ਡੇਰਾ ਜਗਮਾਲਵਾਲੀ ਦੇ ਮੁਖੀ ਦੀ ਮੌਤ ਪਿੱਛੋਂ ਗੱਦੀ ਵਿਵਾਦ ਕਾਰਨ ਗੋਲੀ ਚੱਲਣ ਦੇ ਚਰਚੇ
ਅਸ਼ੋਕ ਵਰਮਾ
ਚੰਡੀਗੜ੍ਹ,1ਅਗਸਤ 2024: ਸਿਰਸਾ ਜ਼ਿਲ੍ਹੇ ਦੇ ਡੇਰਾ ਜਗਮਾਲ ਵਾਲੀ ਦੇ ਮੁਖੀ ਬਹਾਦਰ ਚੰਦ ਵਕੀਲ ਸਾਹਿਬ ਦਾ ਅੱਜ ਸਵੇਰੇ ਦੇਹਾਂਤ ਹੋਣ ਪਿੱਛੋਂ ਗੱਦੀ ਨੂੰ ਲੈਕੇ ਵਿਵਾਦ ਹੋਣ ਦੇ ਚੱਲਦਿਆਂ ਗੋਲੀ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈ। ਪਿਛਲੇ ਇੱਕ ਸਾਲ ਤੋਂ ਬਿਮਾਰ ਹੋਣ ਕਰਕੇ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜਗਮਾਲਵਾਲੀ ਡੇਰੇ ਵਿਖੇ ਲਿਆਂਦਾ ਗਿਆ ਜਿਸ ਤੋਂ ਬਾਅਦ ਇਹ ਸਥਿਤੀ ਬਣੀ ਹੈ। ਸੂਤਰ ਦੱਸਦੇ ਹਨ ਕਿ ਡੇਰਾ ਮੁਖੀ ਦੀ ਮ੍ਰਿਤਕ ਦੇਹ ਜਦੋਂ ਡੇਰੇ ਪਹੁੰਚੀ ਤਾਂ ਉਸ ਵਕਤ ਉਨ੍ਹਾਂ ਦਾ ਡਰਾਈਵਰ ਵਰਿੰਦਰ ਸਿੰਘ ਵੀ ਮੌਕੇ ਤੇ ਮੌਜੂਦ ਸੀ। ਜਾਣਕਾਰੀ ਅਨੁਸਾਰ ਡੇਰਾ ਮੁਖੀ ਦੇ ਬਿਮਾਰ ਹੋਣ ਤੋਂ ਮਗਰੋਂ ਵਰਿੰਦਰ ਸਿੰਘ ਵੱਲੋਂ ਡੇਰੇ ਦਾ ਕੰਮ ਕਾਜ ਸੰਭਾਲਿਆ ਜਾ ਰਿਹਾ ਸੀ।
ਸੂਤਰਾਂ ਮੁਤਾਬਕ ਵਰਿੰਦਰ ਸਿੰਘ ਨੂੰ ਗੱਦੀ ਮਿਲਣ ਦੀ ਚਰਚਾ ਸੁਣਕੇ ਡੇਰਾ ਮੁਖੀ ਦੇ ਦਰਸ਼ਨਾਂ ਨੂੰ ਆਏ ਕੁੱਝ ਲੋਕ ਭੜਕ ਗਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਹੈ ਕਿ ਇਸ ਮੌਕੇ ਡੇਰੇ ਨਾਲ ਜੁੜੀ ਸੰਗਤ ਉਸ ਨੂੰ ਕੁੱਟਣ ਲੱਗ ਪਈ ਤਾਂ ਸਥਿਤੀ ਵਿਗੜਦੀ ਦੇਖ ਪÇੁਲਸ ਨੇ ਵਰਿੰਦਰ ਨੂੰ ਕਾਰ ’ਚ ਉਥੋਂ ਬਾਹਰ ਕੱਢਕੇ ਆਪਣੇ ਨਾਲ ਲੈ ਗਈ । ਇਸ ਸਬੰਧ ’ਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਕੁੱਝ ਲੋਕ ਇੱਕ ਵਿਅਕਤੀ ਨੂੰ ਕੁੱਟ ਰਹੇ ਹਨ ਅਤੇ ਪੁਲਿਸ ਉਸ ਨੂੰ ਬਚਾ ਰਹੀ ਹੈ। ਪਤਾ ਲੱਗਿਆ ਹੈ ਕਿ ਇਸ ਦੌਰਾਨ ਕਿਸੇ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ। ਇਸ ਫਾਇਰਿੰਗ ਸਬੰਧੀ ਅਜੇ ਤੱਕ ਕਿਸੇ ਅਧਿਕਾਰੀ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਵੱਡੀ ਗਿਣਤੀ ’ਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਡੇਰਾ ਮੁਖੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂ.ਪੀ ਤੋਂ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਜਿਸ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਵੀ ਸਖਤ ਕਰ ਦਿੱਤੇ ਹਨ। ਡੇਰਾ ਮੁਖੀ ਦੇ ਦੇਹਾਂਤ ਦੀ ਖਬਰ ਸੁਣਦਿਆਂ ਭਾਰਤੀ ਜੰਤਾ ਪਾਰਟੀ ਦੇ ਆਗੂ ਅਸ਼ੋਕ ਤੰਵਰ ਡੇਰਾ ਜਗਮਾਲ ਵਾਲੀ ਪੁੱਜੇ ਅਤੇ ਡੇਰਾ ਮੁਖੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ੍ਰੀ ਤੰਵਰ ਨੇ ਡੇਰਾ ਪ੍ਰਬੰਧਕਾਂ ਨਾਲ ਦੁੱਖ ਵੀ ਸਾਂਝਾ ਕੀਤਾ। ਓਧਰ ਡੇਰਾ ਮੁਖੀ ਦੇ ਦਿਹਾਂਤ ਕਾਰਨ ਡੇਰੇ ’ਚ 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਡੇਰੇ ਵਿੱਚ ਕੋਈ ਸਾਲਾਨਾ ਸਮਾਗਮ ਨਹੀਂ ਹੋਵੇਗਾ।ਇਸ ਤੋਂ ਪਹਿਲਾਂ 31 ਜੁਲਾਈ ਨੂੰ ਡੇਰਾ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਡੇਰਾ ਮੁਖੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਸਥਿਰ ਬਣੀ ਹੋਈ ਹੈ।
ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਹਸਪਤਾਲ ਆਉਣ ਦੀ ਬਜਾਏ ਡੇਰਾ ਮੁਖੀ ਦੇ ਜਲਦੀ ਠੀਕ ਹੋਣ ਲਈ ਸਿਮਰਨ ਕਰਨ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ। ਸੰਤ ਬਹਾਦਰ ਚੰਦ ਮੂਲ ਰੂਪ ਵਿੱਚ ਪਿੰਡ ਚੌਟਾਲਾ ਪਿੰਡ ਦੇ ਵਸਨੀਕ ਸਨ ਜਿੱਥੇ ਉਨ੍ਹਾਂ ਦਾ ਜਨਮ 10 ਦਸੰਬਰ 1944 ਨੂੰ ਹੋਇਆ ਸੀ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਦਯਾਨੰਦ ਕਾਲਜ, ਹਿਸਾਰ ਤੋਂ ਅਗਲੀ ਪੜ੍ਹਾਈ ਕੀਤੀ। ੇ ਉਹ ਆਰੀਆ ਸਮਾਜ ਪ੍ਰਚਾਰਨੀ ਸਭਾ ਦੇ ਪ੍ਰਧਾਨ ਬਣੇ। ਇਸ ਮਗਰੋਂ ਉਨ੍ਹਾਂ ਨੇ ਲਾਅ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ। 1968 ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਡੇਰਾ ਜਗਮਾਲਵਾਲੀ ਵਿੱਚ ਚਲੇ ਗਏ ਗਏ। ਵੇਰਵਿਆਂ ਅਨੁਸਾਰ 9 ਅਗਸਤ 1998 ਨੂੰ ਸੰਤ ਬਹਾਦਰ ਚੰਦ ਨੂੰ ਡੇਰੇ ਦੀ ਗੱਦੀ ਤੇ ਬਿਠਾਇਆ ਅਤੇ ਉਦੋਂ ਤੋਂ ਉਹ ਮਸਤਾਨਾ ਸ਼ਾਹ ਬਲੋਚਿਸਤਾਨੀ ਡੇਰਾ ਜਗਮਾਲਵਾਲੀ ਦੇ ਮੁਖੀ ਸਨ।
ਛੇ ਦਹਾਕੇ ਪਹਿਲਾਂ ਬਣਿਆ ਸੀ ਡੇਰਾ
ਜਾਣਕਾਰੀ ਅਨੁਸਾਰ ਜਗਮਾਲਵਾਲੀ 300 ਸਾਲ ਪਹਿਲਾਂ ਵਸਿਆ ਸੀ, ਜੋ ਮੰਡੀ ਕਾਲਿਆਂ ਵਾਲੀ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਡੇਰਾ ਜਗਮਾਲ ਵਾਲੀ ਨਾਲ ਜੁੜੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਡੇਰੇ ਦੀ ਸਥਾਪਨਾ 1964-65 ਵਿੱਚ ਹੋਈ ਜਦੋਂ ਬਾਬਾ ਸੱਜਣ ਸਿੰਘ ਰੂਹਲ ਨੇ ਆਪਣੀ ਕਾਫੀ ਜ਼ਮੀਨ ਸੰਤ ਗੁਰਬਖਸ਼ ਸਿੰਘ ਮੈਨੇਜਰ ਸਾਹਿਬ ਨੂੰ ਦਾਨ ਦੇਣ ਪਿੱਛੋ ਡੇਰਾ ਬਨਾਉਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਬੇਨਤੀ ਦੇ ਅਧਾਰ ’ਤੇ ਸੰਤ ਗੁਰਬਖਸ਼ ਸਿੰਘ ਨੇ ਇੱਥੇ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਦੀ ਸਥਾਪਨਾ ਕੀਤੀ। ਪਹਿਲਾਂ ਇਕ ਛੋਟਾ ਜਿਹਾ ਆਸ਼ਰਮ ਹੁਣ ਕਾਫੀ ਵੱਡਾ ਬਣ ਚੁੱਕਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੋਈ ਥੰਮ ਨਹੀਂ ਹਨ। ਹੁਣ ਤੱਕ ਡੇਰੇ ਦੀ ਗੱਦੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਕੋਲ ਸੀ ਪਰ ਹੁਣ ਸ਼ਰਧਾਲੂਆਂ ਦੀਆਂ ਨਜ਼ਰਾਂ ਅਗਲੇ ਮੁਖੀ ਤੇ ਟਿਕ ਗਈਆਂ ਹਨ।