ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਅਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ: ਹਰਦੀਪ ਸਿੰਘ ਮੁੰਡੀਆ
ਭ੍ਰਿਸ਼ਟਾਚਾਰ ਮੁਕਤ ਬਿਹਤਰ ਨਾਗਰਿਕ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਪ੍ਰਮੁੱਖ ਪਹਿਲ
ਜਾਇਦਾਦਾਂ ਦੀ ਪਾਰਦਰਸ਼ਤਾ ਢੰਗ ਨਾਲ ਈ-ਆਕਸ਼ਨ ਰਾਹੀਂ 3000 ਕਰੋੜ ਕਮਾਏ, 1500 ਕਰੋੜ ਰੁਪਏ ਹੋਰ ਕਮਾਉਣ ਦਾ ਟੀਚਾ
ਅਣ-ਅਧਿਕਾਰਤ ਕਲੋਨੀਆਂ ਖਿਲਾਫ ਸਖ਼ਤ ਕਾਰਵਾਈ ਅਤੇ ਨਵੀਂ ਅਜਿਹੀ ਕੋਈ ਵੀ ਕਲੋਨੀ ਹੋਂਦ ‘ਚ ਨਾ ਆਉਣੀ ਯਕੀਨੀ ਜਾਵੇ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੀ ਪਲੇਠੀ ਮੀਟਿੰਗ ਵਿੱਚ ਸਮੂਹ ਵਿਕਾਸ ਅਥਾਰਟੀਆਂ ਦੀ ਕੀਤੀ ਸਮੀਖਿਆ
ਐਸ.ਏ.ਐਸ. ਨਗਰ (ਮੁਹਾਲੀ)/ਚੰਡੀਗੜ੍ਹ, 9 ਅਕਤੂਬਰ 2024- ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਲੋਕਾਂ ਦੇ ਕੰਮ ਬਿਨਾਂ ਕਿਸੇ ਖੱਜਲ ਖੁਆਰੀ ਅਤੇ ਦੇਰੀ ਦੇ ਸਮਾਂਬੱਧ ਮੁਹੱਈਆ ਕਰਵਾਈਆਂ ਜਾਣ ਅਤੇ ਯੋਜਨਾਬੱਧ ਤਰੀਕੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਸਾਰਿਆ ਜਾਵੇ।ਅੱਜ ਇੱਥੇ ਪੁੱਡਾ ਭਵਨ ਵਿਖੇ ਵਿਭਾਗ ਅਤੇ ਇਸ ਦੇ ਅਧੀਨ ਵਿਕਾਸ ਅਥਾਰਟੀਆਂ ਦੀ ਪਲੇਠੀ ਸਮੀਖਿਆ ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਸ੍ਰੀ ਮੁੰਡੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਬਿਹਤਰ ਨਾਗਰਿਕ ਸੇਵਾਵਾਂ ਦੇਣਾ ਪ੍ਰਮੁੱਖ ਪਹਿਲ ਹੈ ਅਤੇ ਇਸੇ ਵਚਨਬੱਧਤਾ ਉੱਤੇ ਡੱਟ ਕੇ ਪਹਿਰਾ ਦਿੱਤਾ ਜਾਵੇ।
ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਹੁਲ ਤਿਵਾੜੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਮੁੰਡੀਆ ਨੂੰ ਜਾਣੂੰ ਕਰਵਾਇਆ ਗਿਆ ਕਿ ਵਿਭਾਗ ਵੱਲੋਂ ਜਾਇਦਾਦ ਦੀ ਆਕਸ਼ਨ ਰਾਹੀਂ 3000 ਕਰੋੜ ਰੁਪਏ ਮਾਲੀਆ ਜੁਟਾਇਆ ਗਿਆ ਅਤੇ ਆਉਂਦੇ ਸਮੇਂ ਵਿੱਚ 1500 ਕਰੋੜ ਰੁਪਏ ਹੋਰ ਕਮਾਉਣ ਦਾ ਟੀਚਾ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਨੂੰ ਨੇਪਰੇ ਚਾੜ੍ਹਿਆ ਜਾਵੇ ਅਤੇ ਲੋਕਾਂ ਨੂੰ ਵੀ ਆਪਣੇ ਸੁਫ਼ਨਿਆਂ ਦਾ ਘਰ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਰੇਲ-ਟੈਲ ਪੋਰਟਲ ਰਾਹੀਂ ਜਾਇਦਾਦਾਂ ਦੀ ਪਾਰਦਰਸ਼ਤਾ ਢੰਗ ਨਾਲ ਈ-ਆਕਸ਼ਨ ਕਰਵਾਈ ਜਾਵੇ ਤਾਂ ਜੋ ਸਰਕਾਰ ਲਈ ਵੱਧ ਤੋਂ ਵੱਧ ਮਾਲੀਆ ਜੁਟਾਇਆ ਜਾ ਸਕੇ।
ਸ੍ਰੀ ਮੁੰਡੀਆ ਨੇ ਕਿਹਾ ਕਿ ਲੋਕਾਂ ਦੀ ਕੰਮਾਂ ਦੀ ਪੈਂਡੇਸੀ ਬਿਲਕੁਲ ਖਤਮ ਕੀਤੀ ਜਾਵੇ। ਸਿਟੀਜਨ ਸਰਵਿਸ ਪੋਰਟਲ ਅਧੀਨ ਲੋਕਾਂ ਦੀ ਸਹੂਲਤ ਲਈ ਮੌਜੂਦਾ ਸਮੇਂ ਜੋ ਵੀ ਸੇਵਾਵਾਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਜੇਕਰ ਕਿਸੇ ਕੇਸ ਵਿੱਚ ਕੋਈ ਇਤਰਾਜ਼ ਹੈ ਤਾਂ ਇੱਕ ਵਾਰ ਹੀ ਅਲਾਟੀ ਨੂੰ ਸੂਚਿਤ ਕੀਤਾ ਜਾਵੇ ਅਤੇ ਬਾਰ-ਬਾਰ ਇਤਰਾਜ਼ ਨਾ ਲਗਾ ਕੇ ਖੱਜਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਵਿਭਾਗ ਦੇ ਜਨਤਕ ਕੰਮਾਂ ਲਈ ਹਰ ਮਹੀਨੇ ਕੰਮਾਂ ਦੀ ਕਲੀਅਰੈਂਸ ਲਈ ਕੈਂਪ ਲਗਾਏ ਜਾਣ।
ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਸਭ ਤੋਂ ਵੱਡੀ ਤਰਜੀਹ ਹੈ। ਭ੍ਰਿਸ਼ਟਚਾਰ ਅਤੇ ਕੰਮ ਵਿੱਚ ਕੋਤਾਹੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਹੇਠਲੇ ਪੱਧਰਾਂ ਦੀ ਕੰਮਾਂ ਦੀ ਉਹ ਅਤੇ ਉੱਚ ਅਧਿਕਾਰੀ ਨਿੱਜੀ ਤੌਰ ਉੱਤੇ ਨਿਗਰਾਨੀ ਰੱਖਣਗੇ। ਉਨ੍ਹਾਂ ਕਿਹਾ ਇਹ ਵਿਭਾਗ ਸਿੱਧਾ ਲੋਕਾਂ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਖੜ੍ਹਾ ਕਰਨ ਦੀ ਮੁਹਿੰਮ ਨੂੰ ਸਫਲਤਾਪੂਰਵਕ ਨੇ ਨੇਪਰੇ ਚਾੜ੍ਹਨ ਦਾ ਕੰਮ ਮਿਲ-ਜੁਲ ਕੇ ਕਰਨਾ ਹੈ।
ਇਸ ਤੋਂ ਪਹਿਲਾਂ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਹੁਲ ਤਿਵਾੜੀ ਨੇ ਕੈਬਨਿਟ ਮੰਤਰੀ ਸ੍ਰੀ ਮੁੰਡੀਆ ਦਾ ਸਵਾਗਤ ਕਰਦਿਆਂ ਵਿਭਾਗ ਅਤੇ ਸਾਰੀਆਂ ਵਿਕਾਸ ਅਥਾਰਟੀਆਂ ਦੇ ਕੰਮਕਾਜ ਬਾਰੇ ਸੰਖੇਪ ਜਾਣ-ਪਛਾਣ ਕਰਵਾਈ।ਸ੍ਰੀ ਤਿਵਾੜੀ ਨੇ ਅੱਗੇ ਕਿਹਾ ਕਿ ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਨੂੰ ਤਰਜੀਹ ਦਿੰਦਿਆਂ ਅਣ-ਅਧਿਕਾਰਤ ਕਲੋਨੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਨਤੀਜਾਮੁਖੀ ਕਰ ਕੇ ਤੁਰੰਤ ਰਿਪੋਰਟ ਦਿੱਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਵਿੱਚ ਕੋਈ ਸਿਫਾਰਸ਼ ਅਤੇ ਲਿਹਾਜ਼ ਨਹੀਂ ਚੱਲਣ ਦਿੱਤੀ ਜਾਵੇਗੀ। ਅਥਾਰਟੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਕੋਈ ਅਣ-ਅਧਿਕਾਰਤ ਕਲੋਨੀ ਹੋਂਦ ਵਿੱਚ ਨਾ ਆਵੇ ਅਤੇ ਇਸ ਬਾਬਤ ਵਿਭਾਗ ਰੈਗੂਲੇਟਰੀ ਵਿੰਗ ਨੂੰ ਮਜਬੂਤ ਅਤੇ ਚੁਸਤ ਦਰੁਸਤ ਬਣਾਇਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਗਮਾਡਾ ਦੇ ਸੀ.ਏ. ਮੋਨੀਸ਼ ਕੁਮਾਰ, ਪੁੱਡਾ ਦੇ ਸੀ.ਏ. ਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਤਿਆਲ ਗੁਪਤਾ, ਬੀ.ਡੀ.ਏ. ਤੇ ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ, ਏ.ਡੀ.ਏ. ਤੇ ਜੇ.ਡੀ.ਏ. ਦੇ ਸੀ.ਏ. ਅੰਕੁਰਜੀਤ ਸਿੰਘ, ਗਲਾਡਾ ਦੇ ਸੀ.ਏ. ਹਰਪ੍ਰੀਤ ਸਿੰਘ ਨੇ ਵੱਖ-ਵੱਖ ਵਿਕਾਸ ਅਥਾਰਟੀਆਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਜਾਣਕਾਰੀ ਸਾਂਝੀ ਕੀਤੀ।