ਬੰਗਲਾਦੇਸ਼ 'ਚ ਫਿਰ ਰੋਸ ਵਿਖਾਵਾ, ਚੀਫ ਜਸਟਿਸ ਨੇ ਵੀ ਦਿੱਤਾ ਅਸਤੀਫਾ
ਢਾਕਾ, 10 ਅਗਸਤ 2024 : ਬੰਗਲਾਦੇਸ਼ ਵਿੱਚ ਸਿਆਸੀ ਉਥਲ-ਪੁਥਲ ਦੌਰਾਨ ਦੇਸ਼ ਦੇ ਚੀਫ਼ ਜਸਟਿਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਢਾਕਾ 'ਚ ਸ਼ਨੀਵਾਰ ਨੂੰ ਹਾਈ ਕੋਰਟ ਦੀ ਇਮਾਰਤ ਦੇ ਸਾਹਮਣੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਿਨ੍ਹਾਂ ਨੇ ਚੀਫ ਜਸਟਿਸ ਸਮੇਤ ਸੱਤ ਜੱਜਾਂ ਦੇ ਅਸਤੀਫੇ ਦੀ ਮੰਗ ਕੀਤੀ। ਧਰਨਾਕਾਰੀ ਸ਼ਾਂਤਮਈ ਧਰਨੇ ’ਤੇ ਬੈਠੇ ਸਨ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਅੰਦੋਲਨ ਜਾਰੀ ਰੱਖਣਗੇ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਬੰਗਲਾਦੇਸ਼ ਫੌਜ ਦੇ ਜਵਾਨਾਂ ਨੂੰ ਹਾਈ ਕੋਰਟ ਕੰਪਲੈਕਸ ਵਿੱਚ ਤਾਇਨਾਤ ਕੀਤਾ ਗਿਆ ਸੀ।
ਦਰਅਸਲ ਬੰਗਲਾਦੇਸ਼ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਪ੍ਰਦਰਸ਼ਨਕਾਰੀਆਂ ਦੇ ਅਲਟੀਮੇਟਮ ਤੋਂ ਬਾਅਦ ਆਖਰਕਾਰ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੀਆਂ ਕਈ ਮੀਡੀਆ ਰਿਪੋਰਟਾਂ ਮੁਤਾਬਕ ਚੀਫ ਜਸਟਿਸ ਸ਼ਨੀਵਾਰ ਸ਼ਾਮ ਨੂੰ ਆਪਣਾ ਅਸਤੀਫਾ ਸੌਂਪਣ ਜਾ ਰਹੇ ਹਨ। ਓਬੈਦੁਲ ਹਸਨ ਨੂੰ ਪਿਛਲੇ ਸਾਲ ਬੰਗਲਾਦੇਸ਼ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ। ਹਸਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ।