ਕ੍ਰਿਸਮਸ ’ਤੇ ਨਿਊਜ਼ੀਲੈਂਡ ਆਉਣਾ ? ...ਅਖੇ ਵਿਜ਼ਟਰ ਵੀਜ਼ਿਆਂ ਦਾ ਸਾਡੇ ’ਤੇ ਪੈ ਗਿਆ ਜ਼ੋਰ-15 ਅਕਤੂਬਰ ਤੱਕ ਕਰੋ ਅਪਲਾਈ
- ਨਵੇਂ ਸਾਲ ਦੇ ਜਸ਼ਨਾਂ ਲਈ ਆਉਣਾ ਤਾਂ 15 ਨਵੰਬਰ ਤੱਕ ਭਰੋ ਅਰਜ਼ੀਆਂ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 04 ਸਤੰਬਰ 2024:-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਖਿਆ ਹੈ ਕਿ ਸਾਡੇ ਉਤੇ ਵਿਜ਼ਟਰ ਵੀਜ਼ਿਆਂ ਵਾਲੀਆਂ ਅਰਜ਼ੀਆਂ ਦਾ ਬਹੁਤ ਜ਼ੋਰ ਪੈ ਗਿਆ ਹੈ ਇਸ ਕਰਕੇ ਜਿੰਨੀ ਜਲਦੀ ਹੋ ਸਕਦਾ ਹੈ ਵਿਜ਼ਟਰ ਵੀਜੇ ਵਾਲੀਆਂ ਅਰਜ਼ੀਆਂ ਦਾਖਲ ਕਰੋ। ਵੀਜ਼ਾ ਨਿਰਦੇਸ਼ਕ ਜੌਕ ਗਿਲਰੇ ਦਾ ਕਹਿਣਾ ਹੈ ਕਿ ‘‘ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਵੱਡੀ ਮਾਤਰਾ ਨੂੰ ਦੇਖਦੇ ਹੋਏ ਜਲਦੀ ਅਪਲਾਈ ਕਰਨਾ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਊਜ਼ੀਲੈਂਡ ਦੀ ਯਾਤਰਾ ਕਰਨ ਵਾਲੇ ਲੋਕਾਂ ਨੂ ਆਪਣੀ ਯਾਤਰਾ ਦੇ ਪ੍ਰਬੰਧ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਵੀਜ਼ੇ ਦੀ ਪ੍ਰਾਪਤੀ ਹੋ ਸਕੇ।
ਨਿਊਜ਼ੀਲੈਂਡ ਦੇ ਲੋਕ ਇਸ ਗਰਮੀਆਂ ਵਿੱਚ ਦੁਨੀਆ ਭਰ ਦੇ ਦੋਸਤਾਂ, ਪਰਿਵਾਰ ਅਤੇ ਸੈਲਾਨੀਆਂ ਦਾ ਸੁਆਗਤ ਕਰਨ ਲਈ ਉਤਸੁਕ ਰਹਿੰਦੇ ਹਨ। ਇਸ ਲਈ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵੀ ਵਿਅਕਤੀ ਕ੍ਰਿਸਮਸ ਲਈ ਨਿਊਜ਼ੀਲੈਂਡ ਜਾਣ ਦੀ ਯੋਜਨਾ ਬਣਾ ਰਿਹਾ ਹੈ, ਉਹ 15 ਅਕਤੂਬਰ 2024 ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਜਮ੍ਹਾ ਕਰਾਉਣ। ਚੀਨੀ ਨਵੇਂ ਸਾਲ ਅਤੇ ਨਵੇਂ ਸਾਲ ਮੌਕੇ ਯਾਤਰਾ ਕਰਨ ਵਾਲੇ ਵਿਅਕਤੀ 15 ਨਵੰਬਰ 2024 ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾ ਕਰਵਾਉਣ। ਯਾਤਰੀਆਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੂਰੀਆਂ ਅਰਜ਼ੀਆਂ ਪ੍ਰਦਾਨ ਕਰਨ ਲਈ ਅਪੀਲ ਕੀਤੀ ਗਈ ਹੈ।ਲਜਿਨ੍ਹਾਂ ਅਰਜ਼ੀਆਂ ਵਿੱਚ ਸਹਾਇਕ ਦਸਤਾਵੇਜ਼ ਜਾਂ ਅੰਗਰੇਜ਼ੀ ਅਨੁਵਾਦ ਸ਼ਾਮਿਲ ਨਹੀਂ ਹੋਣਗੇ , ਉਹਨਾਂ ਨੂੰ ਅਸਵੀਕਾਰ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੈ। ਇੱਕ ਪੂਰੀ ਵਿਜ਼ਟਰ ਵੀਜ਼ਾ ਅਰਜ਼ੀ ਛੇਤੀ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਵੀਜ਼ਾ ਫੈਸਲਾ ਜਲਦੀ ਪ੍ਰਾਪਤ ਹੋ ਜਾਵੇਗਾ, ਜਿਸ ਨਾਲ ਤੁਸੀਂ ਨਿਊਜ਼ੀਲੈਂਡ ਦੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਵਧੇਰੇ ਸਮਾਂ ਬਿਤਾਉਣ ਦੇ ਯੋਗ ਹੋਵੋਗੇ।’
ਵੈਧ ਪਾਸਪੋਰਟ: ਯਕੀਨੀ ਬਣਾਓ ਕਿ ਤੁਹਾਡਾ ਪਾਸਪੋਰਟ ਨਿਊਜ਼ੀਲੈਂਡ ਤੋਂ ਤੁਹਾਡੀ ਰਵਾਨਗੀ ਤੋਂ ਬਾਅਦ ਘੱਟੋ-ਘੱਟ 3 ਮਹੀਨਿਆਂ ਲਈ ਵੈਧ ਹੋਵੇ। ਲਗਪਗ ਸਾਰੇ ਯਾਤਰੀਆਂ ਦੇ ਪਾਸਪੋਰਟਾਂ ’ਤੇ ਲਾਗੂ ਹੁੰਦਾ ਹੈ।
ਸਾਫ਼ ਤੇ ਸਪਸ਼ਟ ਪਾਸਪੋਰਟ ਸਕੈਨ: ਆਪਣੀ ਵੀਜ਼ਾ ਅਰਜ਼ੀ ਵਿੱਚ ਆਪਣੇ ਪਾਸਪੋਰਟ ਵਿੱਚ ਫੋਟੋ ਪੰਨੇ ਦੀ ਇੱਕ ਸਪਸ਼ਟ, ਸਕੈਨ ਕੀਤੀ ਕਾਪੀ ਸ਼ਾਮਲ ਕਰੋ।
ਸਵੀਕਾਰਯੋਗ ਫੋਟੋ: ਪ੍ਰੋਸੈਸਿੰਗ ਦੇਰੀ ਤੋਂ ਬਚਣ ਲਈ ਖਾਸ ਲੋੜਾਂ ਨੂੰ ਪੂਰਾ ਕਰਨ ਵਾਲੀ ਫੋਟੋ ਪ੍ਰਦਾਨ ਕਰੋ।
ਸਟੀਕ ਵੇਰਵੇ: ਆਪਣੀ ਨਿੱਜੀ ਜਾਣਕਾਰੀ, ਜਿਵੇਂ ਕਿ ਨਾਮ, ਪਾਸਪੋਰਟ ਨੰਬਰ ਅਤੇ ਜਨਮ ਮਿਤੀ ਦੀ ਦੋ ਵਾਰ ਜਾਂਚ ਕਰੋ।
ਅਸਲ ਉਦੇਸ਼: ੁਹ ਦਸਤਾਵੇਜ਼ ਜਮ੍ਹਾ ਕਰੋ ਜੋ ਅਸਥਾਈ ਤੌਰ ’ਤੇ ਨਿਊਜ਼ੀਲੈਂਡ ਜਾਣ ਅਤੇ ਬਾਅਦ ਵਿੱਚ ਘਰ ਵਾਪਸ ਜਾਣ ਦੇ ਤੁਹਾਡੇ ਇਰਾਦੇ ਅਤੇ ਉਦੇਸ਼ ਨੂੰ ਦਰਸਾਉਂਦੇ ਹਨ।
ਅੰਗਰੇਜ਼ੀ ਦਸਤਾਵੇਜ਼: ਅੰਗਰੇਜ਼ੀ ਵਿੱਚ ਸਹਾਇਕ ਦਸਤਾਵੇਜ਼ ਪ੍ਰਦਾਨ ਕਰੋ ਜਾਂ ਗੈਰ-ਅੰਗਰੇਜ਼ੀ ਦਸਤਾਵੇਜ਼ਾਂ ਲਈ ਅੰਗਰੇਜ਼ੀ ਅਨੁਵਾਦ ਪ੍ਰਦਾਨ ਕਰੋ। ਵਰਨਣਯੋਗ ਹੈ ਕਿ ਫੀਸਾਂ ਅਤੇ ਲੇਵੀਜ਼ ਦੇ ਵੀਜ਼ਾ ਖਰਚਿਆਂ ਵਿੱਚ ਵਾਧਾ 1 ਅਕਤੂਬਰ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਵਿਜ਼ਟਰ ਵੀਜਾ ਬੈਂਡ-ਏ ਵਾਲੀ ਫੀਸ ਹੁਣ 190 ਤੋਂ ਵੱਧ ਕੇ 300 ਡਾਲਰ ਹੋਣ ਜਾ ਰਹੀ ਹੈ। ਲੈਵੀ 21 ਡਾਲਰ ਤੋਂ ਵਧ ਕੇ 41 ਡਾਲਰ ਹੋ ਰਹੀ ਹੈ। ਪੈਸੇਫਿਕ ਲੋਕਾਂ ਵਾਸਤੇ ਇਹ ਫੀਸ 175 ਡਾਲਰ ਅਤੇ 41 ਡਾਲਰ ਰਹੇਗੀ।