ਚੇਅਰਮੈਨ ਸੇਖਵਾਂ ਦੇ ਯਤਨਾਂ ਸਦਕਾ ਨੁਕਸਾਨੇ ਪੁਲ ਦੀ ਉਸਾਰੀ ਲਈ 2.20 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ
- ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਕੀਤਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਗਸਤ 2024 - ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਨੁਕਸਾਨੇ ਪੁਲ ਦੀ ਉਸਾਰੀ ਲਈ 2.20 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਹੁਣ ਜਲਦੀ ਹੀ ਪੁਲ ਦੀ ਉਸਾਰੀ ਸ਼ੁਰੂ ਹੋ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੇਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪਿਛਲੇ ਸਾਲ 15 ਅਗਸਤ ਨੂੰ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਬਹੁਤ ਜਿਆਦਾ ਪਾਣੀ ਛੱਡਣ ਨਾਲ ਤੁਗਲਵਾਲਾ-ਚੱਕ ਸ਼ਰੀਫ਼ ਰੋਡ ਉੱਪਰ ਬਣਿਆ ਪੁਲ, ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਮੀਨ ਦੇ ਹੇਠਾਂ ਵੱਲ ਧਸ ਗਿਆ ਸੀ ਅਤੇ ਇਸ ਪੁਲ ਤੋਂ ਉਸ ਦਿਨ ਤੋਂ ਆਵਾਜਾਈ ਬੰਦ ਹੋ ਗਈ ਸੀ। ਇਹ ਪੁਲ ਨੁਕਸਾਨੇ ਜਾਣ ਕਾਰਨ ਕਾਹਨੂੰਵਾਨ ਦੇ ਬੇਟ ਇਲਾਕੇ ਦੇ 40 ਪਿੰਡ ਪ੍ਰਭਾਵਿਤ ਹੋਏ ਸਨ ਅਤੇ ਇਸ ਪੁਲ ਦੇ ਬੰਦ ਹੋਣ ਨਾਲ ਆਵਾਜਾਈ ਬਿਲਕੁਲ ਬੰਦ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕਰਕੇ ਇਸ ਪੁਲ ਨੂੰ ਬਣਾਉਣ ਦਾ ਮੁੱਦਾ ਉਠਾਇਆ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਟ ਇਲਾਕੇ ਦੇ ਲੋਕਾਂ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਨੁਕਸਾਨੇ ਪੁਲ ਦੀ ਉਸਾਰੀ ਲਈ 2.20 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਪੁਲ ਦੀ ਉਸਾਰੀ ਦਾ ਟੈਂਡਰ ਲਗਾਇਆ ਜਾਵੇਗਾ ਅਤੇ ਟੈਂਡਰ ਪ੍ਰੀਕ੍ਰਿਆ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਪੁਲ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਬਹੁਤ ਜਲਦੀ ਬੇਟ ਇਲਾਕੇ ਦੇ ਲੋਕਾਂ ਦੀ ਇਹ ਮੁਸ਼ਕਲ ਹੱਲ ਹੋ ਜਾਵੇਗੀ।
ਤੁਗਲਵਾਲ-ਚੱਕ ਸ਼ਰੀਫ਼ ਰੋਡ ਉੱਪਰ ਪੁਲ ਦੀ ਉਸਾਰੀ ਲਈ 2.20 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰਨ ਲਈ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕੀਤਾ ਹੈ।