ਰਾਘਵ ਚੱਢਾ ਨੇ ਰਾਜ ਸਭਾ 'ਚ ਪੰਜਾਬ ਦੇ ਹਜ਼ਾਰਾਂ ਕਰੋੜਾਂ ਰੁਪਏ ਬਕਾਇਆ ਜਾਰੀ ਕਰਨ ਦੀ ਕੀਤੀ ਮੰਗ (ਵੀਡੀਓ ਵੀ ਦੇਖੋ)
- ਕੇਂਦਰ ਸਰਕਾਰ ਨੇ ਆਰ.ਡੀ.ਐੱਫ ਦੇ ₹5,600 ਕਰੋੜ, ਐੱਮ.ਡੀ.ਐੱਫ ਦੇ ₹1,100 ਕਰੋੜ, ਐਨ.ਐਚ.ਐਮ ਦੇ ₹1,100 ਕਰੋੜ, ਸਰਵ ਸਿੱਖਿਆ ਅਭਿਆਨ ਦੇ ₹180 ਕਰੋੜ ਅਤੇ ਪੂੰਜੀ ਨਿਰਮਾਣ ਲਈ ₹1,800 ਕਰੋੜ ਰੁਪਏ ਦੇ ਵਿਸ਼ੇਸ਼ ਸਹਾਇਤਾ ਫ਼ੰਡ ਰੋਕੇ ਹੋਏ ਹਨ: ਰਾਘਵ ਚੱਢਾ
- ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ; ਹਰੀ ਕ੍ਰਾਂਤੀ ਰਾਹੀਂ ਦੇਸ਼ ਦਾ ਔਖੇ ਸਮੇਂ 'ਚ ਢਿੱਡ ਭਰਿਆ: ਰਾਘਵ ਚੱਢਾ
- ਸਾਡੇ ਕਿਸਾਨਾਂ ਨੇ ਦੇਸ਼ ਨੂੰ ਸਭ ਕੁਝ ਦਿੱਤਾ, ਅੱਜ ਮੈਂ ਉਨ੍ਹਾਂ ਕਿਸਾਨਾਂ ਦੀ ਆਵਾਜ਼ ਬਣ ਕੇ ਖੜ੍ਹਾ ਹਾਂ: ਰਾਘਵ ਚੱਢਾ
- ਅਸੀਂ ਇਹ ਫ਼ੰਡ ਜਾਰੀ ਕਰਨ ਦੀ ਵਾਰ-ਵਾਰ ਮੰਗ ਕੀਤੀ ਹੈ, ਅੱਜ 3 ਕਰੋੜ ਪੰਜਾਬੀਆਂ ਦੀ ਤਰਫ਼ੋਂ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਫ਼ੰਡ ਜਾਰੀ ਕੀਤੇ ਜਾਣ ਤਾਂ ਜੋ ਪੰਜਾਬ ਵਿੱਚ ਵਿਕਾਸ ਕਾਰਜ ਮੁਕੰਮਲ ਹੋ ਸਕਣ: ਰਾਘਵ ਚੱਢਾ
ਨਵੀਂ ਦਿੱਲੀ/ਚੰਡੀਗੜ੍ਹ, 31 ਜੁਲਾਈ 2024 - ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਹੋਏ ਵਿਕਾਸ ਕਾਰਜਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਰੋਕੇ ਫ਼ੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। 'ਆਪ' ਸਾਂਸਦ ਨੇ ₹5,600 ਕਰੋੜ ਰੁਪਏ ਪੇਂਡੂ ਵਿਕਾਸ ਫ਼ੰਡ (ਆਰਡੀਐਫ਼), ₹1,100 ਕਰੋੜ ਮੰਡੀ ਵਿਕਾਸ ਫ਼ੰਡ, ਰਾਸ਼ਟਰੀ ਸਿਹਤ ਮਿਸ਼ਨ ਫ਼ੰਡ ਲਈ ₹1,100 ਕਰੋੜ, ' ਸਮਗਰ ਸਿੱਖਿਆ ਅਭਿਆਨ' ਲਈ ₹180 ਕਰੋੜ, ਅਤੇ ਵਿਸ਼ੇਸ਼ ਪੂੰਜੀ ਸਹਾਇਤਾ ਲਈ ₹1,800 ਕਰੋੜ ਦੇ ਮਾਮਲੇ ਨੂੰ ਉਜਾਗਰ ਕੀਤਾ। ਦੇਸ਼ ਦੀ ਤਰੱਕੀ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਅਤੇ ਇਸ ਦੇ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਹੋਏ ਕੇਂਦਰ ਵੱਲੋਂ ਪੂੰਜੀ ਸਹਾਇਤਾ ਰੋਕ ਦਿੱਤੀ ਗਈ ਹੈ। ਰਾਘਵ ਚੱਢਾ ਨੇ 3 ਕਰੋੜ ਪੰਜਾਬੀਆਂ ਦੀ ਤਰਫ਼ੋਂ ਫ਼ੰਡ ਜਾਰੀ ਕਰਨ ਦੀ ਅਪੀਲ ਕਰਦਿਆਂ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੀ ਫ਼ੌਰੀ ਲੋੜ 'ਤੇ ਜ਼ੋਰ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/875069997977182
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ‘ਪੰਜਾਬ ਵਿੱਚ ਵਿਕਾਸ ਕਾਰਜਾਂ ’ਤੇ ਚਿੰਤਾ’ ਵਿਅਕਤ ਕਰਦਿਆਂ ਮੁੱਦਾ ਉਠਾਇਆ। 'ਆਪ' ਸੰਸਦ ਮੈਂਬਰ ਨੇ ਕਿਹਾ, ''ਅੱਜ ਮੈਂ ਪੰਜਾਬ ਦੇ ਨੁਮਾਇੰਦੇ ਵਜੋਂ ਆਪਣੇ ਸੂਬੇ ਪੰਜਾਬ ਦੇ ਹੱਕਾਂ ਲਈ ਬੋਲਣ ਲਈ ਖੜ੍ਹਾ ਹੋਇਆ ਹਾਂ। ਪੰਜਾਬ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲਾ ਸੂਬਾ ਹੈ। ਪੰਜਾਬ ਨੇ ਦੇਸ਼ ਨੂੰ 'ਹਰੀ ਕ੍ਰਾਂਤੀ' ਦਿੱਤੀ ਅਤੇ ਔਖੇ ਸਮੇਂ 'ਚ ਦੇਸ਼ ਦਾ ਪੇਟ ਪਾਲਿਆ।
ਦੇਸ਼ ਦੇ ਵਿਕਾਸ ਵਿੱਚ ਪੰਜਾਬ ਅਤੇ ਇਸ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਕਿਹਾ, “ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਅਤੇ ਪੰਜਾਬੀਆਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਪੰਜਾਬ ਨੂੰ ਭਾਰਤ ਦੀ 'ਰੋਟੀ ਦੀ ਟੋਕਰੀ' ਕਿਹਾ ਜਾਂਦਾ ਹੈ। ਸਾਡੇ ਕਿਸਾਨਾਂ ਨੇ ਦੇਸ ਨੂੰ ਸਭ ਕੁਝ ਦਿੱਤਾ ਹੈ, ਅੱਜ ਮੈਂ ਉਨ੍ਹਾਂ ਕਿਸਾਨਾਂ ਦੀ ਆਵਾਜ਼ ਬਣ ਕੇ ਇੱਥੇ ਖੜ੍ਹਾ ਹਾਂ।
ਪੰਜਾਬ ਦੇ ਲੰਮੇ ਸਮੇਂ ਤੋਂ ਬਕਾਇਆ ਫੰਡਾਂ ਨੂੰ ਉਜਾਗਰ ਕਰਦਿਆਂ 'ਆਪ' ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੀਆਂ ਵੱਖ-ਵੱਖ ਸਕੀਮਾਂ ਦੇ ਹਜ਼ਾਰਾਂ ਕਰੋੜ ਰੁਪਏ ਜੋ ਕੇਂਦਰ ਨੇ ਸਾਨੂੰ ਦੇਣੇ ਸਨ, ਰੋਕੇ ਹੋਏ ਹਨ। ਬਕਾਇਆ ਪੇਂਡੂ ਵਿਕਾਸ ਫ਼ੰਡ ਦੇ 5600 ਕਰੋੜ ਰੁਪਏ, ਮੰਡੀ ਵਿਕਾਸ ਫ਼ੰਡ ਦੇ 1100 ਕਰੋੜ ਰੁਪਏ, ਰਾਸ਼ਟਰੀ ਸਿਹਤ ਮਿਸ਼ਨ ਦੇ 1100 ਕਰੋੜ ਰੁਪਏ, ਸਮਗਰ ਸਿੱਖਿਆ ਅਭਿਆਨ (ਸਿੱਖਿਆ) ਦੇ 180 ਕਰੋੜ ਰੁਪਏ, ਪੂੰਜੀ ਸਿਰਜਣ ਲਈ 1800 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ।
ਸੰਸਦ ਮੈਂਬਰ ਰਾਘਵ ਚੱਢਾ ਨੇ ਅਪੀਲ ਕਰਦਿਆਂ ਕਿਹਾ ਕਿ “ਅਸੀਂ ਵਾਰ-ਵਾਰ ਇਹ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਅੱਜ ਮੈਂ 3 ਕਰੋੜ ਪੰਜਾਬੀਆਂ ਦੀ ਤਰਫ਼ੋਂ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਫ਼ੰਡ ਜਾਰੀ ਕੀਤੇ ਜਾਣ ਤਾਂ ਜੋ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ,”।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.), ਪੇਂਡੂ ਵਿਕਾਸ ਫ਼ੰਡ (ਆਰ.ਡੀ.ਐੱਫ.), ਮੰਡੀ ਵਿਕਾਸ ਫ਼ੰਡ (ਐੱਮ.ਡੀ.ਐੱਫ.), ਸਮਗਰ ਸਿੱਖਿਆ ਅਭਿਆਨ (ਐੱਸ.ਐਸ.ਏ.) ਦੇ ਖਾਤੇ 'ਤੇ ਪੰਜਾਬ ਦਾ ਕੁੱਲ 9,780 ਕਰੋੜ ਰੁਪਏ ਦਾ ਰੋਕ ਲਏ ਹਨ ਅਤੇ ਪੂੰਜੀ ਨਿਵੇਸ਼ ਲਈ ਰਾਜ ਨੂੰ ਵਿਸ਼ੇਸ਼ ਸਹਾਇਤਾ ਜਿਸ ਨੇ ਵਿਕਾਸ ਕਾਰਜਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ ਅਤੇ ਰਾਜ ਦੇ ਖ਼ਜ਼ਾਨੇ 'ਤੇ ਵਾਧੂ ਬੋਝ ਪਾਇਆ ਹੈ।