਕਰਕੇ ਕੀਤੀ ਗਈ। ਮੈਂ ਮਸੀਹਾ ਦੇਖਿਆ ਯਾਰ ਤੇਰੇ ਸ਼ਹਿਰ ਦਾ.. ਸੰਤ ਸਿੰਘ ਸੰਧੂ ਵੱਲੋਂ ਆਪਣੀ ਰਚਨਾ ਵਿੱਚ ਸੰਤ ਸੀਚੇਵਾਲ ਤੇ ਉਹਨਾਂ ਦੀ ਸੰਗਤ ਵੱਲੋਂ ਕੀਤੇ ਕਾਰਜਾਂ ਦੀ ਉਸਤਤ ਕੀਤੀ ਗਈ। ਇਸੇ ਤਰ੍ਹਾਂ ਕਲਵੰਤ ਸਿੰਘ ਔਜਲਾ ਵੱਲੋਂ ਪੰਜਾਬ ਦਾ ਖਾਬ, ਲਾਡੀ ਭੁਲੱਰ ਵੱਲੋਂ ਕੇਸਗੜ੍ਹ ਤੇ ਹਾੜੀ, ਗੁਰਮੈਲ ਜੈਨਪੁਰੀ ਵੱਲੋਂ ਜ਼ੋਰ ਜ਼ੁਲਮ ਤੇ ਤਰਸ ਅਤੇ ਕੁਲਵਿੰਦਰ ਕੌਰ ਕੰਵਲ ਵੱਲੋਂ ਅਮਨ ਏਕਤਾ ਰਾਹੀ ਖੁਸੀਆਂ, ਵਰਗੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਆਏ ਹੋਏ ਕਵੀਆਂ ਵੱਲੋਂ ਵੱਲੋਂ ਆਪਣੀਆਂ ਰਚਨਾਵਾਂ ਰਾਹੀ ਮਨੁੱੁਖ ਦੀਆਂ ਕੁਦਰਤ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਤੇ ਪਾਣੀ ਦੀ ਸਾਂਭ ਸੰਭਾਲ ਨੂੰ ਲੈ ਕੇ ਰਚਨਾਵਾਂ ਪੇਸ਼ ਕੀਤੀਆਂ। ਪੰਜਾਬੀ ਭਾਸ਼ਾ ਨੂੰ ਨਿਵਾਜਿਆ ਹੈ ਗੁਰੂਆਂ ਦੀ ਕਲਮ ਨੇ, ਖਤਰਾ ਇਸ ਉਪਰ ਕੋਈ ਮੰਡਰਾ ਨਹੀ ਸਕਦਾ ਰਾਹੀ ਰਵਿੰਦਰ ਰੌਕੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸੰਭਾਲਣ ਉਪਰ ਜ਼ੋਰ ਦਿੱਤਾ ਗਿਆ। ਕਵੀ ਦਰਬਾਰ ਤੋਂ ਪਹਿਲਾਂ ਪਵਿੱਤਰ ਵੇਂਈ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜੀ ਰੱਖਿਆ।
ਇਸ ਮੌਕੇ ਆਏ ਕਵੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵੇਂਈ ਦੀ ਕਾਰਸੇਵਾ ਤੋਂ ਲੈ ਕੇ ਹੁਣ ਤੱਕ ਇਹਨਾਂ ਕਵੀਆਂ ਵੱਲੋਂ ਸੇਵਾ ਦੇ ਕਾਰਜਾਂ ਵਿੱਚ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕਵੀਆਂ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਰਚਨਾਵਾਂ ਰਾਹੀ ਜਿੱਥੇ ਸਮੇਂ-ਸਮੇਂ ਤੇ ਸਮਾਜ ਦੇ ਲੋਕਾਂ ਆਪਣੀਆਂ ਰਚਨਾਵਾਂ ਰਾਹੀ ਗੱਲ ਪਹੁੰਚਾਈ ਹੈ ਉੱਥੇ ਹੀ ਲੋਕਾਂ ਕੁਦਰਤ ਤੇ ਇਸਦੀ ਹੋ ਰਹੀ ਦੁਰਦਸ਼ਾ ਨੂੰ ਲੈ ਕੇ ਵੰਗਾਰਿਆ ਹੈ। ਉਹਨਾਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਪ੍ਰਦੂਸ਼ਣ ਮੁਕਤ ਹੋਣ ਨਾਲ ਹੀ ਸਾਰਾ ਸੰਸਾਰ ਹਸਦਾ ਵਸਦਾ ਰਹਿ ਸਕਦਾ ਹੈ। ਸੰਤ ਸੀਚੇਵਾਲ ਵੱਲੋਂ ਆਈਆਂ ਕਵੀਆਂ ਨੂੰ ਸਿਰਪਾਓ ਤੇ ਬੂਟਿਆਂ ਦਾ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸੈਕਟਰੀ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਵੱਲੋਂ ਨਿਭਾਈ ਗਈ।
ਇਸ ਮੌਕੇ ਸੰਤ ਗੁਰਮੇਜ਼ ਸਿੰਘ, ਕੁਲਵਿੰਦਰ ਸਿੰਘ ਸਰਾਏ, ਬਹਾਦਰ ਸਿੰਘ ਸੰਧੂ, ਸੁਰਜੀਤ ਸਿੰਘ ਸ਼ੰਟੀ, ਪਿਆਰਾ ਸਿੰਘ ਗ੍ਰੰਥੀ, ਗੁਰਦੀਪ ਸਿੰਘ ਖੁਰਾਣਾ, ਸਵਰਨ ਸਿੰਘ, ਬਲਵੀਰ ਸ਼ੇਰਪੁਰੀ, ਗੁਰਭਜਨ ਸਿੰਘ ਲਾਸਾਨੀ, ਜਾਪ ਕੋਰ, ਸਵਰਨ ਸਿੰਘ ਔਜਲਾ, ਬੂਟਾ ਸਿੰਘ, ਹਰਦੇਵ ਸਿੰਘ ਭੁੱਲਰ, ਕੰਵਰ ਇਕਬਾਲ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਰਵਿੰਦਰਪਾਲ, ਬੁੱਕਣ ਸਿੰਘ, ਮੇਜ਼ਰ ਸਿੰਘ ਆਦਿ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਰਹੇ।