ਕੈਨੇਡਾ: ਸੁਖਮਨ ਗਿੱਲ ਵੱਲੋਂ ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਲੜਨ ਦਾ ਐਲਾਨ
ਹਰਦਮ ਮਾਨ
ਸਰੀ, 1 ਅਕਤੂਬਰ 2024 - ਪੰਜਾਬੀ ਨੌਜਵਾਨ ਆਗੂ ਸੁਖਮਨ ਗਿੱਲ ਵੱਲੋਂ ਬੀਤੇ ਦਿਨ ਲੈਂਗਲੀ ਬੈਂਕੁਇਟ ਹਾਲ ਐਬਸਫੋਰਡ ਵਿਖੇ ਆਪਣੇ ਸਮਰੱਥਕਾਂ ਦਾ ਵੱਡਾ ਇਕੱਠ ਕਰ ਕੇ ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਆਪਣੀ ਨੌਮੀਨੇਸ਼ਨ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਫੈਡਰਲ ਕੰਸਰਵੇਟਿਵ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਸੁਖਮਨ ਗਿੱਲ ਨੇ ਮੌਜੂਦਾ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੰਸਰਵੇਟਿਵ ਪਾਰਟੀ ਦੀਆਂ ਲੋਕ ਉਸਾਰੂ ਨੀਤੀਆਂ ਤੇ ਕਾਮਨ ਸੈਂਸ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੀ ਗੱਲ ਕਰਦਿਆਂ ਕੰਸਰਵੇਟਿਵ ਪਾਰਟੀ ਨਾਲ ਜੁੜਨ ਅਤੇ ਉਮੀਦਵਾਰ ਬਣਨ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਆਪਣੀ ਨੌਮੀਨੇਸ਼ਨ ਚੋਣ ਵਿਚ ਵਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸਰੀ-ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਸੁਖਮਨ ਗਿੱਲ ਵਰਗੇ ਨੌਜਵਾਨ ਤੇ ਉਸਾਰੂ ਸਮਝ ਰੱਖਣ ਵਾਲੇ ਆਗੂਆਂ ਦੀ ਲੋੜ ਹੈ। ਉਹਨਾਂ ਕੈਨੇਡਾ ਦੇ ਮੌਜੂਦਾ ਸਿਆਸੀ ਦ੍ਰਿਸ਼ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਹੇਠ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਕੈਨੇਡਾ ਦਾ ਕੌਮਾਂਤਰੀ ਪੱਧਰ ‘ਤੇ ਅਕਸ ਡਿੱਗਿਆ ਚੁੱਕਾ ਹੈ। ਅਤਿ ਦੀ ਮਹਿੰਗਾਈ, ਸਿਹਤ ਸੇਵਾਵਾਂ, ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੇ ਭਾਰੀ ਟੈਕਸਾਂ ਕਾਰਨ ਲੋਕਾਂ ਦਾ ਤ੍ਰਾਹ ਨਿਕਲਿਆ ਪਿਆ ਹੈ। ਸਰਕਾਰ ਦੀਆਂ ਗ਼ਲਤ ਇਮੀਗ੍ਰੇਸ਼ਨ ਨੀਤੀਆਂ ਤੇ ਫੈਸਲੇ ਪ੍ਰਵਾਸੀਆਂ ਦੇ ਨਾਲ ਆਮ ਸ਼ਹਿਰੀਆਂ ਨੂੰ ਵੀ ਪ੍ਰੇਸ਼ਾਨ ਕਰਨ ਵਾਲੇ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਲੋਕ ਨੂੰ ਮੁਸ਼ਕਲਾਂ ਤੋਂ ਨਿਜਾਤ ਪਾਉਣ ਤੇ ਆਰਥਿਕਤਾ ਦੀ ਮਜ਼ਬੂਤੀ ਲਈ ਕੰਸਰਵੇਟਿਵ ਸਰਕਾਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਸੁਖਮਨ ਗਿੱਲ ਵਰਗੇ ਹੋਣਹਾਰ ਨੌਜਵਾਨ ਜਿਹਨਾਂ ਨੂੰ ਆਪਣੀ ਕਮਿਊਨਿਟੀ ਤੇ ਲੋਕਾਂ ਦੇ ਭਵਿੱਖ ਲਈ ਚਿੰਤਾ ਹੈ, ਉਨ੍ਹਾਂ ਦੀ ਵੋਟ ਤੇ ਸਪੋਰਟ ਕਰਨਾ ਸਾਡਾ ਸਭ ਦਾ ਫਰਜ਼ ਹੈ |
ਇਸ ਮੌਕੇ ਲੈਂਗਲੀ -ਐਬਸਫੋਰਡ ਹਲਕੇ ਤੋਂ ਪ੍ਰੋਵਿੰਸ਼ਅਲ ਉਮੀਦਵਾਰ ਹਰਮਨ ਭੰਗੂ ਅਤੇ ਉਘੇ ਗਾਇਕ ਸੁਖਵਿੰਦਰ ਸੁੱਖੀ ਨੇ ਸੁਖਮਨ ਗਿੱਲ ਨੂੰ ਨੌਮੀਨੇਸ਼ਨ ਚੋਣ ਜਿਤਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਲੋਕ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਚੇਅਰਮੈਨ ਗੁਰਮੇਲ ਸਿੰਘ ਧਾਮੀ, ਸੋਨੀ ਸਿੱਧੂ, ਉਘੇ ਗਾਇਕ ਲਖਬੀਰ ਲੱਖਾ, ਗੁਰਿੰਦਰ ਨਾਜ਼, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਜੁਗਰਾਜ ਸਿੰਘ ਗਰਚਾ, ਸੱਤੀ ਗਰੇਵਾਲ, ਬਲਵੰਤ ਰੁਪਾਲ, ਰਾਜ ਖੇਲਾ, ਗੀਤਕਾਰ ਜਸਵੀਰ ਗੁਣਾਚੌਰੀਆ, ਰਾਜਿੰਦਰ ਸਿੰਘ ਗਰੇਵਾਲ, ਨਵਦੀਪ ਗਿੱਲ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com