‘ਗੁੰਡਾ ਟੈਕਸ’ ਤੋਂ ਅੱਕੇ ਟਰਾਂਸਪੋਰਟਰਾਂ ਨੇ ਪੁਲਿਸ ਕੋਲ ਕੀਤੀ ਫਰਿਆਦ-ਸਰਕਾਰਾਂ ਗਈਆਂ ਪਰ ਨਹੀਂ ਬੰਦ ਹੋਇਆ "ਗੁੰਡਾ ਟੈਕਸ "
ਅਸ਼ੋਕ ਵਰਮਾ
ਬਠਿੰਡਾ,10 ਜੁਲਾਈ 2024 : ਬਠਿੰਡਾ ਰਿਫਾਈਨਰੀ ’ਚ ਵਸੂਲੇ ਜਾਣ ਵਾਲੇ ‘ਗੁੰਡਾ ਟੈਕਸ’ ਮਸਲਾ ਜਿਲ੍ਹਾ ਪੁਲਿਸ ਪ੍ਰਸ਼ਾਸਨ ਕੋਲ ਪੁੱਜ ਗਿਆ ਹੈ। ਅੱਜ ਤਕਰੀਬਨ ਦੋ ਦਰਜਨ ਟਰਾਂਸਪੋਰਟ ਕੰਪਨੀਆਂ ਨੇ ਐਸਐਸਪੀ ਨੂੰ ਲਿਖਤੀ ਦਰਖਾਸਤ ਦੇਕੇ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਅੱਕੇ ਟਰਾਂਸਪੋਰਟਰਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਗੁੰਡਾ ਟੈਕਸ ਨੂੰ ਨੱਥ ਨਾਂ ਪਾਈ ਤਾਂ ਉਹ ਵੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਸ਼ਕਾਇਤ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਡਰਾਈਵਰਾਂ ਅਤੇ ਸਟਾਫ ਨੂੰ ਸਥਾਨਕ ਟਰਾਂਸਪੋਰਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸ਼ਕਾਇਤ ’ਚ ਦੋ ਮੋਬਾਇਲ ਨੰਬਰ ਵੀ ਦਿੱਤੇ ਹਨ ਜਿੰੰਨ੍ਹਾਂ ਤੋਂ ਵੱਡੀ ਗਿਣਤੀ ’ਚ ਧਮਕੀ ਭਰੇ ਫੋਨ ਆਏ ਹਨ।
ਸੂਤਰ ਦੱਸਦੇ ਹਨ ਕਿ ਟਰਾਂਸਪੋਰਟ ਕੰਪਨੀਆਂ ਨੇ ਇਸ ਮੌਕੇ ਕਥਿਤ ਸਿਆਸੀ ਸ਼ਹਿ ਦੀ ਗੱਲ ਵੀ ਅਫਸਰਾਂ ਕੋਲ ਰੱਖੀ ਹੈ ਪਰ ਕੋਈ ਇਸ ਸਬੰਧੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਹਾਲਾਂਕਿ ਇਹ ਟਰਾਂਸਪੋਰਟ ਕੰਪਨੀਆਂ ਦੇ ਪ੍ਰਤੀਨਿਧੀ ਐਸਐਸਪੀ ਨੂੰ ਅੱਜ ਮਿਲੇ ਹਨ ਪਰ ਗੁੰਡਾ ਟੈਕਸ ਸਬੰਧੀ ਪਹਿਲਾਂ ਵੀ ਸ਼ਕਾਇਤਾਂ ਸਾਹਮਣੇ ਆ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਕੰਪਨੀਆਂ ਵਾਲਿਆਂ ਨੇ ਰਿਫਾਈਨਰੀ ਸਾਈਟ ਲਾਗੇ ‘ਲੋਕਲ ਟਰੱਕ ਅਪਰੇਟਰ’ ਦੇ ਖੁੱਲ੍ਹੇ ਦਫ਼ਤਰ ਬਾਰੇ ਵੀ ਅਫਸਰਾਂ ਨੂੰ ਜਾਣੂੰ ਕਰਵਾਇਆ ਹੈ। ਰਿਫਾਈਨਰੀ ’ਚ ਰੇਤਾ-ਬਜਰੀ ਦੀ ਸਪਲਾਈ ਦੇਣ ਵਾਲੀ ਮੈੱਸਰਜ਼ ਪ੍ਰੇਮ ਕੁਮਾਰ ਬਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਨੇ ਪਹਿਲੀ ਜੁਲਾਈ ਨੂੰ ਰਿਫਾਈਨਰੀ ਦੀ ਪੁਲੀਸ ਚੌਕੀ ਰਾਮਸਰਾ ਨੂੰ ਲਿਖਤੀ ਦਰਖਾਸਤ ਦਿੱਤੀ ਹੈ।
ਇਸ ਫਰਮ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਰੇਤੇ ਦੀਆਂ ਭਰੀਆਂ ਦੋ ਗੱਡੀਆਂ ਜਿਨ੍ਹਾਂ ਰਿਫਾਈਨਰੀ ਅੰਦਰ ਜਾਣਾ ਸੀ, ਨੂੰ ਅਣਪਛਾਤੇ ਵਿਅਕਤੀਆਂ ਨੇ ਰੋਕ ਲਿਆ ਹੈ। ਸ਼ਕਾਇਤ ’ਚ ਦੱਸਿਆ ਹੈ ਕਿ ਸਕਾਰਪੀਓ ਸਵਾਰ ਲੋਕਾਂ ਨੇ ਧਮਕੀ ਵੀ ਦਿੱਤੀ ਕਿ ਜੇ ਗੱਡੀਆਂ ਰਿਫਾਈਨਰੀ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਹੋਣ ਵਾਲੇ ਨੁਕਸਾਨ ਦੇ ਖ਼ੁਦ ਜ਼ਿੰਮੇਵਾਰ ਹੋਵੋਗੇ। ਰਿਫਾਈਨਰੀ ਸਾਈਟ ’ਤੇ ਪਹਿਲਾਂ ਵੀ ‘ਗੁੰਡਾ ਟੈਕਸ’ ਦੀ ਵਸੂਲੀ ਦਾ ਮਾਮਲਾ ਉੱਠਿਆ ਸੀ ਜਦੋਂ ਅਸ਼ੋਕ ਕੁਮਾਰ ਬਾਂਸਲ ਨੇ 16 ਨਵੰਬਰ 2023 ਨੂੰ ਪੁਲੀਸ ਕੋਲ ਦਰਖਾਸਤ ਦੇ ਕੇ ਦੱਸਿਆ ਸੀ ਕਿ ਪੁਲੀਸ ਮੁਲਾਜ਼ਮ ਵੀ ਇਸ ਗ਼ੈਰ-ਕਾਨੂੰਨੀ ਕੰਮ ਨੂੰ ਕਥਿਤ ਸ਼ਹਿ ਦੇ ਰਹੇ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਇੰਨ੍ਹਾਂ ਮਾਮਲਿਆਂ ’ਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਗੁੰਡਾ ਟੈਕਸ ਵਸੂਲਣ ਵਾਲਿਆਂ ਦੇ ਹੌਂਸਲੇ ਵਧ ਗਏ ਹਨ। ਖੁਦ ਟਰਾਂਸਪੋਰਟਰ ਹੈਰਾਨ ਹਨ ਕਿ ਇਹ ਮਸਲਾ ਐਨਾ ਗੰਭੀਰ ਹੋਣ ਦੇ ਬਾਵਜੂਦ ਪੁਲਿਸ ਪਾਸਾ ਕਿਓਂ ਵੱਟੀ ਬੈਠੀ ਹੈ। ਇੱਕ ਟਰਾਂਸਪੋਰਟਰ ਨੇ ਦੱਸਿਆ ਕਿ ਉਨ੍ਹਾਂ ਨੇ ਇਕੱਠੇ ਹੋ ਕੇ ਐੱਸਐੱਸਪੀ ਬਠਿੰਡਾ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਹੈ ਤਾਂ ਜੋ ਰਿਫਾਈਨਰੀ ਲਾਗੇ ਬਣੀ ਦਹਿਸ਼ਤ ਤੋਂ ਉਨ੍ਹਾਂ ਨੂੰ ਛੁਟਕਾਰਾ ਮਿਲ ਸਕੇ। ਜਾਣਕਾਰੀ ਅਨੁਸਾਰ ਰਿਫਾਈਨਰੀ ਦੇ ਪੈਟਰੋ ਕੈਮੀਕਲ ਯੂਨਿਟ ’ਚੋਂ ਰੋਜ਼ਾਨਾ 250 ਗੱਡੀਆਂ (ਆਉਣ-ਜਾਣ) ’ਚ ਪਲਾਸਟਿਕ ਦਾਣਾ ਜਾਂਦਾ ਹੈ ਜਦਕਿ 100 ਗੱਡੀਆਂ (ਆਉਣ-ਜਾਣ) ਰੋਜ਼ਾਨਾ ਪੈਟ ਕੋਕ ਅਤੇ ਸਲਫਰ ਦੀਆਂ ਸਪਲਾਈ ਹੁੰਦੀਆਂ ਹਨ।
ਸੂਤਰਾਂ ਅਨੁਸਾਰ ਰਿਫਾਈਨਰੀ ਨੇੜਲੀਆਂ ਸੜਕਾਂ ’ਤੇ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਜਿਸ ਕਰਕੇ ਟਰੱਕ ਡਰਾਈਵਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਜਦੋਂ ਕਾਂਗਰਸੀ ਹਕੂਮਤ ਸੀ ਤਾਂ ਉਦੋਂ ਵੀ ‘ਗੁੰਡਾ ਟੈਕਸ’ ਤੋਂ ਔਖੇ ਟਰਾਂਸਪੋਰਟਰਾਂ ਨੇ 25 ਜਨਵਰੀ 2018 ਨੂੰ ਕੰਮ ਬੰਦ ਕਰ ਦਿੱਤਾ ਸੀ। ਤੱਤਕਾਲੀ ਹਕੂਮਤ ਦੇ ਕਈ ਨੇਤਾਵਾਂ ਦਾ ਨਾਮ ਵੀ ਉਦੋਂ ‘ਗੁੰਡਾ ਟੈਕਸ’ ਦੇ ਕਾਰੋਬਾਰ ’ਚ ਬੋਲਦਾ ਸੀ। ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਗੁਰਲਾਭ ਸਿੰਘ ਦਾ ਕਹਿਣਾ ਹੈ ਕਿ ਇਹ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੀ ਨਾਂ ਕੋਈ ਗੱਡੀ ਰੋਕੀ ਤੇ ਨਾਂਹੀ ਕੋਈ ਵਸੂਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਆਪਣਾ ਦਫ਼ਤਰ ਖੋਲ੍ਹ ਕੇ ਸਿਰਫ਼ ਸਥਾਨਕ ਟਰਾਂਸਪੋਰਟਰਾਂ ਲਈ ਕੰਮ ਮੰਗਿਆ ਹੈ।
ਐਸਐਸਪੀ ਨੂੰ ਮਾਮਲਾ ਦੇਖਣ ਦੀ ਹਦਾਇਤ
ਐਸਐਸਪੀ ਦੀਪਕ ਪਾਰਿਕ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ ਜਦੋਂਕਿ ਏਡੀਜੀਪੀ ਬਠਿੰਡਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਉਹ ਐਸਐਸਪੀ ਨੂੰ ਇਹ ਮਾਮਲਾ ਦੇਖਣ ਲਈ ਆਖ ਰਹੇ ਹਨ।