ਆਪ ਸਰਕਾਰ ਨੇ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ - ਚਰਨਜੀਤ ਚੰਨੀ
- ਪੰਜਾਬ ਪੁਲਿਸ 'ਤੇ ਸਿਹਤ ਵਿਭਾਗ 'ਚ ਸੇਵਾ ਨਿਭਾ ਰਹੇ ਮੁਲਾਜ਼ਮਾਂ ਨੂੰ ਅਜੇ ਤੱਕ ਨਹੀਂ ਮਿਲੀ ਮਾਰਚ ਮਹੀਨੇ ਦੀ ਤਨਖ਼ਾਹ
- ਜਲੰਧਰ ਦੇ ਲੋਕ ਦਲ ਬਦਲੂਆਂ ਨੂੰ ਮੂੰਹ ਨਹੀਂ ਲਗਾਉਣਗੇ-ਚੰਨੀ
- ਆਦਮਪੁਰ ਹਲਕੇ ਦੇ ਲੋਕਾਂ ਨੇ ਚੰਨੀ ਦਾ ਗਰਮਜੋਸ਼ੀ ਨਾਲ ਕੀਤਾ ਸਵਾਗਤ
ਜਲੰਧਰ 23 ਅਪ੍ਰੈਲ 2024 - ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨਾ ਖ਼ਤਮ ਹੋਣ ਦੇ ਕਿਨਾਰੇ ਜਾ ਰਿਹਾ ਹੈ ਤੇ ਅਜੇ ਤੱਕ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖ਼ਾਹ ਨਹੀਂ ਮਿਲ ਸਕੀ ਹੈ ਜਦ ਕਿ ਸਿਹਤ ਵਿਭਾਗ ਵਿੱਚ ਵੀ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਵੀ ਤਨਖ਼ਾਹ ਨਹੀਂ ਮਿਲ ਰਹੀ।
ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਦੇ ਦੌਰੇ 'ਤੇ ਆਏ ਸਨ 'ਤੇ ਇਸ ਦੌਰਾਨ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਉਹਨਾਂ ਨਾਲ ਮੌਜੂਦ ਸਨ । ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਵਿਖੇ ਨਤਮਸਤਕ ਹੋ ਕੇ ਵੱਖ ਵੱਖ ਪਿੰਡਾਂ ਵਿੱਚ ਸੁਖਵਿੰਦਰ ਕੋਟਲੀ ਵੱਲੋ ਰੱਖੀਆਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਜਲੰਧਰ ਦੇ ਹਾਲਾਤ ਇਹ ਬਣ ਗਏ ਹਨ ਕਿ ਦਲ ਬਦਲੀ ਲੀਡਰਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ 'ਤੇ ਲੋਕਾਂ ਇੰਨ੍ਹਾਂ ਦਲ ਬਦਲੂਆਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਅੱਗੇ ਕਿਹਾ ਕਿ ਕੁੱਝ ਰਾਜਨੀਤਕ ਨੇਤਾਵਾਂ ਦਾ ਕਿਰਦਾਰ ਇਸ ਕਦਰ ਹੋ ਗਿਆ ਹੈ ਕਿ ਉਹ ਦਿਨ 'ਚ ਤਿੰਨ-ਤਿੰਨ ਵਾਰ ਮੁੱਲ ਵਿਕਦੇ ਹਨ।
ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਵੱਖ ਵੱਖ ਮੀਟਿੰਗਾਂ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਜਲੰਧਰ ਵਿੱਚ ਵੱਸਣ ਆਇਆ ਹਾਂ ਤੇ ਇਥੇ ਪੱਕੇ ਤੌਰ ਰਹਾਂਗਾ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਆਦਮਪੁਰ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ 'ਤੇ ਕਾਲਜ ਸ਼ੁਰੂ ਕਰਵਾਇਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਰੋਕ ਦਿੱਤਾ।ਇਸ ਤੋਂ ਇਲਾਵਾ ਆਦਮਪੁਰ ਨੂੰ ਸਬ ਡਵੀਜ਼ਨ ਬਣਾਇਆ ਅਤੇ 38 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਹਵਾਈ ਅੱਡੇ ਵਾਲੀ ਸੜਕ ਬਣਾਈ। ਉਹਨਾਂ ਕਿਹਾ ਕਿ ਪਵਨ ਟੀਨੂੰ ਵੱਲੋਂ 20 ਸਾਲਾਂ ਚ ਕੀਤੇ ਕੰਮਾਂ ਤੋਂ ਵੱਧ ਮੈਂ ਆਦਮਪੁਰ ਲਈ ਤਿੰਨ ਮਹੀਨੇ ਚ ਵੱਡੇ ਕੰਮ ਕੀਤੇ ਹਨ।ਇਸ ਮੌਕੇ 'ਤੇ ਬੋਲਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਆਦਮਪੁਰ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਜਿੱਤ ਤੋਂ ਵੀ ਵੱਡੀ ਜਿੱਤ ਦੇਣਗੇ।
ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਰਗੇ ਨਿਧੜਕ ਲੀਡਰ ਹੀ ਪੰਜਾਬ ਦੇ ਮੁੱਦਿਆਂ ਨੂੰ ਲੋਕ ਸਭਾ ਵਿੱਚ ਜ਼ੋਰਦਾਰ ਤਰੀਕੇ ਨਾਲ ਰੱਖ ਸਕਦੇ ਹਨ।ਆਦਮਪੁਰ ਵਿਧਾਨ ਸਭਾ ਹਲਕੇ ਦੇ ਇਸ ਦੋਰੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਤੱਲਣ ਸਾਹਿਬ ਵਿਖੇ ਨਤਮਸਤਕ ਹੋਏ ਤੇ ਇੱਥੇ ਮੈਨੇਜਰ ਬਲਜੀਤ ਸਿੰਘ ਨੇ ਉੱਨਾਂ ਨੂੰ ਸਿਰੋਪੇ ਦੀ ਬਖਸ਼ਿਸ਼ ਕੀਤੀ, ਇਸ ਤੋਂ ਬਾਅਦ ਕਿ ਡੇਰਾ ਬਾਪੂ ਮੰਗਲ ਦਾਸ ਪਿੰਡ ਉੱਚਾ ਵਿਖੇ ਨਤਮਸਤਕ ਹੋਏ ਉਪਰੰਤ ਸੰਤ ਹਰਚਰਨ ਦਾਸ ਜੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਜਦ ਕਿ ਗੁਰਦੁਆਰਾ ਦੇਸ਼ ਭਗਤ ਸੰਤਪੁਰਾ, ਕਾਲਰਾ ਵਿਖੇ ਬਾਬਾ ਮਨਜੀਤ ਸਿੰਘ ਅਤੇ ਡੇਰਾ ਸੰਤਪੁਰਾ ਜੱਬੜ ਮਾਣਕੂ ਵਿਖੇ ਬਾਬਾ ਸਰਵਣ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪਿੰਡ ਮੁਜ਼ੱਫਰਪੁਰ, ਡਰੋਲੀ ਖੁਰਦ,ਮਾਣਕੋ, ਆਦਮਪੁਰ, ਹਰੀਪੁਰ, ਢੱਡੇ, ਨਾਜ਼ਕਾ, ਭੋਗਪੁਰ, ਕਾਲਾ ਬੱਕਰਾ, ਸੰਘਵਾਲ ਸਮੇਤ ਆਦਮਪੁਰ ਦੇ ਵੱਖ ਵੱਖ ਇਲਾਕਿਆਂ 'ਚ ਮੀਟਿੰਗਾਂ ਕੀਤੀਆਂ ਜਿੱਥੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਚੰਨੀ ਨੂੰ ਵੱਡੇ ਫ਼ਰਕ ਦਾ ਜਿਤਾਉਣ ਦਾ ਐਲਾਨ ਕੀਤਾ।
ਇਹਨਾਂ ਮੀਟਿੰਗਾਂ ਦੌਰਾਨ ਹਲਕਾ ਆਦਮਪੁਰ ਦੇ ਕੋ-ਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ ਫਿਲੌਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸਰਪੰਚ ਮੁਜ਼ੱਫਰਪੁਰ, ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ ਨਾਜ਼ਕਾ, ਗੁਰਦੀਪ ਸਿੰਘ ਕਾਲਰਾ ਚੇਅਰਮੈਨ, ਲਖਵੀਰ ਸਿੰਘ ਕੋਟਲੀ, ਮਨਜੀਤ ਸਿੰਘ ਬੂਟਾ,ਰਣਜੀਤ ਸਿੰਘ ਰਾਣਾ,ਪੰਚ ਕੁਲਵਿੰਦਰ ਸਿੰਘ,ਹਰਪ੍ਰੀਤ ਭੁੱਲਰ,ਸਰਪੰਚ ਪਰਗਟ ਪਤਾਰਾ,ਤਰਸੇਮ ਜੈਤੇਵਾਲੀ,ਸਰਪੰਚ ਗਰੀਬਦਾਸ,ਅਸ਼ਵਨੀ ਪੂਰਨਪੁਰ,ਅਜੈਬ ਸਿੰਘ ਹਜ਼ਾਰਾ,ਹਰਤੇਜ ਸਿੰਘ ਲਾਲੀ,ਬਲਦੇਵ ਸਿੰਘ ਨੰਬਰਦਾਰ,ਸੋਹਨ ਸਿੰਘ,ਗੁਰਮੀਤ ਸਿੰਘ ਮੱਲੀ,ਬਲਾਕ ਸੰਮਤੀ ਮੈਂਬਰ ਨਛੱਤਰ ਕੋਰ,ਮਹਿੰਦਰ ਸਿੰਘ ਬੱਬੀ,ਰਛਪਾਲ ਸਿੰਘ ਚੰਗਿਆਈ, ਦਰਸ਼ਨ ਸਿੰਘ ਕੜਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ,ਦਵਿੰਦਰ ਸਿੰਘ,ਸੁਸ਼ਮਾ,ਗੁਰਮੀਤ ਸਿੰਘ,ਰਜਿੰਦਰ ਸਿੰਘ,ਜੋਗਿੰਦਰਪਾਲ ਸਿੰਘ ਤੇ ਲਾਲਾ ਮਦਨ ਲਾਲ ਸਮੇਤ ਵੱਡੀ ਗਿਣਤੀ ਵਿਚ ਹਲਕੇ ਦੇ ਮੋਹਤਵਰ ਲੋਕ ਸ਼ਾਮਲ ਹੋਏ।