ਸਫਾਈ ਸੇਵਕਾਂ ਦੀ ਹੜਤਾਲ ਕੂੜੇ ਨਾਲ ਬਠਿੰਡਾ ਬਦਹਾਲ
ਅਸ਼ੋਕ ਵਰਮਾ
ਬਠਿੰਡਾ, 6 ਅਕਤੂਬਰ 2024: ਸਫਾਈ ਕਾਰਜਾਂ ’ਚ ਲੱਗੇ ਟਿੱਪਰ ਚਾਲਕਾਂ ਅਤੇ ਸਹਾਇਕਾਂ ਦੀ ਇੱਕ ਹਫਤੇ ਤੋਂ ਚੱਲ ਰਹੀ ਹੜਤਾਲ ਨੇ ਬਠਿੰਡਾ ਨੂੰ ਕੂੜੇ ਕਰਕਟ ਅਤੇ ਗੰਦਗੀ ਦੇ ਢੇਰਾਂ ’ਚ ਤਬਦੀਲ ਕਰ ਦਿੱਤਾ ਹੈ। ਇਕੱਲਾ ਇੱਕ ਇਲਾਕਾ ਨਹੀਂ ਬਲਕਿ ਸ਼ਹਿਰ ਦੀਆਂ ਦਰਜਨਾਂ ਥਾਵਾਂ ਅਜਿਹੀਆਂ ਹਨ ਜਿੱਥੇ ਲੱਗੇ ਕੂੜੇ ਦੇ ਅੰਬਾਰਾਂ ਕਾਰਨ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗਿਆ ਦਿਖਾਈ ਦੇ ਰਿਹਾ ਹੈ। ਨਗਰ ਨਿਗਮ ਬਠਿੰਡਾ ਨੇ ਇਸ ਕੰਮ ਲਈ ਕੋਈ ਬਦਲਵੇਂ ਪ੍ਰਬੰਧ ਵੀ ਨਹੀਂ ਕੀਤੇ ਜਿਸ ਦੇ ਚੱਲਦਿਆਂ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਵੱਡੀ ਗੱਲ ਹੈ ਕਿ ਨਗਰ ਨਿਗਮ ਤੇ ਉਸ ਕਾਂਗਰਸ ਪਾਰਟੀ ਦਾ ਕਬਜਾ ਹੈ ਜੋ ਸਫਾਈ ਨੂੰ ਲੈਕੇ ਅਕਾਲੀ ਭਾਜਪਾ ਗਠਜੋੜ ਦੇ ਮੇਅਰ ਖਿਲਾਫ ਬਾਹਾਂ ਕੱਢ ਕੱਢਕੇ ਨਾਅਰੇ ਮਾਰਦੀ ਹੁੰਦੀ ਸੀ।
ਇਸ ਮਾਮਲੇ ਨੂੰ ਲੈਕੇ ਖਪਤਕਾਰਾਂ ਦੇ ਹੱਕਾਂ ਲਈ ਲੜਾਈ ਲੜਨ ਵਾਲੀ ਸੰਸਥਾ ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਨਗਰ ਨਿਗਮ ਦੇ ਪ੍ਰਬੰਧਾਂ ਨੂੰ ਕਟਹਿਰੇ ’ਚ ਖੜ੍ਹਾਇਆ ਅਤੇ ਸ਼ਹਿਰੀਆਂ ਨੂੰ ਦਰਪੇਸ਼ ਸੰਕਟ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਗਾਹਕ ਜਾਗੋ ਆਗੂ ਨੇ ਇਸ ਸੰਕਟ ਦੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਕਾਇਤ ਭੇਜਕੇ ਸ਼ਹਿਰ ਚੋਂ ਕੂੜਾ ਹਟਵਾਉਣ ਅਤੇ ਟਿੱਪਰਾਂ ਰਾਹੀਂ ਰੋਜਾਨਾ ਕੂੜਾ ਚੁੱਕਣਾ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਸਥਿਤੀ ਐਨੀ ਤਰਸਯੋਗ ਹੈ ਕਿ ਰਾਹਗੀਰਾਂ ਨੂੰ ਬਦਬੂ ਕਾਰਨ ਨੱਕ ਢਕ ਕੇ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਸ਼ਹਿਰ ’ਚ ਮੱਛਰਾਂ ਦੀ ਭਰਮਾਰ ਹੈ ਜਿੰਨ੍ਹਾਂ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ।
ਦੇਖਣ ’ਚ ਆਇਆ ਹੈ ਕਿ ਇਸ ਸਮੇਂ ਵਾਟਰ ਵਰਕਸ ਰੋਡ, ਮਾਡਲ ਟਾਊਨ ਫੇਜ਼ ਵਨ ਬਠਿੰਡਾ, ਭਾਗੂ ਰੋਡ, ਮਹਿਣਾ ਚੌਕ, ਪੁਖਰਾਜ ਕਲੋਨੀ, ਮਿੰਨੀ ਸਕੱਤਰੇਤ ਰੋਡ, ਬੀਬੀ ਵਾਲਾ ਰੋਡ, ਇਨਕਮ ਟੈਕਸ ਕਲੋਨੀ ਦੇ ਨਜ਼ਦੀਕ , ਸਿਵਲ ਲਾਈਨਜ਼ , ਅਜੀਤ ਰੋਡ, ਪੁਰਾਣੀ ਜੇਲ੍ਹ ਰੋਡ, ਮਾਤਾ ਰਾਣੀ ਗਲੀ, ਬਖਸ਼ੀ ਹਸਪਤਾਲ ਵਾਲੀ ਗਲੀ ਅਤੇ ਭੱਟੀ ਰੋਡ ਸਮੇਤ ਵੱਡੀ ਗਿਣਤੀ ਇਲਾਕਿਆਂ ’ਚ ਸੜਕਾਂ ਅਤੇ ਗਲੀਆਂ ’ਤੇ ਖੁੱਲ੍ਹੇਆਮ ਕੂੜੇ ਦੇ ਢੇਰ ਲੱਗੇ ਹੋਏ ਹਨ ਜਿੰਨ੍ਹਾਂ ਨੂੰ ਅਵਾਰਾ ਪਸ਼ੂਆਂ ਵੱਲੋਂ ਫਰੋਲਿਆ ਅਤੇ ਖਿਲਾਰਿਆ ਜਾ ਰਿਹਾ ਹੈ। ਲੋਕ ਆਖਦੇ ਹਨ ਕਿ ਨਗਰ ਨਿਗਮ ਸਫਾਈ ਯਕੀਨੀ ਬਨਾਉਣ ਦੇ ਦਾਅਵੇ ਕਰਦਾ ਨਹੀਂ ਥੱਕਦਾ ਪਰ ਰਿਹਾਇਸ਼ੀ ਖੇਤਰਾਂ ’ਚ ਲੱਗੇ ਕੂੜੇ ਦੇ ਢੇਰਾਂ ਕਾਰਨ ਪ੍ਰਧਾਨ ਮੰਤਰੀ ਦਾ ਸਵੱਛ ਭਾਰਤ ਦਾ ਸੁਫਨਾ ਮਜ਼ਾਕ ਬਣ ਕੇ ਰਹਿ ਗਿਆ ਹੈ ।
ਨਾਗਰਿਕ ਚੇਤਨਾ ਮੰਚ ਦੇ ਆਗੂ ਤੇ ਸ਼ਹਿਰ ਵਾਸੀ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ‘ਚ ਫੇਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦਾ ਇਸ ਤਰਾਂ ਗੰਦਗੀ ਨਾਲ ਜੂਝਣਾ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੇ ਸਬਰ ਦਾ ਪਿਆਲਾ ਹੁਣ ਨੱਕੋ ਨੱਕ ਭਰ ਚੁੱਕਿਆ ਹੈ ਅਤੇ ਦਿੱਕਤ ਖਤਮ ਨਾਂ ਕਰਨ ਦੀ ਸੂਰਤ ’ਚ ਲੋਕ ਮਜਬੂਰੀ ਵੱਸ ਸੰਘਰਸ਼ ਦਾ ਰਸਤਾ ਅਖਤਿਆਰ ਕਰ ਸਕਦੇ ਹਨ। ਭੱਟੀ ਰੋਡ ਇਲਾਕੇ ਦੇ ਨਿਵਾਸੀ ਬਨਾਰਸੀ ਦਾਸ ਨੇ ਕਿਹਾ ਕਿ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ‘ਸਵੱਛ ਭਾਰਤ ਮਿਸ਼ਨ’ ਤਹਿਤ ਐਵਾਰਡ ਮਿਲਣ ਦੇ ਬਾਵਜੂਦ ਗੰਦਗੀ ਨੇ ਸ਼ਹਿਰ ਦੇ ਸਾਫ ਸੁਥਰਾ ਹੋਣ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਬਦਲਵੇਂ ਪ੍ਰਬੰਧ ਹੋਣ:ਸੰਜੀਵ ਗੋਇਲ
ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਜਦੋਂ ਤੱਕ ਕੂੜਾ ਇਕੱਠਾ ਕਰਨ ਵਾਲੇ ਟਿੱਪਰ ਚਾਲਕਾਂ ਅਤੇ ਹੈਲਪਰਾਂ ਦੀ ਹੜਤਾਲ ਖਤਮ ਨਹੀਂ ਹੁੰਦੀ, ਉਦੋਂ ਤੱਕ ਨਗਰ ਨਿਗਮ ਬਠਿੰਡਾ ਨੂੰ ਸ਼ਹਿਰ ਚੋਂ ਕੂੜਾ ਇਕੱਠਾ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਸੜਕਾਂ, ਗਲੀਆਂ, ਪਲਾਟਾਂ ਜਾਂ ਇਧਰ-ਉਧਰ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸ ਤਰਾਂ ਲੋਕਾਂ ਦੀਆਂ ਦੇਹਲੀਆਂ ਲਾਗੇ ਸੁੱਟੀ ਜਾ ਰਹੀ ਗੰਦਗੀ ਕਰਕੇ ਬਠਿੰਡਾ ਕੂੜਾਸਤਾਨ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਗੰਦੇ ਮਹੌਲ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਪਰ ਨਗਰ ਨਿਗਮ ਦੇ ਕੰਨਾਂ ਤੇ ਜੂੰਅ ਨਹੀਂ ਸਰਕ ਰਹੀ ਹੈ।
ਬਿਮਾਰੀਆਂ ਦਾ ਖਤਰਾ:ਡਾ ਅਜੀਤਪਾਲ ਸਿੰਘ
ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਪ੍ਰਚਾਰ ਸਕੱਤਰ ਅਤੇ ਸਾਬਕਾ ਡਿਪਟੀ ਮੈਡੀਕਡਲ ਕਮਿਸ਼ਨਰ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਨਗਰ ਨਿਗਮ ਤੇ ਸਿਹਤ ਵਿਭਾਗ ਡੇਗੂ ਫੈਲਣ ਤੋਂ ਰੋਕਣ ਲਈ ਸਫ਼ਾਈ ਪ੍ਰਤੀ ਜਾਗਰੂਕ ਕਰ ਰਹੇ ਹਨ ਪਰ ਸ਼ਹਿਰ ਬਣਿਆ ਕੂੜਾ ਡੰਪ ਇਸ ਮੁਹਿੰਮ ਦਾ ਮੂੰਹ ਚਿੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੂੜਾ ਡੰਪਾਂ ਤੋਂ ਕੂੜਾ ਨਾਂ ਚੁੱਕਿਆ ਅਤੇ ਢੁੱਕਵੀਂ ਸਫਾਈ ਨਾਂ ਕੀਤੀ ਤਾਂ ਮਲੇਰੀਆ ,ਚਿਕਨਗੁਣੀਆਂ ਅਤੇ ਡੇਂਗੂ ਵਰਗੀਆਂ ਭਿਆਨਕ ਤੇ ਮੌਸਮੀ ਬਿਮਾਰੀਆਂ ਫੈਲਣ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸਭਾ ਆਗੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਨਗਰ ਨਿਗਮ ਸਫਾਈ ਸੇਵਕਾਂ ਦੀ ਜਾਇਜ ਮੰਗਾਂ ਪ੍ਰਵਾਨ ਕਰੇ ਅਤੇ ਹੜਤਾਲ ਖਤਮ ਕਰਾਏ ਤਾਂ ਜੋ ਸਫਾਈ ਪ੍ਰਬੰਧ ਲੀਹੇ ਪੈ ਸਕਣ।
ਅਫਸਰਾਂ ਨੇ ਫੋਨ ਨਹੀਂ ਚੁੱਕਿਆ
ਸ਼ਹਿਰ ਵਿਚਲੇ ਸਫਾਈ ਪ੍ਰਬੰਧਾਂ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਕਸੀਅਨ (ਓਪਰੇਸ਼ਨ ਐਂਡ ਮੇਂਟੀਨੈਂਸ) ਗੁਰਪ੍ਰੀਤ ਸਿੰਘ ਨੇ ਫੋਨ ਨਹੀਂ ਚੁੱਕਿਆ।