ਵਰਕਰ ਮੀਟਿੰਗ ਲਈ ਜੈਤੋ ਆਏ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਵਿਰੋਧ
ਅਸ਼ੋਕ ਵਰਮਾ
ਜੈਤੋ, 15 ਅਪਰੈਲ 2024:ਕਰੀਬ ਅੱਧੀ ਦਰਜਨ ਕਿਸਾਨ ਸੰਗਠਨਾਂ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਆਮਦ ਦਾ ਵਿਰੋਧ ਕੀਤਾ ਗਿਆ। ਜਿਸ ਜਗ੍ਹਾ ’ਤੇ ਉਨ੍ਹਾਂ ਆਉਣਾ ਸੀ, ਉਸ ਤੋਂ ਕੁਝ ਦੂਰੀ ’ਤੇ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਪੁਲੀਸ ਨਫ਼ਰੀ ਅਤੇ ਆਹਲਾ ਅਧਿਕਾਰੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਤਾਇਨਾਤ ਸਨ। ਜਿਉਂ ਹੀ ਸ੍ਰੀ ਹੰਸ ਦੀਆਂ ਗੱਡੀਆਂ ਦਾ ਕਾਫ਼ਲਾ ਆਇਆ ਤਾਂ ਸੜਕ ਕਿਨਾਰੇ ਖੜ੍ਹੇ ਕਿਸਾਨਾਂ ਨੇ ਕਾਲੇ ਝੰਡੇ ਵਿਖਾ ਕੇ ਅਤੇ ‘ਹੰਸ ਰਾਜ ਹੰਸ-ਵਾਪਸ ਜਾਓ’ ਦੇ ਨਾਅਰੇ ਲਾ ਕੇ ਵਿਰੋਧ ਦਰਜ ਕਰਵਾਇਆ। ਵਾਪਸੀ ਵਕਤ ਵੀ ਅਜਿਹਾ ਹੀ ਹੋਇਆ। ਕਿਸਾਨਾਂ ਨੇ ਸ੍ਰੀ ਹੰਸ ਨੂੰ ਇਥੇ ਬੁਲਾਉਣ ਵਾਲਿਆਂ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ।
ਓਧਰ ਇਹਨਾਂ ਨੂੰ ਸਮਝਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਜੇ ਮਾਲਕ ਨੇ ਕਿ੍ਰਪਾ ਕੀਤੀ ਤਾਂ ਉਹ ਕਿਸੇ ਵਕਤ ਲੋਹੇ ਦੀ ਮੰਡੀ ਵਜੋਂ ਪੰਜਾਬ ਭਰ ’ਚ ਮਸ਼ਹੂਰ ਜੈਤੋ ਲਈ ਤਬਾਹ ਹੋਈ ਸਨਅਤ ਤੋਂ ਡੇਢੀ ਸਨਅਤ ਲੈ ਕੇ ਆਉਣਗੇ। ਇਸੇ ਤਰ੍ਹਾਂ ਉਨ੍ਹਾਂ ਮੁਕਤਸਰ ਰੋਡ ’ਤੇ ਸਥਿਤ ਰੇਲਵੇ ਕਰਾਸਿੰਗ ਵਾਲੀ ਜਗ੍ਹਾ ’ਤੇ ਹਵਾਈ ਪੁਲ ਉਸਾਰੇ ਜਾਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਵਾਅਦੇ ਨੂੰ ਪੱਕਾ ਕਰਨ ਲਈ ਆਖਿਆ ‘ਇਹ ਮੈਂ ਨਹੀਂ ਬੋਲਦਾ, ਮੇਰੇ ’ਚ ਥੋਡਾ ਯਾਰ ਬੋਲਦੈ, ਜਿਹੜਾ ਦਿੱਲੀ ਬੈਠੈ’।
ਅੱਜ ਇਥੇ ਪਾਰਟੀ ਦੇ ਮੁਕਾਮੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ੍ਰੀ ਹੰਸ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਪੰਜਾਬ ਦੇ ਸੰਤਾਪੇ ਦੌਰ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸੀਨੀਅਰ ਭਾਜਪਾ ਆਗੂਆਂ ਡਾ. ਧਰਮਵੀਰ ਭਾਟੀਆ, ਗੁਰਬਚਨ ਸਿੰਘ ਪਤੰਗਾ ਅਤੇ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਰਹੇ ਲਾਲਾ ਭਗਵਾਨ ਦਾਸ ਗੋਇਲ ਨੂੰ ਨਮਨ ਕੀਤਾ। ਉਨ੍ਹਾਂ ‘ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’ ਤੁਕਾਂ ਦੇ ਨਾਲ ਇਸ ਗੀਤ ਦੇ ਰਚੇਤਾ ਦੀਪਕ ਜੈਤੋਈ ਨੂੰ ਚੇਤੇ ਕੀਤਾ।
ਉਨ੍ਹਾਂ ਵਰਕਰਾਂ ਨੂੰ ਜ਼ੋਰ ਦੇ ਕੇ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਜਾ ਕੇ ਪ੍ਰਚਾਰਨ। ਹੰਸ ਮੀਟਿੰਗ ’ਚ ਕਰੀਬ ਅੱਧਾ ਘੰਟਾ ਰੁਕੇ। ਵਾਪਸੀ ਸਮੇਂ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੇ ਤਾਂ ਹੱਥ ਜੋੜ ਕੇ ਮੁਸਕਰਾਉਂਦਿਆਂ ਹੋਇਆਂ, ਉਹ ਆਪਣੀ ਗੱਡੀ ਵਿੱਚ ਜਾ ਬੈਠੇ। ਇਸ ਮੀਟਿੰਗ ’ਚ ਭਾਜਪਾ ਦੇ ਕੁਝ ਕੁ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਸਥਾਨਕ ਆਗੂ ਅਤੇ ਵਰਕਰ ਮੌਜੂਦ ਸਨ।