ਅੰਨਦਾਤੇ ਦੀ ਕੂਕ: ਕਿਤੇ ਕੱਲਾ ਬੈਠ ਸੋਚੀਂ ਹਾਕਮਾਂ ਅਸੀਂ ਕੀ ਮੁੱਲ ਨੀ ਤਾਰਿਆ ਮੁਲਕ ਲਈ
ਅਸ਼ੋਕ ਵਰਮਾ
ਚੰਡੀਗੜ੍ਹ, 4 ਸਤੰਬਰ 2024: ਚੰਡੀਗੜ੍ਹ ਦੇ ਦੁਸ਼ਹਿਰਾ ਗਰਾਊਂਡ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਭਰਾਤਰੀ ਮੋਢੇ ਨਾਲ ਚੱਲ ਰਿਹਾ ਕਿਸਾਨ ਮਜ਼ਦੂਰ ਪ੍ਰੀਵਾਰਾਂ ਦਾ ਧਰਨਾ ਕਈ ਦਰਦ ਕਹਾਣੀਆਂ ਦਾ ਵਹਿਣ ਬਣਿਆ ਹੋਇਆ ਹੈ। ਹਰ ਮਾਮਲੇ ਦੀ ਵਿਆਖਿਆ ਇੱਕੋ ਜਿਹੀ ਅਤੇ ਹਰ ਕਿਸੇ ਦੀ ਕਹਾਣੀ ਸਲਫਾਸ,ਫਾਹਾ,ਰੇਲ ਦੀ ਪਟੜੀ ਜਾਂ ਸਪਰੇਅ ਤੋਂ ਸ਼ੁਰੂ ਹੁੰਦੀ ਸੀ। ਇਨ੍ਹਾਂ ਘਰਾਂ ਦੇ ਕਮਾਊ ਜੀਅ ਇੱਕ-ਇੱਕ ਕਰਕੇ ਖੁਦਕਸ਼ੀਆਂ ਕਰਦੇ ਰਹੇ। ਵਿਧਵਾਵਾਂ ਦੇ ਰੂਪ ’ਚ ਇਨ੍ਹਾਂ ਉਦਾਸ ਚਿਹਰਿਆਂ ਨੇ ਆਪਣੇ ਘਰਾਂ ਦੀ ਦਾਸਤਾਨ ਦਾ ਕੁਸੈਲਾ ਸੱਚ ਹਕੂਮਤਾਂ ਨੂੰ ਦਿਖਾਇਆ ਅਤੇ ਮਿਹਣੇ ਮਾਰੇ ਕਿ ਅੰਨਾਦਾਤਾ ਅਖਵਾਉਂਦੇ ਕਿਸਾਨਾਂ ਨੇ ਮੁਲਕ ਦੇ ਅੰਨ ਦਾ ਭੜੋਲਾ ਭਰਨ ਲਈ ਖੁਦ ਦੀ ਜਿੰਦਗੀ ਨਰਕ ਬਣਾ ਲਈ ਪਰ ਸਰਕਾਰਾਂ ਨੇ ਉਨ੍ਹਾਂ ਬਾਰੇ ਕਦੇ ਵੀ ਸੋਚਿਆ ਨਹੀਂ।
ਧਰਨੇ ’ਚ ਸ਼ਾਮਲ ਵਿਧਵਾਵਾਂ ਨੇ ਹਾਕਮਾਂ ਨੂੰ ਨਸੀਹਤਾਂ ਵੀ ਦਿੱਤੀਆਂ ਅਤੇ ਸਾਰ ਲੈਣ ਦੀ ਮੰਗ ਵੀ ਕੀਤੀ। ਧਰਨੇ ਦੌਰਾਨ ਕੋਈ ਬਿਰਧ ਮਾਂ ਆਪਣੇ ਗੱਭਰੂ ਪੁੱਤ ਦੇ ਤੁਰ ਜਾਣ ਦੀ ਗੱਲ ਕਰ ਰਹੀ ਸੀ ਤੇ ਕਿਸੇ ਧੀ ਨੇ ਆਪਣੇ ਜਵਾਨ ਪਤੀ ਦੇ ਬੇਵਕਤੀ ਤੁਰ ਜਾਣ ਦਾ ਦੁੱਖ ਫਰੋਲਿਆ। ਵਿਧਵਾ ਸੁਰਜੀਤ ਕੌਰ ਆਪਣਾ ‘ਸੁਹਾਗ’ ਤਾਂ ਬਚਾ ਨਹੀਂ ਸਕੀ ਪਰ ਹੁਣ ਉਹ ਸਮੁੱਚੀ ਖੇਤੀ ਦੀ ਸੁੱਖ ਮੰਗ ਰਹੀ ਹੈ। ਪਿੰਡ ਸਿਰੀਏ ਵਾਲਾ ਦੀ ਸੁਰਜੀਤ ਕੌਰ ਨਾਲੋਂ ਵੱਧ ਰੁੱਸੇ ਖੇਤਾਂ ਦਾ ਦਰਦ ਕੌਣ ਜਾਣਦਾ ਹੈ। ਉਸ ਕੋਲੋਂ ਪਤੀ ਅਤੇ ਜ਼ਮੀਨ ਦੋਵੇਂ ਕਰਜ਼ੇ ਨੇ ਖੋਹ ਲਏ। ਪਤੀ ਕਿਸਾਨ ਬਲਦੇਵ ਸਿੰਘ ਦੇ ਸਿਰ 9 ਲੱਖ ਦਾ ਕਰਜ਼ਾ ਸੀ ਜਿਸ ਦਾ ਭਾਰ ਝੱਲਣਾ ਔਖਾ ਹੋ ਗਿਆ ਤਾਂ ਉਸ ਨੇ ਮੌਤ ਕਬੂਲ ਲਈ।
ਇਕੱਲੀ ਸੁਰਜੀਤ ਕੌਰ ਨਹੀਂ ਇਹ ਦਾਸਤਾਨ ਕਪਾਹ ਪੱਟੀ ਦੀਆਂ ਉਨ੍ਹਾਂ ਵਿਧਵਾ ਔਰਤਾਂ ਦੀ ਹੈ ਜਿੰਨ੍ਹਾਂ ਦੇ ਸਿਰਾਂ ਦੇ ਸਾਈਂ ਆਪਣੀਆਂ ਪੈਲੀਆਂ ਚੋਂ ਜ਼ਿੰਦਗੀ ਅਤੇ ਮੁਲਕ ਦੀ ਭੁੱਖ ਮਿਟਾਉਣ ਲਈ ਅੰਨ ਤਲਾਸ਼ਦੇ ਮਿੱਟੀ ਹੋ ਗਏ । ਖੇਤੀ ਸੰਕਟ ਕਾਰਨ ਖੇਤ ਵੀ ਖੁੱਸ ਗਏ ਅਤੇ ਪਿਛੇ ਪ੍ਰੀਵਾਰਾਂ ਦੀ ਜਿੰਦਗੀ ਵੀ ਕੱਖੋਂ ਹੌਲੀ ਹੋ ਗਈ ਹੈ। ਇਨ੍ਹਾਂ ਵਿਧਵਾ ਔਰਤਾਂ ਨੇ ਅੱਜ ਪੰਜਾਬ ਦੀ ਰੁੱਸ ਗਈ ਖੇਤੀ ਨੂੰ ਮੁੜ ਲੀਹੇ ਲਿਆਉਣ ਲਈ ਪੰਜਾਬ ਸਰਕਾਰ ਨੂੰ ਦਖਲ ਦੇਣ ਲਈ ਵੀ ਜੋਰ ਪਾਇਆ ਹੈ। ਕਈ ਪ੍ਰੀਵਾਰ ਤਾਂ ਅਜਿਹੇ ਵੀ ਸਾਹਮਣੇ ਆਏ ਜਿੰਨ੍ਹਾਂ ਦੇ ਘਰ ’ਚ ਕੋਈ ਕਮਾਉਣ ਵਾਲਾ ਵੀ ਨਹੀਂ ਬਚ ਸਕਿਆ ਹਾਂ ਜੇ ਬਚੀ ਹੈ ਤਾਂ ਸਿਰ ਕਰਜੇ ਦੀ ਪੰਡ ਜਿਸ ਨੂੰ ਲਾਹੁਣਾ ਤਾਂ ਦੂਰ ਲਾਹੁਣ ਬਾਰੇ ਸੋਚਣਾ ਵੀ ਵੱਡੀ ਗੱਲ ਬਣੀ ਹੋਈ ਹੈ।
ਵਿਧਵਾ ਚਰਨਜੀਤ ਕੌਰ ਨੂੰ ਅੱਜ ਵੀ ਉਹ ਮਨਹੂਸ ਦਿਨ ਨਹੀਂ ਭੁੱਲਦਾ ਜਿਸ ਦਿਨ ਉਸ ਦਾ ਪਤੀ ਕਰਜ਼ਿਆਂ ਦੀ ਭੇਂਟ ਚੜ੍ਹ ਗਿਆ ਸੀ। ਇਸ ਮਹਿਲਾ ਕੋਲ ਚਾਰ ਏਕੜ ਜ਼ਮੀਨ ਸੀ ਜਿਸ ‘ਚੋਂ ਦੋ ਏਕੜ ਨੂੰ ਕਰਜ਼ਾ ਖਾ ਗਿਆ। ਕਦੇ ਪਤੀ ਦੇ ਸਿਰ ਤੇ ਸੁਫਨੇ ਦੇਖਣ ਵਾਲੀ ਇਸ ਮਹਿਲਾ ਨੂੰ ਬੱਚਿਆਂ ਖਾਤਰ ਮਜ਼ਦੂਰੀ ਕਰਨੀ ਪਈ। ਵਿਧਵਾ ਕਰਨੈਲ ਕੌਰ ਪਤੀ ਵੀ ਗੁਆ ਬੈਠੀ ਹੈ ਅਤੇ ਜ਼ਮੀਨ ਵੀ । ਉਸ ਦਾ ਪਤੀ ਖ਼ੁਦਕੁਸ਼ੀ ਕਰ ਗਿਆ ਤਾਂ ਉਸ ਨੇ ਭਾਣਾ ਮੰਨ ਲਿਆ । ਸਮਾਜਿਕ ਤੌਰ ‘ਤੇ ਦਿਓਰ ਦੇ ਲੜ ਲਾ ਦਿੱਤਾ ਤਾਂ ਉਸ ਨੂੰ ਮੁੜ ਧਰਵਾਸ ਬੱਝਿਆ ਕਿ ਸ਼ਾਇਦ ਹੁਣ ਜਿੰਦਗੀ ਲੀਹੇ ਪੈ ਸਕੇਗੀ ਪਰ ਦੂਸਰਾ ਪਤੀ ਵੀ ਭਰਾ ਵਾਲੇ ਰਾਹ ਚਲਾ ਗਿਆ ਅਤੇ ਬਚੀ ਖੁਚੀ ਜ਼ਮੀਨ ਵੀ ਕਰਜ਼ੇ ਵਿੱਚ ਵਿਕ ਗਈ ।
ਸਥਿਤੀ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਜੰਮਦੇ ਬੱਚਿਆਂ ਸਿਰ ਕਰਜ਼ਾ, ਚਿੱਟੀਆਂ ਚੁੰਨੀਆਂ ਦਾ ਵਧਣਾ ਤੇ ਜ਼ਿੰਦਗੀ ਦੇ ਆਖਰੀ ਪਹਿਰ ਬਜ਼ੁਰਗਾਂ ਦਾ ਧਰਨਿਆਂ ‘ਤੇ ਬੈਠਣਾ, ਪੰਜਾਬ ਦੀ ਖੇਤੀ ਨੂੰ ਪਏ ਸੋਕੇ ਦੀ ਤਸਵੀਰ ਹੈ। ਪੀਲੇ ਜ਼ਰਦ ਚਿਹਰਿਆਂ ਨਾਲ ਜ਼ਮੀਨਾਂ ਦੀਆਂ ਰਜਿਸਟਰੀਆਂ ਤੇ ਲੱਗਦੇ ਕਿਸਾਨਾਂ ਦੇ ਅੰਗੂਠੇ ਇਨ੍ਹਾਂ ਤੱਥਾਂ ਦੀ ਗਵਾਹੀ ਭਰਦੇ ਹਨ । ਕਿਸਾਨ ਆਗੂ ਜਸਬੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਖੇਤੀ ਮੁਨਾਫੇ ਦੀ ਥਾਂ ਖੁਦਕੁਸ਼ੀਆਂ ਦਾ ਸੌਦਾ ਬਣ ਗਈ ਹੈ ਜਿਸ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਬੰਜਰ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਛੇ ਦਿਨਾਂ ਦੀ ਉਡੀਕ ਵਿੱਚ ਹੈ ਪਰ ਕਰਜੇ ਦਾ ਕਹਿਰ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚ ਵਿਛਦੇ ਸੱਥਰਾਂ ਦੀ ਲੜੀ ਟੁੱਟਣ ਨਹੀਂ ਦੇ ਰਿਹਾ ਹੈ।
ਖੇਤੀ ਨਾਲ ਜੁੜੇ ਖੇਤ ਮਜ਼ਦੂਰਾਂ ਦੀ ਸਥਿਤੀ ਕਿਸਾਨਾਂ ਨਾਲੋਂ ਵੱਖਰੀ ਨਹੀਂ ਹੈ ਜਿੰਨ੍ਹਾਂ ਦੇ ਚੁੱਲ੍ਹੇ ਵੀ ਖੇਤੀ ਸੰਕਟ ਕਰਕੇ ਠੰਢੇ ਹੋਏ ਹਨ। ਖੇਤ ਮਜਦੂਰਾਂ ਲਈ ਨਰਮਾ ਘਰਾਂ ਨੂੰ ਚਲਾਉਣ ਲਈ ਮਦਦਗਾਰ ਬਣਦਾ ਹੈ ਪ੍ਰੰਤੂ ਕਈ ਸਾਲਾਂ ਤੋਂ ਕੰਮ ਚੱਲਿਆ ਹੀ ਨਹੀਂ ਹੈ। ਕੋਈ ਸਮਾਂ ਸੀ ਜਦੋਂ ਖੇਤ ਮਜਦੂਰ ਧੀ ਦੇ ਸ਼ਾਦੀ ਵੇਲੇ ਪੈਸੇ ਫੜਦਾ ਸੀ ਪਰ ਹੁਣ ਤਾਂ ਬਿਮਾਰੀ ਤੋਂ ਲੈਕੇ ਅੰਤਿਮ ਸਸਕਾਰ ਤੱਕ ਕਰਜੇ ਸਹਾਰੇ ਕਰਨੇ ਪੈ ਰਹੇ ਹਨ। ਧਰਨੇ ’ਚ ਕਈ ਮਜ਼ਦੂਰ ਔਰਤਾਂ ਅਜਿਹੀਆਂ ਸਨ ਜਿੰਨ੍ਹਾਂ ਸਿਰ ਉਮਰਾਂ ਤੋਂ ਵੱਡਾ ਕਰਜਾ ਹੈ। ਕਿਸਾਨ ਆਗੂ ਹਰਿੰਦਰ ਬਿੰਦੂ ਦਾ ਕਹਿਣਾ ਸੀ ਕਿ ਔਰਤ ਹੀ ਖੇਤੀ ਸੰਕਟ ਦਾ ਸਭ ਤੋਂ ਵੱਡਾ ਨਿਸ਼ਾਨਾ ਬਣੀ ਹੈ। ਉਨ੍ਹਾਂ ਕਿਹਾ ਕਿ ਕਰਜਾ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿੰਦਗੀ ਨੂੰ ਗ੍ਰਹਿਣ ਵਾਂਗ ਲੱਗਿਆ ਹੋਇਆ ਹੈ।