← ਪਿਛੇ ਪਰਤੋ
ਸ਼ੀਹਣੀ ਬਣ ਬੇਬੇ ਨੇ ਤੱਤੀਆਂ ਸੁਣਾ ਕੱਢੀ ਭੜਾਸ-ਮੰਗਾਂ ਨਾ ਮੰਨੀਆਂ ਤਾਂ ਸਾਥੋਂ ਨਾ ਰੱਖਿਓ ਆਸ
ਅਸ਼ੋਕ ਵਰਮਾ
ਬਠਿੰਡਾ,16ਅਪਰੈਲ2024:ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਮੌਜੂਦਗੀ ’ਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾਂ ਹੋਣ ਅਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈਕੇ ਕਿਸਾਨ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਸੋਮਵਾਰ ਨੂੰ ਹਲਕਾ ਰਾਮਪਰਾ ਤੋਂ ਵਿਧਾਇਕ ਬਲਕਾਰ ਸਿੱਧੂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਵਫਦ ਕਰਮਜੀਤ ਅਨਮੋਲ ਨੂੰ ਕਿਸਾਨੀ ਮੰਗਾਂ ਦੇ ਮਾਮਲੇ ਤੇ ਮੰਗ ਪੱਤਰ ਦੇਣ ਪੁੱਜਾ ਸੀ ਜਿੱਥੇ ਅਕਸਰ ਸ਼ਾਂਤ ਰਹਿਣ ਵਾਲੀ ਮਾਲਣ ਕੌਰ ਤੱਤੀ ਹੋ ਗਈ। ਇਸ ਸਬੰਧ ’ਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਚੱਲ ਰਹੀ ਹੈ ਜਿਸ ’ਚ ਮਾਲਣ ਕੌਰ ਆਪ ਆਗੂਆਂ ਨਾਲ ਤਿੱਖੇ ਸਵਾਲਾਂ ਦੀ ਝੜੀ ਲਾਉਂਦੀ ਦਿਖਾਈ ਦੇ ਰਹੀ ਹੈ। ਇਸ ਮੌਕੇ ਸਵਾਲ ਜਵਾਬ ਦੌਰਾਨ ਮਾਲਣ ਕੌਰ ਨੇ ਔਰਤਾਂ ਲਈ 1 ਹਜ਼ਾਰ ਰੁਪਿਆ ਦੇਣ ਦਾ ਵਾਅਦਾ ਪੂਰਾ ਨਾਂ ਹੋਣ ਕਾਰਨ ਵਿਧਾਇਕ ਦੀ ਮਿੱਠੀ ਮਿੱਠੀ ਝਾੜ ਝੰਬ ਵੀ ਕੀਤੀ। ਕਿਸਾਨ ਵਫਦ ਖਾਸ ਤੌਰ ਤੇ ਮਾਲਣ ਕੌਰ ਨੂੰ ਸ਼ਾਂਤ ਕਰਨ ਲਈ ਬਲਕਾਰ ਸਿੱਧੂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਸਰਕਾਰ ਦੇ ਹੱਕ ’ਚ ਦਲੀਲਾਂ ਦਿੰਦਿਆਂ ਮੁੱਖ ਮੰਤਰੀ ਤੋਂ ਮੰਗਾਂ ਪੂਰੀਆਂ ਕਰਵਾਉਣ ਦਾ ਵਾਅਦਾ ਵੀ ਕਰਨਾ ਪਿਆ। ਇਸ ਮੌਕੇ ਮਾਲਣ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੈਨਸ਼ਨ 25 ਸੌ ਰੁਪਿਆ ਕਰਨ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਧਾਇਕ ਨਾਲ ਅਣਹੋਣੀ ਹੋ ਜਾਂਦੀ ਹੈ ਤਾਂ ਪ੍ਰੀਵਾਰ ਨੂੰ30 ਹਜ਼ਾਰ ਪੈਨਸ਼ਨ ਦਿੱਤੀ ਜਾਂਦੀ ਹੈ ਜਦੋਂਕਿ ਉਹ ਵੀ ਤਾਂ ਇਸੇ ਸਮਾਜ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਆਮ ਆਦਮੀ ਨੂੰ 1500 ਰੁਪਿਆ ਮਿਲਦਾ ਹੈ ਜਿਸ ਨਾਲ ਕੁੱਝ ਵੀ ਨਹੀਂ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਆਪਣੇ ਵਾਅਦੇ ਮੁਤਾਬਕ ਔਰਤਾਂ ਨੂੰ 1 ਹਜ਼ਾਰ ਰੁਪਿਆ ਵੀ ਨਹੀਂ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਅਤੇ ਆਪ ਆਗੂਆਂ ਨੂੰ ਪਿੰਡਾਂ ’ਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਦੱਸਣਯੋਗ ਹੈ ਕਿ ਬਠਿੰਡਾ ਜਿਲ੍ਹੇ ’ਚ ਪੈਂਦੇ ਹਲਕਾ ਤਲਵੰਡੀ ਸਾਬੋ ਦੇ ਕਈ ਪਿੰਡਾਂ ’ਚ ਇੱਕ ਕੰਪਨੀ ਵੱਲੋਂ ਗੈਸ ਪਾਈਪਲਾਈਨ ਵਿਛਾਈ ਜਾ ਰਹੀ ਸੀ। ਕੰਪਨੀ ਵੱਲੋਂ ਆਪਣੇ ਹਿਸਾਬ ਨਾਲ ਮੁਆਵਜਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਕਿਸਾਨਾਂ ਨੇ ਨਿਗੂਣਾ ਕਰਾਰ ਦਿੱਤਾ ਹੋਇਆ ਹੈ। ਆਪਣੀਆਂ ਜਮੀਨਾਂ ਦਾ ਬਣਦਾ ਮੁਆਵਜਾ ਲੈਣ ਖਾਤਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਕਿਸਾਨ ਸੰਘਰਸ਼ ਦੇ ਰਾਹ ਪਏ ਹੋਏ ਹਨ। ਕਿਸਾਨਾਂ ਵੱਲੋਂ ਇਸ ਸਬੰਧ ’ਚ ਬਠਿੰਡਾ ਦੇ ਡੀਸੀ ਦਫਤਰ ਅੱਗਾ ਪੱਕਾ ਧਰਨਾ ਲਾਇਆ ਹੋਇਆ ਹੈ ਜੋਕਿ ਪਿਛਲੇ ਦਿਨਾਂ ਤੋਂ ਨਿਰਵਿਘਨ ਜਾਰੀ ਹੈ। ਮਾਮਲਾ ਕੁੱਝ ਇਸ ਤਰਾਂ ਹੈ ਕਿ ਕਈ ਮਹੀਨੇ ਪਹਿਲਾਂ ਤੱਤਕਾਲੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗੈਸ ਪਾਈਪ ਲਾਈਨ ਕੰਪਨੀ ਅਤੇ ਕਿਸਾਨ ਜੱਥੇਬੰਦੀ ਨਾਲ ਗੱਲਬਾਤ ਕਰਵਾਕੇ ਸਮਝੌਤਾ ਕਰਵਾ ਦਿੱਤਾ ਜੋਕਿ ਕਿਸਾਨ ਆਗੂਆਂ ਮੁਤਾਬਕ ਲਿਖਤੀ ਰੂਪ ’ਚ ਹੋਇਆ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਦੀ ਬਦਲੀ ਹੋ ਗਈ ਅਤੇ ਸਮਝੌਤਾ ਲਟਕ ਗਿਆ ਜੋਕਿ ਨਵੇਂ ਡੀਸੀ ਦੇ ਆਉਣ ਤੋਂ ਬਾਅਦ ਵੀ ਕਿਸੇ ਤਣ ਪੱਤਣ ਨਹੀਂ ਲੱਗਿਆ ਹੈ। ਕਿਸਾਨ ਆਗੂਆਂ ਦੇ ਵਫਦ ਨੇ ਬਠਿੰਡਾ ਹਲਕੇ ਤੋਂ ਆਪ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਵਿਧਾਇਕਾ ਬਲਜਿੰਦਰ ਕੌਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਸੀ ਜਿਸ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਸ ਵਤੀਰੇ ਤੋਂ ਅੱਕਕੇ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਕਿਉਂਕ ਹਕੂਮਤ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਇਸ ਲਈ ਹਾਕਮ ਧਿਰ ਨੂੰ ਨਿਸ਼ਾਨੇ ਤੇ ਰੱਖਿਆ ਜਾਏਗਾ। ਯੂਨੀਅਨ ਦੀ ਸਿਆਸੀ ਆਗੂਆਂ ਨੂੰ ਸਵਾਲ ਪੁੱਛਣ ਦੀ ਨੀਤੀ ਤਹਿਤ ਹੀ ਕਿਸਾਨੀ ਵਫਦ ਕਰਮਜੀਤ ਅਨਮੋਲ ਨੂੰ ਮਿਲਣ ਪੁੱਜਿਆ ਸੀ ਜਿੱਥੇ ਕਿਸਾਨ ਆਗੂ ਮਾਲਣ ਕੌਰ ਦੀ ਵਿਧਾਇਕ ਬਲਕਾਰ ਸਿੱਧੂ ਨਾਲ ਤਿੱਖੀ ਬਹਿਸ ਹੋਈ ਹੈ।ਓਧਰ ਇਸ ਮਾਮਲੇ ਸਬੰਧੀ ਹਾਕਮ ਧਿਰ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੱਧੂ ਨੇ ਫੋਨ ਨਹੀਂ ਚੁੱਕਿਆ। ਉੱਲੂ ਸਿੱਧਾ ਕਰਦੀਆਂ ਵੋਟ ਪਾਰਟੀਆਂ:ਮਾਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਾਰੀਆਂ ਹੀ ਵੋਟ ਪਾਰਟੀਆਂ ਨੇ ਲੋਕਾਂ ਨੂੰ ਗੁਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰਨ ਨੂੰ ਪਹਿਲ ਦਿੱਤੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਇਸ ਮੌਕੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੰਗ ਪੱਤਰ ਮੁੱਖ ਮੰਤਰੀ ਨੂੰ ਸੌਂਪਕੇ ਕਿਸਾਨੀ ਮੰਗਾਂ ਦਾ ਫੌਰੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਬਲਕਾਰ ਸਿਧੂ ਅਤੇ ਕਰਮਜੀਤ ਅਨਮੋਲ ਨੂੰ ਦੱਸ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗਾਂ ਨਾਂ ਮੰਨੀਆਂ ਅਤੇ ਸਮਝੌਤਾ ਲਾਗੂ ਨਾਂ ਕੀਤਾ ਤਾਂ ਇਹ ਵਿਰੋਧ ਹੋਰ ਵੀ ਤਿੱਖੇ ਰੂਪ ’ਚ ਸਾਹਮਣੇ ਆਵੇਗਾ।
Total Responses : 952