ਭਾਈ ਜਸਵੀਰ ਸਿੰਘ ਰੋਡੇ ਨੂੰ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਦੀ ਮੰਗ ਦੁਹਰਾਈ; ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਆਪਣੇ ਸਟੈਂਡ ਤੇ ਡਟੇ
ਕਮਲਜੀਤ ਸਿੰਘ ਸੰਧੂ
ਬਰਨਾਲਾ, 22 ਜੁਲਾਈ 2024- ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ, ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ।
ਜਸਵੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ਼ਹੀਦ ਪਰਿਵਾਰ ਵਿੱਚੋਂ ਹਨ, ਜਿਸ ਕਾਰਨ ਉਹ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ। ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ 1996 ਵਿੱਚ ਮੋਗਾ ਕਾਨਫਰੰਸ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਥਕ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਰੋਡੇ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਮੈਨੂੰ ਇਸ ਸਬੰਧੀ ਕੁਝ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਲਾਇਕ ਨਹੀਂ ਹੈ, ਉਨ੍ਹਾਂ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੱਖਾਂ 'ਤੇ ਗੋਲੀਆਂ ਚਲਾਈਆਂ ਗਈਆਂ, ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੁਆਫ਼ੀ ਤੋਂ ਮੁਆਫ਼ ਕੀਤਾ ਗਿਆ। ਉਸਨੇ ਸਿੱਖ ਕੌਮ ਦੀ ਹਰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕੀਤੀ ਹੈ। ਜਿਸ ਕਾਰਨ ਸੁਖਬੀਰ ਸਿੰਘ ਬਾਦਲ ਇਸ ਅਹੁਦੇ ਦੇ ਲਾਇਕ ਨਹੀਂ ਹਨ। ਅੰਮ੍ਰਿਤਪਾਲ ਸਿੰਘ ਨਾਲ ਆਖਰੀ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਰਾਜਦੇਵ ਖਾਲਸਾ ਨੇ ਦੱਸਿਆ ਕਿ, ਚੋਣ ਨਤੀਜਿਆਂ ਤੋਂ ਬਾਅਦ 5 ਜੂਨ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹੋਈ ਸੀ, ਜਿਸ ਦੌਰਾਨ ਲੰਬੀ ਗੱਲਬਾਤ ਹੋਈ ਸੀ। ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੇ ਭਰਾ 'ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।