ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਬਕਾ ਫ਼ੌਜੀ ਨੇ ਭਰਾ-ਭਾਬੀ ਅਤੇ ਮਾਂ ਦਾ ਕੀਤਾ ਕਤਲ, ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ
ਅੰਬਾਲਾ, 22 ਜੁਲਾਈ 2024-ਨਰਾਇਣਗੜ੍ਹ ਦੇ ਪਿੰਡ ਪੀਰ ਮਾਜਰੀ ਰਟੋਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਬਕਾ ਫ਼ੌਜੀ ਭੂਸ਼ਨ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, ਬੇਟੀ 5 ਸਾਲਾ ਯਸ਼ਿਕਾ ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।
ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਸੁਰਿੰਦਰ ਸਿੰਘ ਭੌਰੀਆ ਰਾਤ 3 ਵਜੇ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਕਾਤਲ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜਿਸ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਦੋਵੇਂ ਭਰਾਵਾਂ ਕੋਲ ਦੋ-ਦੋ ਏਕੜ ਜ਼ਮੀਨ ਸੀ। ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕਈ ਸਾਲਾਂ ਬਾਅਦ ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਤਕਰਾਰ ਹੋ ਗਈ। ਇਸੇ ਰੰਜਿਸ਼ ਵਿੱਚ ਸਾਬਕਾ ਫ਼ੌਜੀ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।