ਕਨੇਡਾ ਦੀਆਂ ਬਦਲੀਆਂ ਇੰਮੀਗ੍ਰੇਸ਼ਨ ਨੀਤੀਆਂ ਖਿਲਾਫ ਬਰੈਂਪਟਨ ਚ ਕੌਮਾਂਤਰੀ ਪਾੜ੍ਹਿਆਂ ਦਾ ਦਿਨ ਰਾਤ ਦਾ ਧਰਨਾ ਦੂਜੇ ਮਹੀਨੇ ਚ ਦਾਖਲ
ਜੀ ਐਸ ਪੰਨੂ
ਬਰੈਂਪਟਨ/ਪਟਿਆਲਾ 2 ਅਕਤੂਬਰ 2024
ਮਹੀਨਾ ਪੂਰਾ ਹੋਣ 'ਤੇ ਰੈਲੀ ਦਾ ਆਯੋਜਨ
ਬਰੈਂਪਟਨ-ਕਨੇਡਾ ਦੀ ਟਰੂਡੋ ਸਰਕਾਰ ਵਲੋਂ ਕੁਝ ਮਹੀਨਿਆ ਤੋ ਲਗਾਤਾਰ ਇੰਮੀਗ੍ਰੇਸ਼ਨ ਨੀਤੀਆ ਚ ਹੋਏ ਵੱਡੇ ਬਦਲਾਅ ਨਾਲ ਕਨੇਡਾ ਚ ਪੜ੍ਹਨ ਤੇ ਵਸਣ ਦੇ ਸੁਪਨੇ ਲੈ ਕੇ ਆਏ ਕੌਮਾਂਤਰੀ ਪੱਧਰ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ। ਨਿਰਾਸ਼ਾ ਚ ਘਿਰੇ ਨੌਜਵਾਨ, ਜਿਹਨਾਂ ਵਿੱਚ ਵੱਡੀ ਗਿਣਤੀ ਭਾਰਤੀ ਤੇ ਉਹਨਾਂ ਚ ਪੰਜਾਬੀ ਸ਼ਾਮਲ ਹਨ, ਉਹ ਛੇ ਮਹੀਨਿਆਂ ਤੋਂ ਕਨੇਡਾ ਦੇ ਵੱਖ ਵੱਖ ਸੂਬਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪਰਦਰਸ਼ਨਾਂ ਦੇ ਰੂਪ ਚ ਰੋਸ ਵਿਖਾਵੇ ਕਰ ਰਹੇ ਹਨ।ਜਿਕਰਯੋਗ ਹੈ ਕਿ ਇਸ ਸਾਲ ਦੇ ਅੰਤ ਤੱਕ ਇਕ ਲੱਖ ਤੀਹ ਹਜ਼ਾਰ ਅਤੇ ਅਗਲੇ ਸਾਲ 5 ਲੱਖ ਕਾਮਿਆਂ ਦਾ ਵਰਕ ਪਰਮਿਟ ਮੁੱਕ ਰਿਹਾ ਹੈ ।ਕਿਉਂਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕੋਟਾ ਤਾ ਹਰ ਸਾਲ ਵਧਾਇਆ ਜਾ ਰਿਹਾ ਹੈ ਪਰ ਪੀ ਆਰ ਦਾ ਕੋਟਾ ਨਹੀਂ ਤੇ ਦੂਜਾ ਕੋਵਿਡ ਬਾਅਦ ਪੀ ਆਰ ਦੇ ਡਰਾਅ ਨਹੀਂ ਨਿੱਕਲ ਰਹੇ।
ਇਹਨਾਂ ਦੀਆਂ ਮੰਗਾਂ ਹਨ, (1) 2024-25 ਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ, (2) ਪੀਆਰ ਲਈ ਸਹੀ ਨਵੇਂ ਪ੍ਰੋਗਰਾਮ ਦਿੱਤੇ ਜਾਣ, (3)LMIA ਦੇ ਨਾਮ ਤੇ ਹੁੰਦੀ ਲੁੱਟ ਬੰਦ ਹੋਵੇ, (4)ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ, ਉਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ। ਇਹ ਮੰਗਾਂ ਮੰਗ ਪੱਤਰ ਦੇ ਰੂਪ ਚ ਸੱਤਾਧਾਰੀ ਲਿਬਰਲ ਪਾਰਟੀ ਦੇ ਸਾਰੇ ਐਮਪੀਜ਼ ਤੱਕ ਪੁਚਾਈਆਂ ਗਈਆਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਹੋਰ ਨੁਮਾਇੰਦਿਆਂ ਤੱਕ ਮਸਲਾ ਵਿਚਾਰਨ ਲਈ ਅਪੀਲਾਂ ਪੁਚਾਈਆਂ ਗਈਆਂ। ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਵੀ ਸਾਰੇ ਮੂਹਰੈਲ ਆਗੂਆਂ ਨਾਲ ਮੀਟਿੰਗਾਂ ਹੋਈਆਂ ਪਰ ਵੋਟਾਂ ਟੁੱਟ ਜਾਣ ਦੇ ਡਰ ਦੇ ਚਲਦਿਆਂ ਕੋਈ ਹੱਲ ਕਰਨ ਲਈ ਕੋਈ ਵੀ ਤਿਆਰ ਨਹੀਂ, ਉਂਝ ਗੱਲ ਸਭ ਨੇ ਸੁਣੀ। ਕਿਉਂਕਿ ਕਨੇਡਾ ਗਹਿਰੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ ਤੇ ਅਗਲੇ ਸਾਲ ਵੋਟਾਂ ਨੇ। ਗੱਲਬਾਤ ਜ਼ਰੀਏ ਸਾਰੀ ਚਾਰਾਜੋਈ ਕਰਨ ਉਪਰੰਤ ਵੀ ਜਦ ਸਰਕਾਰ ਇਸ ਮਸਲੇ 'ਤੇ ਟੱਸ ਤੋਂ ਮੱਸ ਨਾ ਹੋਈ ਤਾਂ ਅੱਕੇ ਹੋਏ ਪਾਲਿਸੀਜ਼ ਤੋਂ ਪ੍ਰਭਾਵਿਤ ਹੋ ਚੁੱਕੇ ਜਾਂ ਹੋ ਰਹੇ ਨੌਜਵਾਨਾਂ ਨੇ ਨੌਜਵਾਨ ਸੁਪੋਰਟ ਨੈਟਵਰਕ ਅਤੇ ਪੋਸਟ ਗਰੈਜੁਏਟ ਵਰਕ ਪਰਮਿਟ ਕਮੇਟੀ ਦੀ ਅਗਵਾਈ ਹੇਠ ਓਨਟਾਰੀਓ ਸੂਬੇ ਦੇ ਬਰੈਂਪਟਨ ਚ 295 ਕੁਈਨ ਸਟਰੀਟ ਈਸਟ ਦੇ ਪਲਾਜੇ ਵਿੱਚ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ, ਜੋ 28 ਸਤੰਬਰ ਨੂੰ ਇੱਕ ਮਹੀਨਾ ਪੂਰਾ ਕਰ ਚੁੱਕਿਆ ਹੈ। ਦਿਨ ਰਾਤ ਦੇ ਧਰਨੇ ਵਾਲੇ ਸੰਘਰਸ਼ ਦੌਰਾਨ ਸੰਘਰਸ਼ਸ਼ੀਲ ਨੌਜਵਾਨਾਂ ਨੇ ਪੰਜਾਬੀ ਭਾਈਚਾਰੇ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਸੂਬਾਈ ਪੱਧਰ ਦੇ ਸਿਆਸਤਦਾਨਾਂ, ਜਿਹਨਾਂ ਚ ਪੰਜਾਬੀ ਮੂਲ ਦੇ ਚਾਰੇ ਐਮ ਪੀਜ਼ ਸ਼ਾਮਲ ਹਨ, ਉਹਨਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ , ਜਿਹਨਾਂ ਨੇ ਧਰਨੇ ਵਾਲੀ ਥਾਂ ਆਉਣ ਦਾ ਵਾਅਦਾ ਵੀ ਕੀਤਾ, ਪਰ ਵਾਅਦੇ ਵਫਾ ਨਹੀਂ ਹੋ ਸਕੇ, ਧਰਨਾ ਦੂਜੇ ਮਹੀਨੇ ਚ ਸ਼ਾਮਲ ਹੋ ਗਿਆ।
ਇਹ ਕਾਮੇ ਤੇ ਵਿਦਿਆਰਥੀ ਵੋਟਰ ਨਹੀਂ ਹਨ, ਤੇ ਜੋ ਵੋਟਰ ਹਨ ਉਨ੍ਹਾਂ ਵਿੱਚ ਪਿਛਲੇ ਸਮੇਂ ਤੋ ਇਹ ਪ੍ਰਚਾਰ ਕੀਤਾ ਗਿਆ ਕੇ ਜਿਵੇਂ ਕਨੇਡਾ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਹੀ ਵਿਦਿਆਰਥੀ ਨੇ, ਜਦੋਂ ਪਿਛਲੇ ਦਿਨੀ ਇੱਕ ਮੰਤਰੀ ਨੇ ਘਰਾਂ ਦੀ ਕਿੱਲਤ ਲਈ ਅਸਿੱਧੇ ਤੋਰ ਤੇ ਕਿਹਾ ਕੇ ਜ਼ਿਆਦਾ ਸਟੂਡੈਂਟ ਬੁਲਾਉਣ ਕਰਕੇ ਇਹ ਸਮੱਸਿਆ ਆਈ ਹੈ, ਸ਼ੌਸ਼ਲ ਮੀਡੀਆ ਤੇ ਲਗਾਤਾਰ ਫੇਕ ਆਈਡੀਆ ਤੋ ਇਹ ਪ੍ਰਚਾਰਿਆ ਜਾ ਰਿਹਾ ਕੇ ਕਨੇਡੀਅਨ ਲੋਕਾ ਦੀਆਂ ਨੌਕਰੀਆਂ ਇਹ ਸਟੂਡੈਂਟ ਖੋਹ ਰਹੇ ਨੇ ਜਦਕਿ ਅਸਲੀਅਤ ਇਹ ਹੈ ਕੇ ਨਵੇ ਆਏ ਜ਼ਿਆਦਾਤਰ ਵਿਦਿਆਰਥੀਆਂ ਕੋਲ ਵੀ ਕੋਈ ਨੋਕਰੀ ਨਹੀਂ ਹੈ ਕਿੳਕਿ ਰਿਸੈਸ਼ਨ ਕਰ ਕੇ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਵੱਡੀਆਂ ਟ੍ਰੈਕਿੰਗੇ ਕੰਪਨੀਆ ਪਿਛਲੇ ਕੁਝ ਮਹੀਨਿਆਂ ਵਿੱਚ ਬੈਂਕ ਕੁਰੱਪਸੀ ਵੀ ਫਾਇਲ ਕੀਤੀ ਹੈ।
ਦਿਨ ਰਾਤ ਦੇ ਧਰਨੇ ਦਾ ਮਹੀਨਾ ਪੂਰਾ ਹੋਣ ਤੇ 28 ਸਤੰਬਰ ਨੂੰ ਇੱਥੇ ਰੈਲੀ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਬਰੈਂਪਟਨ ਸ਼ਹਿਰ ਚ ਵਸਦੇ ਪੰਜਾਬੀ ਭਾਈਚਾਰੇ ਚ ਵੱਡਾ ਕੱਦ ਰੱਖਦੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਹਨਾਂ ਦੇ ਹੱਕ ਚ ਹਾਅ ਦਾ ਨਾਅਰਾ ਵੀ ਮਾਰਿਆ। ਇੱਥੇ ਇੰਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਦੇ ਸਾਬਕਾ ਜੱਜ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਕੋ-ਫਾਊਂਡਰ ਇੰਦਰਜੀਤ ਸਿੰਘ ਬੱਲ, ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਚੋਂ ਅੰਮ੍ਰਿਤ ਢਿੱਲੋਂ, ਸਮਾਜਿਕ ਸਰੋਕਾਰਾਂ ਨਾਲ ਜੁੜੇ ਪੱਤਰਕਾਰ ਹਰਬੰਸ , ਚਰਨਜੀਤ ਬਰਾੜ, ਦਵਿੰਦਰ ਤੂਰ, ਗੁਰਮੀਤ ਸਿੰਘ ਈਸਟ ਇੰਡੀਆ ਡਿਫੈਂਸ ਕਮੇਟੀ ਤੇ ਹੋਰ ਕਈ ਸਾਹਿਤ ਸਭਾਵਾਂ ਦੇ ਨੁਮਾਇੰਦੇ ਅਤੇ ਕਲਾਕਾਰ ਪੁੱਜੇ, ਜਿਹਨਾਂ ਨੇ ਸੰਘਰਸ਼ਸ਼ੀਲਾਂ ਦਾ ਸਮਰਥਨ ਕਰਦਿਆਂ ਆਪੋ ਆਪਣੇ ਮੰਚਾਂ ਜ਼ਰੀਏ ਸਰਕਾਰ ਤੱਕ ਪਹੁੰਚ ਕਰਕੇ ਇਸ ਸੰਜੀਦਾ ਮਸਲੇ ਦਾ ਜਲਦੀ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ ਹੈ।
ਇਸ ਦਿਨ ਰਾਤ ਦੇ ਧਰਨੇ ਨੂੰ ਓਨਟਾਰੀਓ ਦੀਆਂ ਕਈ ਸਥਾਨਕ ਵਰਕਰਜ਼ ਜਥੇਬੰਦੀਆਂ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ, ਜਿਹਨਾਂ ਦੇ ਨੁਮਾਇੰਦਿਆਂ ਨੇ ਰੈਲੀ ਵਿੱਚ ਵੀ ਸ਼ਮੂਲੀਅਤ ਕੀਤੀ, ਇਹਨਾਂ ਚ ਕਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼, ਓਨਟਾਰੀਓ ਫੈਡਰੇਸ਼ਨ ਆਫ ਲੇਬਰ, ਮਾਈਗਰੈਂਟ ਵਰਕਰਜ਼ ਅਲਾਇੰਸ, ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ, ਪੀਲ ਐਲੀਮੈਂਟਰੀ ਟੀਚਰਜ਼ ਯੂਨੀਅਨ, ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ, ਜਸਟਿਸ ਫਾਰ ਮਾਈਗਰੈਂਟ ਵਰਕਰਜ਼, ਵਰਕਰ ਐਕਸ਼ਨ ਸੈਂਟਰ, ਫਰੈਂਡਜ਼ ਆਫ ਚਾਈਨਾਟਾਊਨ, ਯੂਨਾਈਟਿਡ ਜਿਊਇਸ਼ ਪੀਪਲਜ਼ ਆਰਡਰ, ਲੇਬਰ ਫਾਰ ਪਲਸਤੀਨ, ਅੰਕਬਯਾਨ ਟੋਰਾਂਟੋ, ਮਾਈਗਰੈਂਟ ਸਟੂਡੈਂਟਸ ਯੂਨਾਈਟਿਡ, ਪੀਪਲਜ਼ ਲੇਬਰ ਪ੍ਰੋਜੈਕਟ, ਸੀਪੀਸੀ-ਐੱਮ ਐੱਲ, ਯੌਰਕ ਸਾਊਥ ਵੈਸਟਰਨ ਟੇਨੈਂਟ ਯੂਨੀਅਨ, ਕਲਾਈਮੇਟ ਜਸਟਿਸ ਟੋਰਾਂਟੋ, ਆਦਿ ਦੇ ਨਾਮ ਜਿਕਰਯੋਗ ਹਨ।
ਜਿੱਥੇ ਹਮਦਰਦ ਲੋਕ ਧਰਨਾਕਾਰੀ ਨੌਜਵਾਨਾਂ ਲਈ ਆਪੋ ਆਪਣੇ ਵਿੱਤ ਮੁਤਾਬਕ ਹਿੱਸਾ ਪਾ ਰਹੇ ਹਨ, ਓਥੇ ਗੁਰੂ ਘਰਾਂ ਦੀਆਂ ਕਮੇਟੀਆਂ ਲੋੜ ਮੁਤਾਬਕ ਪੂਰਾ ਸਹਿਯੋਗ ਦੇ ਰਹੀਆਂ ਹਨ।
“ਨੋ ਮੋਰ ਕਾਮਾਗਾਟਾਮਾਰੂ “ ਨਾਮ ਹੇਠ ਚੱਲ ਰਹੇ ਇਸ ਧਰਨੇ ਜ਼ਰੀਏ ਲੱਖਾਂ ਨੌਜਵਾਨਾਂ ਦੇ ਭਵਿੱਖ ਲਈ ਜੂਝ ਰਹੇ ਨੌਜਵਾਨਾਂ ਚ ਪੋਸਟ ਗਰੈਜੁਏਟ ਵਰਕ ਪਰਮਿਟ ਕਮੇਟੀ ਦੇ ਮਹਿਕਦੀਪ ਸਿੰਘ ਮਾਨਸਾ, ਬਿਕਰਮ ਕੁੱਲੇਵਾਲ, ਧਰਮਿੰਦਰ ਸਿੰਘ, ਸਰਬਜੀਤ ਸਿੰਘ, ਅਮਰਦੀਪ ਸਿੰਘ, ਸਾਹਿਬ ਸਿੰਘ, ਗੁਰਜਿੰਦਰ ਵਿਦਿਆਰਥੀ ,ਅੰਮ੍ਰਿਤ ਕੌਰ, ਪਰਵੀਨ ਕੌਰ, ਹਰਸਿਮਰਨ ਕੌਰ, ਸਿਮਰਤ ਕੌਰ ਅਤੇ ਨੌਜਵਾਨ ਸੁਪੋਰਟ ਨੈਟਵਰਕ ਦੇ ਸਿਮਰਨ, ਅਨਮੋਲ, ਲਵਪ੍ਰੀਤ, ਪ੍ਰੀਤ ,ਅਭੀ ਚੌਹਾਨ , ਅਰੀਨ ਗੋਸਵਾਮੀ,ਪਰਮਬੀਰ, ਆਦਿ ਦਿਨ ਰਾਤ ਯੋਗਦਾਨ ਪਾ ਰਹੇ ਹਨ। ਹੋਰ ਵੀ ਬਹੁਤ ਸਾਰੇ ਸਥਾਨਕ ਪੀ ਆਰ ਤੇ ਸਿਟੀਜ਼ਨ ਹਮਦਰਦ ਸਮਰਥਨ ਦੇਣ ਹਾਜ਼ਰੀ ਲਵਾਉਂਦੇ ਹਨ।
ਧਰਨੇ ਨੂੰ ਇੱਕ ਮਹੀਨੇ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦੇ ਕਲਾਕਾਰਾਂ ਦਾ ਸਮਰਥਨ ਸ਼ੌਸ਼ਲ ਮੀਡਿਆ ਤੇ ਮਿਲਣਾ ਲੱਗਾ ਹੈ। ਜਿਸ ਵਿੱਚ ਗੁਰੂ ਰੰਧਾਵਾ, ਐਲੀ ਮਾਂਗਟ, ਬਲਕਾਰ ਅਣਖੀਲਾ, ਗੀਤਾ ਬੈਂਸ , ਐਕਟਰ ਸੋਨੀਆ ਮਾਨ ਆਦਿ ਨੇ ਸ਼ੋਸ਼ਲ ਮੀਡੀਆ ਤੇ ਹਾਂ ਦਾ ਨਾਹਰਾ ਵੀ ਮਾਰਿਆ ।
ਧਰਨੇ ਦੇ ਦੂਜੇ ਮਹੀਨੇ ਚ ਸ਼ਾਮਲ ਹੁੰਦਿਆਂ ਹੀ ਜਿੱਥੇ ਹਮਦਰਦ ਲੋਕਾਂ ਦੇ ਦਾਇਰੇ ਚ ਵਾਧਾ ਹੋਇਆ ਹੈ, ਓਥੇ ਧਰਨੇ ਵਾਲੀ ਥਾਂ ਦੇ ਨਾਲ ਲਗਦੇ ਪਲਾਜਾ ਮਾਲਕ ਨੇ ਸਿਆਸੀ ਪਹੁੰਚ ਵਰਤਦਿਆਂ ਪ੍ਰਾਈਵੇਟ ਪ੍ਰਾਪਰਟੀ ਹੋਣ ਕਰਕੇ ,ਧਰਨਾਕਾਰੀਆਂ ਲਈ ਔਕੜਾਂ ਖੜ੍ਹੀਆਂ ਕਰਦਿਆਂ ਇੱਕ ਪਾਸੇ ਦਾ ਰਾਹ ਵਾੜ ਲਾ ਕੇ ਬੰਦ ਕਰ ਦਿੱਤਾ, ਜਦਕਿ ਧਰਨਾ ਬਿਲਕੁਲ ਸ਼ਾਂਤਮਈ ਈਜਾਦ ਕਿਸੇ ਦਾ ਕੋਈ ਬਿਜਨਸ ਖਰਾਬ ਨਹੀਂ ਕੀਤਾ ਜਾ ਰਿਹਾ। ਜਿਸ ਨੇ ਦਿੱਲੀ ਦੇ ਕਿਸਾਨ ਅੰਦੋਲਨ ਵੇਲੇ ਸਰਕਾਰੀ ਪੱਧਰ 'ਤੇ ਲਾਈਆਂ ਰੋਕਾਂ ਦੀ ਯਾਦ ਦਿਵਾ ਦਿੱਤੀ ਹੈ। ਜਿੱਥੇ ਨੌਜਵਾਨਾਂ ਦੀਆਂ ਹੱਕੀ ਮੰਗਾਂ ਵੱਲ ਕਨੇਡਾ ਸਰਕਾਰ ਵਲੋਂ ਹਾਲੇ ਤੱਕ ਸੁਹਿਰਦਤਾ ਨਾਲ ਕੋਈ ਫੈਸਲਾ ਕਰਨ ਦੀ ਕੰਨਸੋਅ ਤੱਕ ਨਾ ਨਿਕਲਣ ਕਰਕੇ ਨੌਜਵਾਨਾਂ ਦੇ ਸੰਘਰਸ਼ ਦੇ ਹਮਾਇਤੀਆਂ ਚ ਰੋਸ ਹੈ, ਓਥੇ ਪਲਾਜਾ ਮਾਲਕ ਦੀ ਇਸ ਹਰਕਤ ਤੇ ਵੀ ਪੰਜਾਬੀ ਭਾਈਚਾਰੇ ਵਲੋਂ ਤਿੱਖਾ ਰੋਸ ਜਤਾਇਆ ਜਾ ਰਿਹਾ ਹੈ।
ਇਸ ਦੌਰਾਨ ਹੀ ਬਦਲਣ ਵਾਲੇ ਮੌਸਮ ਨੂੰ ਧਿਆਨ ਚ ਰੱਖਦਿਆਂ ਧਰਨਾਕਾਰੀ ਨੌਜਵਾਨਾਂ ਪ੍ਰਤੀ ਫਿਕਰਮੰਦ ਹੁੰਦਿਆਂ ਆਉਂਦੇ ਦਿਨੀ ਪੰਜਾਬੀ ਭਾਈਚਾਰੇ ਦੀਆਂ ਹਮਦਰਦ ਧਿਰਾਂ ਵਲੋਂ ਸੰਘਰਸ਼ਸ਼ੀਲ ਨੌਜਵਾਨਾਂ ਨਾਲ ਸਥਾਨਕ ਸਿਆਸੀ ਨੁਮਾਇੰਦਿਆਂ ਤੱਕ ਇੱਕ ਵਾਰ ਫੇਰ ਪਹੁੰਚ ਕਰਨ ਲਈ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਤਾਂ ਜੋ ਮਸਲੇ ਦਾ ਜਲਦੀ ਹੱਲ ਕਰਵਾਇਆ ਜਾ ਸਕੇ।