ਸ਼ਿਵ ਸੈਨਾ ਆਗੂ ਦਾ ਗੰਨਮੈਨ ਨਿਕਲਿਆ ਖ਼ਾਲਿਸਤਾਨ-ਪੱਖੀ
ਤੁਰੰਤ ਡਿੳਟੀ ਤੋਂ ਹਟਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 5 ਸਤੰਬਰ 2024 : ਸਥਿਤੀ ਉਸ ਸਮੇਂ ਬਹੁਤ ਗੰਭੀਰ ਹੋ ਗਈ, ਜਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਦੀ ਸੁਰੱਖਿਆ ’ਚ ਤਾਇਨਾਤ ਗੰਨਮੈਨ ਸਤਨਾਮ ਸਿੰਘ, ਜੋ ਤਰਨਤਾਰਨ ਦਾ ਰਹਿਣ ਵਾਲਾ ਹੈ, ਨੇ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ ਡੀ. ਆਈ. ਜੀ. ਸਤਵਿੰਦਰ ਸਿੰਘ, ਐੱਸ. ਐੱਸ. ਪੀ. ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ, ਐੱਸ. ਐੱਸ. ਪੀ. ਬਟਾਲਾ ਸੋਹੇਲ ਕਾਸਿਮ ਮੀਰ ਦੀ ਮੌਜੂਦਗੀ ’ਚ ਕਿਹਾ ਕਿ ਸੋਨੀ ਜਦ ਖਾਲਿਸਤਾਨੀਆਂ ਨੂੰ ਬੁਰਾ-ਭਲਾ ਕਹਿੰਦੇ ਹਨ ਤਾਂ ਉਸ ਦੇ ਜ਼ਜਬਾਤਾਂ ਨੂੰ ਠੇਸ ਪਹੁੰਚਦੀ ਹੈ, ਕਿਉਂਕਿ ਉਹ ਖਾਲਿਸਤਾਨੀ ਸਮਰਥਕ ਹੈ। ਇੰਨਾ ਕਹਿੰਦੇ ਸਾਰ ਹੀ ਸਥਿਤੀ ਤਣਾਅਪੂਰਨ ਹੋ ਗਈ।
ਡੀ. ਆਈ. ਜੀ. ਨੇ ਤੁਰੰਤ ਉਸ ਦਾ ਹਥਿਆਰ ਵਾਪਸ ਲੈ ਕੇ ਉਸ ਨੂੰ ਉਸ ਦੀ ਬਟਾਲੀਅਨ ’ਚ ਵਾਪਸ ਭੇਜ ਦਿੱਤਾ ਅਤੇ ਵਭਾਗੀ ਕਾਰਵਾਈ ਦੇ ਹੁਕਮ ਦੇ ਦਿੱਤੇ। ਇਸ ਘਟਨਾ ਬਾਰੇ ਹਰਵਿੰਦਰ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਹੀ ਡੀ. ਐੱਸ. ਪੀ. ਸਿਟੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਡੀ. ਆਈ. ਜੀ. ਪਹੁੰਚ ਰਹੇ ਹਨ। ਡੀ. ਆਈ. ਜੀ. ਨੇ ਜਦੋਂ ਇਸ ਦੌਰਾਨ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ ਤਾਂ ਸਤਨਾਮ ਸਿੰਘ, ਜੋ ਕਿ ਲੰਬੇ ਸਮੇਂ ਤੋਂ ਸੋਨੀ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਨੇ ਡੀ. ਆਈ. ਜੀ. ਨੂੰ ਸਪੱਸ਼ਟ ਕਿਹਾ ਕਿ ਉਹ ਖਾਲਿਸਤਾਨੀ ਸਮਰਥਕ ਹੈ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।
ਸੋਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਨ੍ਹਾਂ ਦੇ ਨਾਲ ਖਾਲਿਸਤਾਨ ਪੱਖੀ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਅਜਿਹੀ ਦੇਸ਼ ਵਿਰੋਧੀ ਵਿਚਾਰਧਾਰਾ ਵਾਲੇ ਸੁਰੱਖਿਆ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਦਲਿਆ ਗਿਆ।