ਔਰਤ ਨੇ ਨਹਿਰ 'ਚ ਛਾਲ ਮਾਰ ਕੀਤੀ ਜੀਵਨ ਲੀਲਾ ਸਮਾਪਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 5 ਸਤੰਬਰ 2024 ਬਲਾਚੌਰ ਦੇ ਨਾਲ ਲੱਗਦੇ ਪਿੰਡ ਕੰਗਨਾ ਬੇਟ ਵਿੱਚ ਇੱਕ ਔਰਤ ਨੇ ਬਿਸਤ ਦੁਆਬ ਨਹਿਰ ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਗੁਰਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਜੋਂ ਹੋਈ ਹੈ ।ਮ੍ਰਿਤਕ ਇਕ ਸਾਲ ਤੋਂ ਮਾਨਸਿਕ ਰੋਗ ਤੋਂ ਪੀੜਤ ਸੀ, ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਉਹ ਆਪਣੇ ਸਹੁਰੇ ਪਿੰਡ ਕੰਗਣਾ ਬੇਟ ਵਿੱਚ ਰਹਿ ਰਹੀ ਸੀ। ਉਸ ਦੀ ਇਕ ਧੀ ਅਤੇ ਇਕ ਪੁੱਤਰ ਕੈਨੇਡਾ ਚ ਹਨ ਅਤੇ ਪਤੀ ਅਮਰੀਕਾ ਵਿਚ ਰਹਿੰਦਾ ਹੈ।
ਸਰਪੰਚ ਤਾਰਾ ਸਿੰਘ ਹੋਣਾ ਅਨੁਸਾਰ ਉਹ ਅਗਸਤ 2024 ਨੂੰ ਆਪਣੀ ਧੀ ਨਾਲ ਕੈਨੇਡਾ ਤੋਂ ਘਰ ਪਰਤੀ ਸੀ। ਬੀਤੇ ਸ਼ਨੀਵਾਰ ਗੁਰਵਿੰਦਰ ਕੌਰ ਪਿੰਡ ਕੰਗਣਾ ਬੇਟ ਤੋਂ ਬਲਾਚੌਰ ਸ਼ਹਿਰ ਵਿਖੇ ਚੱਕੀ ਤੋਂ ਆਟਾ ਲੈਣ ਗਈ ਸੀ ਪਰ ਸ਼ਾਮ ਤੱਕ ਜਦੋਂ ਉਹ ਘਰ ਨਾ ਪਰਤੀ ਤਾਂ ਉਸ ਦੀ ਭਾਲ ਲਈ ਆਸ-ਪਾਸ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕੰਗਣਾ ਪੁਲ ਟੈਕਸੀ ਸਟੈਂਡ ਨੇੜੇ ਇਕ ਸਫੇਦ ਰੰਗ ਦੀ ਐਕਟਿਵਾ ਖੜ੍ਹੀ ਦਿਖਾਈ ਦਿੱਤੀ। ਜਦੋਂ ਉਸ ਨੇ ਆਸ-ਪਾਸ ਦੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਐਕਟਿਵਾ ਪਾਰਕ ਕਰਕੇ ਗੁਰਵਿੰਦਰ ਕੌਰ ਨਹਿਰ ਵੱਲ ਚਲੀ ਗਈ ਹੈ।
ਇਸ ਸਬੰਧੀ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੂੰ ਸੂਚਿਤ ਕੀਤਾ। ਦੂਜੇ ਦਿਨ ਗੋਤਾਖੋਰਾਂ ਦੀ ਮਦਦ ਨਾਲ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਗੁਰਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਰੇਨੂੰ ਰਾਣਾ ਅਨੁਸਾਰ ਅੱਜ ਚਾਰ ਦਿਨ ਬਾਅਦ ਮ੍ਰਿਤਕ ਗੁਰਵਿੰਦਰ ਕੌਰ ਦੀ ਲਾਸ਼ ਨਜ਼ਦੀਕੀ ਨਹਿਰ ਦੇ ਸਾਈਫਨ ਵਿੱਚੋਂ ਮਿਲੀ। ਜੇਸੀਬੀ ਮਸ਼ੀਨ ਨਾਲ ਲਾਸ਼ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਸ ਸਮੇਂ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ।
ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਲਾਚੌਰ ਦੀ ਮੋਰਚਰੀ 'ਚ ਰਖਵਾਇਆ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।