Election Exclusive- ਚੋਣ ਰੰਗ: ਅੱਖ ਤੇਰੀ ਦੁਖਦੀ ਲਾਲੀ ਮੇਰੀਆਂ ਅੱਖਾਂ ’ਚ ਰੜਕੇ
ਅਸ਼ੋਕ ਵਰਮਾ
ਬਠਿੰਡਾ, 5 ਅਕਤੂਬਰ 2024: ਪੰਜਾਬ ’ਚ ਪੰਚਾਇਤ ਚੋਣਾਂ ਲਈ ਪ੍ਰਚਾਰ ਦਾ ਇੱਕ ਨਿਵੇਕਲਾ ਰੰਗ ਹੈ ਕਿ ਸਰਪੰਚ ਬਣਨ ਦੇ ਚਾਹਵਾਨ ਲੀਡਰਾਂ ਨੇ ਵੋਟਰਾਂ ਦੇ ਵਿਆਹ ਸਾਹਿਆਂ, ਸ਼ੋਕ ਸਮਾਗਮਾਂ ਅਤੇ ਭੋਗਾਂ ਆਦਿ ’ਚ ਸ਼ਮੂਲੀਅਤ ਲਈ ਵਹੀਰਾਂ ਘੱਤਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਖਾਸ ਤੌਰ ਤੇ ਜਿੰਨ੍ਹਾਂ ਪਿੰਡਾਂ ’ਚ ਚੋਣ ਮੁਕਾਬਲੇ ਸਖਤ ਹਨ ਉਨ੍ਹਾਂ ’ਚ ਤਾਂ ਗਮੀ ਖੁਸ਼ੀ ਦੇ ਸਮਾਗਮਾਂ ਦੌਰਾਨ ਪਿੰਡ ਪੱਧਰੀ ਲੀਡਰਾਂ ਦਾ ਮੇਲਾ ਲੱਗਣ ਲੱਗਿਆ ਹੈ। ਮਾਲਵੇ ਦੇ ਫਸਵੇਂ ਮੁਕਾਬਲਿਆਂ ਵਾਲੇ ਪਿੰਡਾਂ ਦਾ ਬਿਰਤਾਂਤ ਹੈ ਕਿ ਧਾਰਮਿਕ ਸਮਾਗਮਾਂ ਜਾਂ ਫਿਰ ਮਰਗ ਦੇ ਭੋਗਾਂ ਆਦਿ ’ਚ ਸਰਪੰਚੀ ਤਲਾਸ਼ਣ ਦੇ ਰਾਹ ਪਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਭੀੜ ਅਕਸਰ ਦੇਖੀ ਜਾ ਸਕਦੀ ਹੈ।ਬਿਨਾਂ ਸ਼ੱਕ ਮੈਦਾਨ ਕਾਗਜ਼ ਵਾਪਸੀ ਮਗਰੋਂ ਭਖਣਾ ਹੈ ਫਿਰ ਵੀ ਉਮੀਦਵਾਰਾਂ ਫਿਕਰਮੰਦ ਹਨ ਕਿ ਜੇਕਰ ਕੋਈ ਵੀ ਮੌਕਾ ਖੁੰਝਾ ਗਿਆ ਤਾਂ ਵੋਟਾਂ ਤੇ ਬੁਰਾ ਅਸਰ ਪੈ ਸਕਦਾ ਹੈ।
ਹਾਲਾਂਕਿ ਕਈ ਵਾਰ ਬਿਨਾਂ ਬੁਲਾਏ ਪ੍ਰਹੁਣਿਆਂ ਦੇ ਆਉਣ ਕਾਰਨ ਦਿੱਕਤ ਵੀ ਆਉਂਦੀ ਹੈ ਪਰ ‘ਸਿਆਸੀ ਬੇਰਾਂ’ ਦੇ ਪੱਕਣ ਦੀ ਰੁੱਤ ਅਤੇ ਚੋਣ ਮਜ਼ਬੂਰੀਆਂ ਦੇ ਚੱਲਦਿਆਂ ਲੀਡਰ ਰੋਟੀ ਖਾਣੀ ਭਾਵੇਂ ਭੁੱਲ ਜਾਣ ਲੋਕਾਂ ਦੀ ਗਮੀ ਖੁਸ਼ੀ ’ਚ ਸ਼ਰੀਕ ਹੋਣਾ ਨਹੀਂ ਭੁੱਲਦੇ ਹਨ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਜਿਸ ਪ੍ਰੀਵਾਰ ਦੀਆਂ ਵੋਟਾਂ ਵੱਧ ਹੋਣ ਜਾਂ ਫਿਰ ਪ੍ਰਭਾਵਸ਼ਾਲੀ ਹੋਵੇ ਉੱਥੇ ਤਾਂ ਸੰਭਾਵੀ ਸਰਪੰਚ ਸਾਹਿਬ ਖੁਦ ਤਸ਼ਰੀਫ ਲਿਆਉਂਦੇ ਹਨ ਜਦੋਂਕਿ ਆਮ ਹਾਲਾਤਾਂ ਦੌਰਾਨ ਪ੍ਰੀਵਾਰਕ ਮੈਂਬਰਾਂ ਵੱਲੋਂ ਹਾਜਰੀ ਭਰੀ ਜਾ ਰਹੀ ਹੈ। ਸਰਪੰਚੀ ਦੇ ਚਾਹਵਾਨਾਂ ਨੂੰ ਵੋਟਰਾਂ ਦੀ ਨਰਾਜ਼ਗੀ ਦਾ ਡਰ ਸਤਾ ਰਿਹਾ ਹੈ ਜੋ ਇਸ ਭੱਜ ਦੌੜ ਦਾ ਕਾਰਨ ਬਣਿਆ ਹੈ। ਫਿਰੋਜ਼ਪੁਰ ਜਿਲ੍ਹੇ ਦੇ ਇੱਕ ਪਿੰਡ ’ਚ ਜਦੋਂ ਇੱਕੋ ਵੇਲੇ ਦੋ ਉਮੀਦਵਾਰ ਲਾਮ ਲਸ਼ਕਰ ਸਮੇਤ ਸ਼ੋਕ ਸਮਾਗਮ ’ਚ ਪੁੱਜ ਗਏ ਤਾਂ ਪ੍ਰੀਵਾਰ ਨੂੰ ਕਾਫੀ ਹੈਰਾਨੀ ਹੋਈ ਸੀ।
ਪਤਾ ਲੱਗਿਆ ਹੈ ਕਿ ਦੋਵਾਂ ਹੀ ਉਮੀਦਵਾਰਾਂ ਨੇ ਹੀ ਇਸ ਤੋਂ ਪਹਿਲਾਂ ਪ੍ਰੀਵਾਰ ਦੀ ਕਦੇ ਬਾਤ ਵੀ ਨਹੀਂ ਪੁੱਛੀ ਸੀ। ਇੱਕ ਪਿੰਡ ’ਚ ਤਾਂ ਸਰਪੰਚੀ ਦੀ ਦੌੜ ’ਚ ਸ਼ਾਮਲ ਇੱਕ ਸਿਆਸੀ ਪਾਰਟੀ ਦੇ ਕਾਰਕੁੰਨ ਵੱਲੋਂ ਕਿਸੇ ਪ੍ਰੀਵਾਰ ਤੋਂ ਅੱਧੀ ਰਾਤ ਨੂੰ ਚੁੱਪ ਚੁਪੀਤੇ ਭੁੱਲ ਬਖਸ਼ਾਉਣ ਦੀਆਂ ਖਬਰਾਂ ਵੀ ਹਨ। ਇੱਕ ਹੋਰ ਪਿੰਡ ਵਿੱਚ ਵੀ ਸਰਪੰਚੀ ਦੀ ਚਾਹਵਾਨ ਧਿਰ ਨੇ ਪਿੰਡ ਵਾਸੀਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਮੁਆਫੀ ਮੰਗੀ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਹੁਣ ਹਰ ਨਰਾਜ਼ਗੀ ਨੂੰ ਭੁਲਾਕੇ ਪਿੰਡ ਦੇ ਵਿਕਾਸ ਅਤੇ ਹੋਰ ਕੰਮ ਕਾਜ ਲਈ ਉਨ੍ਹਾਂ ਨੂੰ ਸਫਲ ਬਣਾਇਆ ਜਾਏ। ਸਰਪੰਚੀ ਦੇ ਉਮੀਦਵਾਰਾਂ ਵੱਲੋ ਭਵਿੱਖ ’ਚ ਕਿਸੇ ਵੀ ਕਿਸਮ ਦੀ ਕੋਈ ਸ਼ਕਾਇਤ ਨਾ ਆਉਣ ਦਾ ਵਾਅਦਾ ਕਰਕੇ ਹਰ ਦੁੱਖ ਸੁੱਖ ’ਚ ਅੱਧੀ ਰਾਤ ਨੂੰ ਵੀ ਨੰਗੇ ਪੈਰੀਂ ਪੁੱਜਣ ਦੀ ਤਾਕੀਦ ਵੀ ਕੀਤੀ ਜਾ ਰਹੀ ਹੈ।
ਇਸ ਮਾਮਲੇ ’ਚ ਸਾਹਮਣੇ ਆਏ ਰੌਚਕ ਤੱਥਾਂ ਮੁਤਾਬਕ ਇੱਕ ਉਮੀਦਵਾਰ ਨੂੰ ਕਿਸੇ ਪ੍ਰੀਵਾਰ ਦੇ ਮੁਖੀ ਨੇ ਆਪਣੇ ਪ੍ਰੀਵਾਰਕ ਸਮਾਗਮ ਲਈ ਸੱਦਾ ਭੇਜਿਆ ਸੀ ਪਰ ਕਿਸੇ ਰੁਝੇਵੇਂ ਕਾਰਨ ਉਹ ਮੌਕੇ ਤੇ ਨਾਂ ਪੁੱਜਿਆ ਤਾਂ ਪ੍ਰੀਵਾਰ ਨਰਾਜ਼ ਹੋਕੇ ਦੂਸਰੀ ਧਿਰ ਨਾਲ ਚਲਾ ਗਿਆ ਜਿਸ ਨੂੰ ਵਾਪਿਸ ਆਪਣੇ ਨਾਲ ਜੋੜਨ ਲਈ ਕਾਫੀ ਮੁਸ਼ੱਕਤ ਕਰਨ ਪਈ। ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਸਰਪੰਚੀ ਦੇ ਉਮੀਦਵਾਰਾਂ ਨੇ ਆਪਣੇ ਚੋਣ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ 15 ਅਕਤੂਬਰ ਤੱਕ ਜੇਕਰ ਕਿਸੇ ਫੈਸਲਾਕੁੰਨ ਵੋਟਾਂ ਵਾਲੇ ਪ੍ਰੀਵਾਰ ਦੇ ਕੰਡਾ ਵੀ ਵੱਜਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਦੱਸਿਆ ਜਾਵੇ ਤਾਂ ਜੋ ਇਸ ਤੋਂ ਪਹਿਲਾਂ ਕਿ ਕੋਈ ਵਿਰੋਧੀ ਉਸ ਦੇ ਰਾਹ ’ਚ ਕੰਡੇ ਨਾਂ ਵਿਛਾਵੇ ਉਹ ਅਗੇਤਾ ਹੀ ਮੌਕਾ ਸਾਂਭ ਲੈਣ। ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਆਈ ਮੌਸਮ ’ਚ ਤਬਦੀਲੀ ਕਾਰਨ ਕਈ ਤਰਾਂ ਦੇ ਸਮਾਜਿਕ ਸਮਾਗਮਾਂ ’ਚ ਵਾਧਾ ਹੋਇਆ ਹੈ।
ਹੁਣ ਜਦੋਂ ਦੀ ਸਮਾਪਤੀ ਹੋ ਗਈ ਹੈ ਅਤੇ ਨਵਰਾਤਰਿਆਂ ਸਮੇਤ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਹਨ ਤਾਂ ਆਉਂਦੇ ਦਿਨੀਂ ਅਜਿਹੇ ਪ੍ਰੋਗਰਾਮਾਂ ’ਚ ਵਾਧਾ ਹੋਣਾ ਹੈ ਤਾਂ ਲੀਡਰਾਂ ਦੇ ਗੇੜੇ ਵਧਣ ਦੀ ਸੰਭਾਵਨਾ ਹੈ। ਪੰਜਾਬ ਦੀ ਇੱਕ ਸਿਆਸੀ ਪਾਰਟੀ ਦੇ ਸਰਪੰਚੀ ਦੀ ਦੌੜ ’ਚ ਸ਼ਾਮਲ ਉਮੀਦਵਾਰ ਨੇ ਮੰਨਿਆ ਕਿ ਇਕੱਲੇ ਉਨ੍ਹਾਂ ਨੂੰ ਹੀ ਨਹੀਂ ਬਲਕਿ ਉਸ ਵਰਗੇ ਸਮੂਹ ਉਮੀਦਵਾਰਾਂ ਨੂੰ ਇਸ ਗੱਲ ਦਾ ਫਿਕਰ ਵੱਢ ਵੱਢ ਖਾ ਰਿਹਾ ਹੈ ਕਿ ਜੇਕਰ ਇਸ ਮੌਕੇ ਇੱਕ ਪ੍ਰੀਵਾਰ ਵੀ ਰੁੱਸ ਗਿਆ ਤਾਂ ਸਖਤ ਮੁਕਾਬਲਿਆਂ ਦੀ ਇਸ ਘੜੀ ਦੌਰਾਨ ਲੈਣੇ ਦੇ ਦੇਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨਾਂ ’ਚ ਲੋਕਾਂ ਦੀ ਉਮੀਦ ਜਿਆਦਾ ਵਧ ਜਾਂਦੀ ਹੈ ਇਸ ਕਰਕੇ ਉਹ ਪਹਿਲਾਂ ਵਾਂਗ ਕਿਸੇ ਵੀ ਸਮਾਗਮ ’ਚ ਜਾਣਾ ਨਹੀਂ ਭੁੱਲਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਨੂੰ ਖੁੰਝਾਉਣ ਦੀ ਸੂਰਤ ’ਚ ਵੋਟਰਾਂ ’ਚ ਨਰਾਜ਼ਗੀ ਬਣਦੀ ਹੈ ਜੋਕਿ ਘਾਟੇ ਦਾ ਸੌਦਾ ਹੈ।
ਗੌਂਅ ਭੁਨਾਵੇਂ ਜੌਂਅ ਭਾਵੇਂ ਗਿੱਲੇ ਹੋਣ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ ਦੇ ਪ੍ਰਚਾਰ ਸਕੱਤਰ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਇਕੱਲੀਆਂ ਇੰਨ੍ਹਾਂ ਚੋਣਾਂ ’ਚ ਹੀ ਨਹੀਂ ਸਗੋਂ ਹਰ ਪ੍ਰਕਾਰ ਦੀ ਚੋਣ ਲੜਨ ਵਾਲਿਆਂ ਦਾ ਮੰਤਵ ਵੋਟਾਂ ਹਾਸਲ ਕਰਨਾ ਹੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਅਜਿਹੇ ਲੋਕਾਂ ਨੂੰ ਕਿਸੇ ਦੇ ਦੁੱਖ ਸੁੱਖ ਨਾਲ ਹੇਜ ਨਹੀਂ ਹੁੰਦਾ ਉਨ੍ਹਾਂ ਨੂੰ ਤਾਂ ਸਮਾਗਮ ’ਚ ਸ਼ਾਮਲ ਹੋਣ ਚੋਂ ਵੋਟਾਂ ਹੀ ਦਿਖਾਈ ਦਿੰਦੀਆਂ ਹਨ ਜੋਕਿ ਸਿਹਤਮੰਦ ਪੇਂਡੂ ਲੋਕ ਰਾਜ ਦੀ ਭਾਵਨਾ ਦੇ ਉਲਟ ਹੈ।