ਪ੍ਰੀਗਾਬਾਲਿਨ ਸਾਲਟ ਨੂੰ ਬਿਨ੍ਹਾਂ ਲਾਇਸੰਸ ਰੱਖਣ, ਖਰੀਦਣ ਜਾਂ ਵੇਚਣ ਤੇ ਪਾਬੰਦੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ:
ਜਿਲ੍ਹਾ ਮੈਜਿਸਟਰੇਟ, ਆਸ਼ਿਕਾ ਜੈਨ, ਆਈ.ਏ.ਐਸ., ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਦੀ ਪਾਬੰਦੀ ਦੀ ਮੰਗ ਨਾਲ ਸਹਿਮਤ ਹੁੰਦੇ ਹੋਏ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਹਦੂਦ ਅੰਦਰ ਪ੍ਰੀਗਾਬਾਲਿਨ ਸਾਲਟ ਨੂੰ ਬਿਨ੍ਹਾਂ ਲਾਇਸੰਸ ਰੱਖਣ, ਮੰਨਜੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਜਾਂ ਵੇਚਣ, ਬਿਨ੍ਹਾਂ ਬਿੱਲ ਅਤੇ ਰਿਕਾਰਡ ਦੇ ਖਰੀਦਣ ਜਾਂ ਵੇਚਣ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਐਸ ਏ ਐਸ ਨਗਰ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਕਪਤਾਨ ਪੁਲਿਸ, ਐਸ.ਟੀ.ਐਫ. (ਹੁਣ ਐਂਟੀ-ਨਾਰਕੋਟਿਕਸ ਟਾਸਕ ਫੋਰਸ) ਰੂਪਨਗਰ ਰੇਂਜ, ਐਸ.ਏ.ਐਸ. ਨਗਰ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਨਸ਼ਾ ਤਸਕਰਾਂ ਵੱਲੋਂ ਪ੍ਰੀਗਾਬਾਲਿਨ ਸਾਲਟ ਤੇ ਕੈਪਸੂਲ/ਗੋਲੀਆਂ ਦੀ ਵਰਤੋਂ ਲੋਕਾਂ ਵੱਲੋਂ ਨਸ਼ੇ ਦੇ ਤੌਰ ਤੇ ਕੀਤੀ ਜਾ ਰਹੀ ਹੈ। ਕਿਉਂ ਜੋ ਇਹ ਸਾਲਟ ਫਿਲਹਾਲ ਐਨ.ਡੀ.ਪੀ.ਐਸ. ਐਕਟ ਦੇ ਦਾਇਰੇ ਵਿੱਚ ਨਹੀਂ ਆਉਂਦਾ, ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਦੀ ਰੋਕਥਾਮ ਹਿੱਤ, ਪ੍ਰੀਗਾਬਾਲਿਨ ਸਾਲਟ ਦੁਰਵਰਤੋਂ ਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ। ਇਨ੍ਹਾਂ ਕਾਰਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ ਸਾਲਟ ਨੂੰ ਬਿਨ੍ਹਾਂ ਲਾਇਸੰਸ ਰੱਖਣ, ਮੰਨਜੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਜਾਂ ਵੇਚਣ, ਬਿਨ੍ਹਾਂ ਬਿੱਲ ਅਤੇ ਰਿਕਾਰਡ ਦੇ ਖਰੀਦਣ ਜਾਂ ਵੇਚਣ ‘ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ 03.09.2024 ਤੋਂ 02.11.2024 ਤੱਕ ਲਾਗੂ ਰਹਿਣਗੇ।