ਮਲਵਿੰਦਰ ਕੰਗ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ
ਕੰਗ ਨੇ ਭਾਰਤ ਦੇ ਓਲੰਪਿਕ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਆਪ ਐਮਪੀ ਨੇ ਕਿਹਾ- ਸਾਡੇ ਕੋਲ ਪ੍ਰਤਿਭਾ ਦੀ ਕਮੀ ਨਹੀਂ ਹੈ, ਪਰ ਸਾਡੇ ਕੋਲ ਢੁਕਵੇਂ ਬੁਨਿਆਦੀ ਢਾਂਚੇ ਦੀ ਘਾਟ ਹੈ ਅਤੇ ਸਾਡੇ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਬਿਹਤਰ ਸਹੂਲਤਾਂ ਅਤੇ ਮੌਕਿਆਂ ਦੀ ਲੋੜ ਹੈ
ਨਵੀਂ ਦਿੱਲੀ/ਚੰਡੀਗੜ੍ਹ, 22 ਜੁਲਾਈ 2024- ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਸਾਡੇ ਉਭਰਦੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਦਾ ਮੁੱਦਾ ਉਠਾਇਆ। ਕੰਗ ਨੇ ਭਾਰਤ ਦੇ ਓਲੰਪਿਕ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਖਿਡਾਰੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਪਰ ਇਹ ਸਮਾਂ ਹੈ ਕਿ ਅਸੀਂ ਆਪਣੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਪ੍ਰਦਾਨ ਕੀਤੀਆਂ ਉੱਚ ਪੱਧਰ ਦੀ ਸਹੂਲਤਾਂ ਅਤੇ ਮੌਕੇ ਦੇਣ 'ਤੇ ਵਿਚਾਰ ਕਰੀਏ।
‘ਆਪ’ ਆਗੂ ਨੇ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਉੱਚਤਮ ਸਨਮਾਨ ਦੇਣ ਨਾਲ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਪੂਰੀ ਫੁੱਟਬਾਲ ਟੀਮ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਮਾਹਲਪੁਰ ਦੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਬਲਾਚੌਰ ਦਾ ਇੱਕ ਛੋਟਾ ਜਿਹਾ ਹਲਕਾ ਸਾਡੇ ਦੇਸ਼ ਵਿੱਚ ਵਧੀਆ ਬਾਸਕਟਬਾਲ ਖਿਡਾਰੀ ਪੈਦਾ ਕਰਦਾ ਹੈ।
ਕੰਗ ਨੇ ਹਾਊਸ ਦੇ ਧਿਆਨ ਵਿੱਚ ਢੁਕਵੇਂ ਬੁਨਿਆਦੀ ਢਾਂਚੇ ਦੀ ਘਾਟ ਅਤੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਵਧਣ ਦੇ ਮੌਕਿਆਂ ਵੱਲ ਵੀ ਲਿਆਂਦਾ। ਉਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ ਪਰ ਸਾਡੇ ਕੋਲ ਛੋਟੀ ਉਮਰ ਤੋਂ ਹੀ ਆਪਣੇ ਖਿਡਾਰੀਆਂ ਦੀ ਮਦਦ ਲਈ ਕੋਈ ਪ੍ਰਣਾਲੀ (ਸਿਸਟਮ) ਨਹੀਂ ਹੈ। ਉਨ੍ਹਾਂ ਨੇ ਖੇਡ ਮੰਤਰੀ ਨੂੰ ਕਿਹਾ ਕਿ ਉਹ ਉਭਰਦੇ ਖਿਡਾਰੀਆਂ ਦੀ ਮਦਦ ਲਈ ਇੱਕ ਪ੍ਰਣਾਲੀ ਤਿਆਰ ਕਰਨ ਤਾਂ ਜੋ ਉਹ ਸਾਡੇ ਦੇਸ਼ ਲਈ ਤਗਮੇ ਅਤੇ ਟਰਾਫੀਆਂ ਜਿੱਤ ਸਕਣ।