16 ਸਾਲ ਬਾਅਦ ਰੋਪੜ ਸ਼ਹਿਰ ਨੂੰ ਮਿਲਿਆ ਬਿਜਲੀ ਦਾ ਨਵਾਂ ਫੀਡਰ
- ਤਕਰੀਬਨ 42 ਲੱਖ ਦੀ ਲਾਗਤ ਨਾਲ ਸਥਾਪਿਤ ਕੀਤੇ ਫੀਡਰ ਦੀ ਵਿਧਾਇਕ ਚੱਢਾ ਨੇ ਕੀਤੀ ਰਸਮੀ ਸ਼ੁਰੂਆਤ
- 2008 ਤੋਂ ਹੁਣ ਤੱਕ 9 ਫ਼ੀਡਰਾਂ ‘ਤੇ ਚੱਲਦੀ ਰਹੀ ਸ਼ਹਿਰ ਦੀ ਬਿਜਲੀ ਸਪਲਾਈ
ਰੂਪਨਗਰ, 5 ਸਤੰਬਰ 2024: ਰੂਪਨਗਰ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ 10ਵੇਂ ਫੀਡਰ ਦੀ ਰਸਮੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਅਤੇ ਭਾਗ ਸਿੰਘ ਮਦਾਨ ਵੱਲੋਂ ਰਿਬਨ ਕੱਟ ਕੇ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ 2008 ਤੋਂ ਹੁਣ ਤੱਕ 9 ਫ਼ੀਡਰਾਂ ‘ਤੇ ਹੀ ਸ਼ਹਿਰ ਦੀ ਬਿਜਲੀ ਸਪਲਾਈ ਚੱਲਦੀ ਆ ਰਹੀ ਹੈ, ਅੱਜ 16 ਸਾਲਾਂ ਬਾਅਦ ਰੋਪੜ ਸ਼ਹਿਰ ਨੂੰ ਇਹ 10ਵਾਂ ਬਿਜਲੀ ਦਾ ਨਵਾਂ ਫੀਡਰ ਦਿੱਤਾ ਗਿਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਫੀਡਰ ਨੂੰ ਸਥਾਪਿਤ ਕਰਨ ਲਈ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਦੀ ਸ਼ਲਾਘਾ ਵੀ ਕੀਤੀ ਗਈ।
ਕਾਰਜਕਾਰੀ ਇੰਜੀਨੀਅਰ ਬਿਜਲੀ ਵਿਭਾਗ ਹਰਵਿੰਦਰ ਸਿੰਘ ਭੱਠਲ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 42 ਲੱਖ ਰੁਪਏ ਦੀ ਲਾਗਤ ਨਾਲ ਆਸਰੋਂ ਤੋਂ ਸਪਲਾਈ ਲਾਈਨ ਪਾ ਕੇ ਇਹ ਫੀਡਰ ਚਲਾਇਆ ਗਿਆ ਹੈ ਜਿਸ ਨਾਲ ਬਾਈਪਾਸ ਤੋਂ ਲੈ ਕੇ ਬੇਲਾ ਚੌਂਕ ਤੱਕ ਦੇ ਇਲਾਕੇ ਜਿਵੇਂ ਦਸ਼ਮੇਸ਼ ਨਗਰ, ਮਲਹੋਤਰਾ ਕਲੋਨੀ, ਸਨਸਿਟੀ ਤੇ ਹੋਰ ਕਈ ਕਲੋਨੀਆਂ ਦੀ ਬਿਜਲੀ ਸਪਲਾਈ ਨੂੰ ਬਿਹਤਰ ਬਣਾਏਗੀ।
ਉਨ੍ਹਾਂ ਕਿਹਾ ਕਿ ਇਸ ਫੀਡਰ ਦੇ ਸਥਾਪਿਤ ਹੋਣ ਨਾਲ ਸ਼ਹਿਰ ਦੀਆਂ ਕਈ ਕਲੋਨੀਆਂ ਦੀ ਬਰੇਕ ਡਾਊਨ ਦੀ ਸਮੱਸਿਆ ਅਤੇ ਵੋਲਟੇਜ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ।
ਇਸ ਮੌਕੇ ਸੰਦੀਪ ਜੋਸ਼ੀ, ਸ਼ਿਵ ਕੁਮਾਰ ਲਾਲਪੁਰਾ, ਵਰਿੰਦਰ ਸਰਾਓ, ਗੌਰਵ ਕਪੂਰ, ਅਮਨਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।