ਕਾਵੜ ਰੂਟ 'ਤੇ ਦੁਕਾਨਾਂ ਉਤੇ ਨਾਮ ਲਿਖਣ 'ਤੇ ਸੁਪਰੀਮ ਕੋਰਟ ਨੇ ਲਗਾਈ ਪਾਬੰਦੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਵੜ ਮਾਰਗ ’ਤੇ ਲੱਗੇ ਡਿਸਪਲੇ ਬੋਰਡਾਂ ’ਤੇ ਦੁਕਾਨਦਾਰਾਂ ਦੇ ਨਾਂ ਲਿਖਣ ਦੇ ਹੁਕਮਾਂ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਪੂਰੇ ਸੂਬੇ ਵਿੱਚ ਕਾਵੜ ਯਾਤਰਾ ਦੇ ਰੂਟਾਂ ਨੂੰ ਲੈ ਕੇ ਅਜਿਹਾ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ ਉਤਰਾਖੰਡ ਨੇ ਹਰਿਦੁਆਰ ਨੂੰ ਲੈ ਕੇ ਅਜਿਹਾ ਹੁਕਮ ਦਿੱਤਾ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਮਹਾਕਾਲ ਦੀ ਨਗਰੀ ਉਜੈਨ ਵਿੱਚ ਵੀ ਅਜਿਹਾ ਫੈਸਲਾ ਲਿਆ ਸੀ।
ਇਸ ਤਹਿਤ ਕਿਹਾ ਗਿਆ ਸੀ ਕਿ ਕਾਵੜ ਯਾਤਰਾ ਦੇ ਰੂਟ 'ਤੇ ਪੈਂਦੇ ਰੈਸਟੋਰੈਂਟਾਂ ਅਤੇ ਕੇਟਰਿੰਗ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਮ, ਨੰਬਰ ਅਤੇ ਪਤਾ ਲਿਖਣਾ ਹੋਵੇਗਾ। ਇਸ ਤੋਂ ਇਲਾਵਾ ਸਟਾਫ਼ ਬਾਰੇ ਵੀ ਜਾਣਕਾਰੀ ਦੇਣੀ ਪਵੇਗੀ। ਤਿੰਨ ਰਾਜਾਂ ਵਿੱਚ ਅਜਿਹੇ ਹੁਕਮਾਂ ਦਾ ਵਿਰੋਧ ਹੋਇਆ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਹੁਣ ਅਦਾਲਤ ਨੇ ਨਾਮਕਰਨ ਦੇ ਹੁਕਮਾਂ 'ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ ਅਤੇ ਅਗਲੀ ਸੁਣਵਾਈ ਦੀ ਤਰੀਕ 26 ਜੁਲਾਈ ਤੈਅ ਕੀਤੀ ਹੈ।