ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਹਾਂ- ਅਕਾਲੀ ਦਲ 'ਚੋਂ ਕੱਢੇ ਜਾਣ ਮਗਰੋਂ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ
ਅਕਾਲੀ ਦਲ 'ਚ ਸੁਧਾਰ ਕਰਨ ਲਈ ਅੱਗੇ ਆਉਣ ਵਾਲੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਕੇ ਸੁਖਬੀਰ ਨੇ ਆਪਣੀ ਬੁੱਖਲਾਹਟ ਜਾਹਰ ਕੀਤੀ- ਪਰਮਿੰਦਰ ਢੀਡਸਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 31 ਜੁਲਾਈ,2024 ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੋਹਰੀ ਮੈਂਬਰ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਤੇ ਅਕਾਲੀ ਦਲ ਸੋਚ ਨੂੰ ਪ੍ਰਚੰਡ ਕਰਨ ਲਈ ਤੁਰੇ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਣ ਉੱਪਰ ਤਿੱਖੀ ਪ੍ਰਤਿਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਅਕਾਲੀ ਵਰਕਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕਰ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ, ਅਸੀਂ ਸੁਖਬੀਰ ਸਿੰਘ ਬਾਦਲ ਦੇ ਗੁਲਾਮ ਨਹੀਂ ਹਾਂ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਸਿੱਖ ਪੰਥ ਵਿਰੋਧੀ ਡੇਰਾ ਮੁਖੀ ਨਾਲ ਮਿਲ ਕੇ ਕੀਤੇ ਕਾਰਨਾਮਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਪੈਂਤੜਾ ਖੇਡਣ ਦਾ ਅਸਫਲ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਸੁਧਾਰ ਦੀ ਗੱਲ ਕਰ ਰਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਕੇ ਸੁਖਬੀਰ ਨੇ ਆਪਣੀ ਬੁਖਲਾਹਟ ਜੱਗ ਜਾਹਿਰ ਕੀਤੀ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਲਈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਮਜਬੂਤ ਕਰਨ ਲਈ ਜੁੜ ਰਹੇ ਹਨ ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸੱਭ ਦੇ ਸਾਹਮਣੇ ਜੱਗ ਜਾਹਰ ਹੋ ਜਾਣਗੇ ।