ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ, ਪਿਤਾ ਨੇ ਕਿਹਾ, 2 ਸਾਲਾਂ ਵਿੱਚ ਸਿਰਫ ਚਾਰਜ ਫਰੇਮ ਕੀਤਾ
ਮਨਸਾ, 29 ਮਈ 2024 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰ ਅਤੇ ਸਨੇਹੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਪਰ ਚੋਣਾਂ ਦੇ ਮੱਦੇਨਜ਼ਰ ਇਸ ਸਾਲ ਪਿੰਡ ਪੱਧਰ ’ਤੇ ਪ੍ਰੋਗਰਾਮ ਉਲੀਕਿਆ ਗਿਆ ਹੈ, ਤਾਂ ਜੋ ਕੋਈ ਵੀ ਇਸ ਮੌਕੇ ਦਾ ਸਿਆਸੀ ਲਾਹਾ ਨਾ ਲੈ ਸਕੇ।
ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਪਿੰਡ ਪੱਧਰ ’ਤੇ ਹੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਚੋਣਾਂ ਚੱਲ ਰਹੀਆਂ ਹਨ। ਪਰਿਵਾਰ ਨਹੀਂ ਚਾਹੁੰਦਾ ਕਿ ਕੋਈ ਇਸ ਪ੍ਰੋਗਰਾਮ ਨੂੰ ਰੈਲੀ ਵਿੱਚ ਬਦਲੇ। ਪਰ ਪ੍ਰੇਮੀਆਂ ਲਈ ਕੋਈ ਪਾਬੰਦੀ ਨਹੀਂ ਹੈ। ਪਿਤਾ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਦੋ ਸਾਲ ਬੀਤ ਚੁੱਕੇ ਹਨ। ਦੋ ਸਾਲਾਂ ਵਿੱਚ ਅਦਾਲਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਵਿੱਚ ਹੀ ਸਫ਼ਲ ਰਹੀ ਹੈ। ਫਿਲਹਾਲ ਅਦਾਲਤ 'ਚ ਛੁੱਟੀਆਂ ਹਨ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧੇਗੀ।
ਮਾਂ ਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੇਟੇ ਸ਼ੁਭਦੀਪ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਮਾਤਾ ਚਰਨ ਕੌਰ ਨੇ ਇਸ ਪੋਸਟ ਵਿੱਚ ਕਿਹਾ- ਅੱਜ 730 ਦਿਨ, 17532 ਘੰਟੇ, 1051902 ਮਿੰਟ ਅਤੇ 63115200 ਸੈਕਿੰਡ ਬੀਤ ਚੁੱਕੇ ਹਨ ਜਦੋਂ ਤੋਂ ਸ਼ੁਭ ਪੁੱਤਰ ਨੂੰ ਘਰ ਦੀ ਦਹਿਲੀਜ਼ ਪਾਰ ਕੀਤਾ ਹੈ।