ਲੁਟੇਰਿਆਂ ਨੇ ਪੈਦਲ ਜਾ ਰਹੀ ਇੱਕ ਔਰਤ ਤੋਂ ਮੋਬਾਈਲ ਫ਼ੋਨ ਖੋਹਿਆ, ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ
ਰਵਿੰਦਰ ਢਿੱਲੋਂ
ਖੰਨਾ, 1 ਅਗਸਤ 2024 - ਖੰਨਾ ਦੇ ਫੈਕਟਰੀ ਰੋਡ 'ਤੇ ਲੁਟੇਰਿਆਂ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਇੱਥੇ ਪੈਦਲ ਜਾ ਰਹੀ ਇੱਕ ਔਰਤ ਤੋਂ ਮੋਬਾਈਲ ਫ਼ੋਨ ਖੋਹ ਲਿਆ ਗਿਆ। ਔਰਤ ਨੇ ਰੌਲਾ ਪਾਇਆ ਤਾਂ ਸ਼ਿਵ ਸੈਨਿਕਾਂ ਨੇ ਲੋਕਾਂ ਦੀ ਮਦਦ ਨਾਲ ਬਾਈਕ ਸਵਾਰ ਲੁਟੇਰਿਆਂ ਨੂੰ ਫੜ ਲਿਆ। ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਿੰਨਾਂ ਲੁਟੇਰਿਆਂ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਦਹੇੜੂ, ਭੋਲਾ ਸਿੰਘ ਉਰਫ਼ ਅਮਨਦੀਪ ਸਿੰਘ ਵਾਸੀ ਰੋਹਣੋਂ ਖੁਰਦ ਅਤੇ ਸੰਨੀ ਵਾਸੀ ਮੀਟ ਮਾਰਕੀਟ ਖੰਨਾ ਵਜੋਂ ਹੋਈ ਹੈ। ਕਾਜਲ ਵਾਸੀ ਗੁਰੂ ਨਾਨਕ ਨਗਰ ਗਲੀ ਨੰਬਰ 1, ਕਪਾਸ਼ ਫੈਕਟਰੀ ਰੋਡ, ਖੰਨਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦੀ ਵੈਨ ਵਿੱਚ ਹੈਲਪਰ ਵਜੋਂ ਨੌਕਰੀ ਕਰਦੀ ਹੈ।
ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਪੈਦਲ ਘਰ ਜਾ ਰਹੀ ਸੀ ਤਾਂ ਖਾਪੜ ਫੈਕਟਰੀ ਰੋਡ 'ਤੇ ਸ਼ਰਾਬ ਦੇ ਠੇਕੇ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੇ ਉਸ ਦੇ ਹੱਥ 'ਚ ਪਿਆ ਮੋਬਾਈਲ ਫੋਨ ਖੋਹ ਲਿਆ ਅਤੇ ਤਿੰਨੋਂ ਫ਼ਰਾਰ ਹੋ ਗਏ। ਰੌਲਾ ਪੈਣ 'ਤੇ ਨੇੜੇ ਹੀ ਦਫ਼ਤਰ 'ਚ ਬੈਠੇ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਚੰਚਲ ਮਿਸ਼ਰਾ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਫੜ ਲਿਆ | ਫਿਰ ਉਥੇ ਲੋਕ ਇਕੱਠੇ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਲੁਟੇਰਿਆਂ ਦੀ ਕੁੱਟਮਾਰ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਅਜਿਹੇ ਅਪਰਾਧ ਕਰਦੇ ਹਨ।
ਉਹ ਸਵੇਰੇ ਸਿਵਲ ਹਸਪਤਾਲ ਤੋਂ ਨਸ਼ਾ ਛੁਡਾਊ ਦੀਆਂ ਗੋਲੀਆਂ ਲੈ ਕੇ ਫਿਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 304 (2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੰਨੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਬਾਕੀ ਦੋ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ ਸੀ।