ਦਸ਼ਮੇਸ਼ ਨਗਰ ਅਤੇ ਰਣਜੀਤ ਐਵਨਿਊ ਕਲੋਨੀਆ ਵਿੱਚ ਪਿਛਲੇ ਡੇਢ ਮਹੀਨੇ ਤੋਂ ਪਾਣੀ ਦੀ ਸਪਲਾਈ ਨਿਯਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਸੌਂਪਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 11 ਜੂਨ: ਰੋਪੜ ਸ਼ਹਿਰ ਦੀਆਂ ਦਸ਼ਮੇਸ਼ ਨਗਰ ਅਤੇ ਰਣਜੀਤ ਐਵਨਿਊ ਕਾਲੋਨੀ ਦੀਆਂ ਰੈਜੀਡੈਸ਼ ਵੈਲਫ਼ੇਅਰ ਐਸੋਸੀਏਸ਼ਨ ਦੇ ਇੱਕ ਸਾਂਝੇ ਵਫ਼ਦ ਵੱਲੋਂ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਨਾ ਹੋਣ ਕਾਰਨ ਇੱਕ ਮੰਗ ਪੱਤਰ ਕਾਰਜ ਸਾਧਕ ਅਫਸਰ ਰੂਪਨਗਰ ਨੂੰ ਦਿੱਤਾ ਗਿਆ। ਇਸ ਮੌਕੇ ਦੋਨਾਂ ਕਲੌਨੀਆ ਦੇ ਪ੍ਰਧਾਨ ਜੀ ਐਸ ਓਬਰਾਏ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ ਡੇਢ ਮਹੀਨੇ ਤੋਂ ਦੋਨਾਂ ਕਾਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਾ ਆਉਣ ਕਾਰਨ ਕਲੋਨੀ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਦੋਨੋਂ ਕਲੋਨੀਆਂ ਨਗਰ ਸੁਧਾਰ ਟਰੱਸਟ ਰੂਪਨਗਰ ਵੱਲੋਂ ਉਸਾਰੀਆਂ ਗਈਆਂ ਸਨ ਅਤੇ ਇਹਨਾਂ ਕਲੋਨੀਆਂ ਦੇ ਨਿਵਾਸੀਆਂ ਲਈ ਨਗਰ ਸੁਧਾਰ ਟਰੱਸਟ ਵੱਲੋਂ ਇੱਕ ਬੋਰ ਕਰਵਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਸੀ ਪਰ ਜਦੋਂ ਇਹ ਕਲੋਨੀਆਂ ਨਗਰ ਕੌਂਸਲ ਨੂੰ ਸੌਂਪੀਆਂ ਗਈਆਂ ਤਾਂ ਉਦੋਂ ਤੋਂ ਹੀ ਇਸ ਦੇ ਪਾਣੀ ਵਾਲੇ ਟਿਊਬਵੈੱਲ ਜੋ ਕਿ ਮਕਬਰੇ ਕੋਲ ਹੈ ਦਾ ਪਾਣੀ ਸਮੇਂ ਸਮੇਂ ਤੇ ਸ਼ਹਿਰ ਦੀਆਂ ਦੂਜੀਆਂ ਲਗਭਗ ਇੱਕ ਦਰਜਨ ਤੋਂ ਵੀ ਵੱਧ ਕਲੋਨੀਆਂ ਨੂੰ ਸਪਲਾਈ ਨਾਲ ਜੋੜ ਦਿੱਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਇਹਨਾਂ ਕਲੋਨੀਆਂ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਗਈ ।ਹੁਣ ਇਹ ਸਥਿਤੀ ਇਹ ਪੈਦਾ ਹੋ ਗਈ ਹੈ ਕਿ ਇਹਨਾਂ ਕਲੋਨੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਅੱਤ ਦੀ ਗਰਮੀ ਦੇ ਮੌਸਮ ਵਿੱਚ ਪਿਛਲੇ 40 /45 ਦਿਨਾਂ ਤੋਂ ਇਹਨਾਂ ਕਲੋਨੀਆਂ ਨੂੰ ਪਾਣੀ ਦੀ ਸਹੀ ਸਪਲਾਈ ਪ੍ਰਾਪਤ ਨਹੀਂ ਹੋ ਰਹੀ। ਉਹਨਾਂ ਦੱਸਿਆ ਕਿ ਮਿਤੀ 2 ਮਈ 2024 ਨੂੰ ਦਿੱਤੇ ਮੰਗ ਪੱਤਰ ਵਿੱਚ ਇਹਨਾਂ ਦੋਨੇ ਕਲੋਨੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਇੱਕ ਮੰਗ ਪੱਤਰ ਕਾਰਜ ਸਾਧਕ ਅਫਸਰ ਰੂਪਨਗਰ ਨੂੰ ਸੌਂਪਿਆ ਗਿਆ ਸੀ ਕਿ ਦਸ਼ਮੇਸ਼ ਨਗਰ ਵਿੱਚ ਪਹਿਲਾਂ ਤੋਂ ਇੱਕ ਖਰਾਬ ਪਏ ਬੋਰ ਦੀ ਜਗ੍ਹਾ ਇੱਕ ਨਵਾਂ ਡੂੰਘਾ ਬੋਰ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਪੂਰਤੀ ਕੀਤੀ ਜਾਵੇ। ਕਿਉਂਕਿ ਇਸ ਜਗ੍ਹਾ ਵਾਟਰ ਸਪਲਾਈ ਲਈ ਕਮਰਾ ,ਬਿਜਲੀ ਦਾ ਕਨੈਕਸ਼ਨ ਅਤੇ ਹੋਰ ਲੋੜੀਂਦਾ ਫਿਟਿੰਗ ਦਾ ਸਮਾਨ ਪਹਿਲਾਂ ਤੋਂ ਮੌਜੂਦ ਹੈ ਜਿਸ ਨਾਲ ਨਗਰ ਕੌਂਸਲ ਦਾ ਖਰਚਾ ਵੀ ਘੱਟ ਆਵੇਗਾ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਸ਼ਮੇਸ਼ ਨਗਰ ਦੀ ਪਾਰਕ ਵਿੱਚ ਉਕਤ ਜਗ੍ਹਾ ਤੇ ਇੱਕ ਡੂੰਘਾ ਬੋਰ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਅੰਤਾਂ ਦੀ ਗਰਮੀ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ ਅਤੇ ਮੁਸ਼ਕਿਲ ਪੇਸ਼ ਨਾ ਆਵੇ।। ਇਸ ਮੌਕੇ ਧਰਮਵੀਰ ਸ਼ਰਮਾ ਰੋਹਿਤ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ਮੌਜੂਦ ਸਨ।