ਸਿੱਖ ਨੌਜਵਾਨ 30 ਸਾਲਾਂ ਤੋਂ ਦੁਸਹਿਰੇ ਮੌਕੇ ਬਣਾਉਂਦੈ ਪੁਤਲੇ, ਸਾਂਝੀਵਾਲਤਾ ਦਾ ਦੇ ਰਿਹੈ ਸੰਦੇਸ਼
ਰੋਹਿਤ ਗੁਪਤਾ
ਗੁਰਦਾਸਪੁਰ 10 ਅਕਤੂਬਰ 2024 ਭਾਰਤ ਦੇ ਹਰ ਸ਼ਹਿਰ ਵਿੱਚ ਦੁਸ਼ਹਿਰੇ ਦੇ ਤਿਉਹਾਰ ਨਾਲ ਸੰਬੰਧਿਤ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਬਣਨੇ ਸ਼ੁਰੂ ਹੋ ਚੁੱਕੇ ਹਨ ਪਰ ਗੁਰਦਾਸਪੁਰ ਵਿੱਚ ਇੱਕ ਸਿੱਖ ਨੌਜਵਾਨ ਪਿਛਲੇ 30 ਸਾਲਾਂ ਤੋਂ ਦੁਸ਼ਹਿਰੇ ਦੇ ਤਿਉਹਾਰ ਲਈ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਹੈ। ਇਸ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਨੌਜਵਾਨ ਪ੍ਰਭਜੋਤ ਸਿੰਘ 25 ਸਾਲ ਤੱਕ ਰਾਮਲੀਲਾ ਦੀ ਸਟੇਜ ਤੇ ਰਾਵਣ ਦਾ ਕਿਰਦਾਰ ਨਿਭਾਉਂਦਾ ਰਿਹਾ ਹੈ। ਇਹ ਕਿਰਦਾਰ ਨਿਭਾਉਂਦੇ ਉਹ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਤਾਂ ਮਹਿਸੂਸ ਕਰਦਾ ਕਿ ਦੁਸ਼ਹਿਰੇ ਦੀ ਗਰਾਊਂਡ ਵਿੱਚ ਜੋ ਪੁਤਲੇ ਲਗਾਏ ਜਾਂਦੇ ਹਨ ਉਹ ਰਾਵਣ ਦੇ ਸਵਰੂਪ ਨਾਲ ਮੇਲ ਨਹੀਂ ਖਾਂਦੇ। ਉਸਨੇ ਰਾਮਲੀਲਾ ਦੀ ਸਟੇਜ ਤੋਂ ਸਿਲਵਰ ਜੁਬਲੀ ਕਰਕੇ ਸੰਨਿਆਸ ਲੈ ਲਿਆ ਤੇ ਅੰਦਰੂਨੀ ਪ੍ਰੇਰਨਾ ਨਾਲ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕੀਤਾ। ਹਰ ਸਾਲ ਉਹ ਇਹਨਾਂ ਪੁਤਲਿਆਂ ਨੂੰ ਹੋਰ ਨਿਖਾਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਹੁਣ ਹਰ ਸਾਲ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਦੁਸ਼ਹਿਰੇ ਦੇ ਪੁਤਲੇ ਬਣਾਉਣ ਦਾ ਕੰਮ ਲਗਾਤਾਰ ਕਰਦਾ ਆ ਰਿਹਾ ਹੈ। ਉਸ ਦੇ ਕੰਮ ਦੀ ਖੂਬ ਤਾਰੀਫ ਵੀ ਉਸਨੂੰ ਮਿਲਦੀ ਹੈ।
ਜਾਣਕਾਰੀ ਦਿੰਦਿਆ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ 30 ਸਾਲ ਤੋਂ ਪੁਤਲੇ ਬਣਾਉਣ ਦਾ ਕੰਮ ਕਰ ਰਿਹਾ ਹੈ ਤੇ ਇਸ ਤੋਂ ਪਹਿਲਾਂ ਉਹ 25 ਸਾਲ ਤੇ ਸ਼ਹਿਰ ਦੀ ਇੱਕ ਰਾਮ ਲੀਲਾ ਵਿੱਚ ਰਾਵਣ ਦਾ ਰੋਲ ਵੀ ਨਿਭਾਉਂਦਾ ਰਿਹਾ। ਇਸ ਦੌਰਾਨ ਜਦੋਂ ਦੁਸ਼ਹਿਰਾ ਗਰਾਉਂਡ ਵਿੱਚ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਗਰਾਊਂਡ ਵਿੱਚ ਲਗਾਏ ਗਏ ਪੁਤਲੇ ਰਾਵਣ ਦੇ ਹੁਲੀਏ ਨਾਲ ਮੇਲ ਨਹੀਂ ਖਾਂਦੇ ਕਿਉਂਕਿ ਉਹ ਰਾਵਣ ਬਣ ਕੇ ਅਕਸਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੀ ਵੇਖਦਾ ਸੀ। ਉਸ ਦੇ ਮਨ ਵਿੱਚ ਆਇਆ ਕੀ ਉਹ ਰਾਵਣ ਨੂੰ ਪੁਤਲੇ ਦੇ ਰੂਪ ਵਿੱਚ ਉਕੇਰ ਸਕਦਾ ਤੇ ਉਸ ਨੇ ਰਾਮਲੀਲਾ ਤੋਂ ਸੰਨਿਆਸ ਲੈ ਕੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ । 12 ਸਾਲ ਤੋਂ ਉਹ ਗੁਰਦਾਸਪੁਰ ਵਿੱਚ ਪੁਤਲੇ ਬਣਾਉਣ ਦਾ ਕੰਮ ਕਰ ਰਿਹਾ ਹੈ ਤੇ ਗੁਰਦਾਸਪੁਰ ਦੇ ਦੁਸ਼ਹਿਰਿਆਂ ਦੇ ਰਾਵਨ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਨਾਲ ਨਾਲ ਨੇੜੇ ਤੇੜੇ ਦੇ ਸ਼ਹਿਰਾ ਤੇ ਪਿੰਡਾਂ ਵਿੱਚੋਂ ਵੀ ਉਸਨੂੰ ਪੁਤਲੇ ਬਣਾਉਣ ਦੇ ਆਰਡਰ ਮਿਲਦੇ ਹਨ । ਉਸ ਨੇ ਦੱਸਿਆ ਕਿ ਮਹਿੰਗਾਈ ਦੇ ਨਾਲ ਪੁਤਲਿਆਂ ਦਾ ਕੱਦ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਉਹਨਾਂ ਦਾ ਕੰਮ ਵੀ ਘੱਟਦਾ ਜਾ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਹੁਣ ਤਿੰਨ ਦੀ ਬਜਾਏ ਸਿਰਫ ਇੱਕ ਰਾਵਣ ਦਾ ਪੁਤਲਾ ਬਣਾਉਣ ਦੀ ਰੀਤ ਚਲ ਪਈ ਹੈ ਅਤੇ ਇਹ ਮਹਿੰਗਾਈ ਕਾਰਨ ਹੀ ਹੈ। ਉਸਨੇ ਦੱਸਿਆ ਕਿ ਮਹਿੰਗਾਈ ਦੇ ਬਾਵਜੂਦ ਉਸਨੇ ਆਪਣੇ ਵੱਲੋਂ ਬਣਾਏ ਗਏ ਪੁਤਲਿਆਂ ਦੀ ਕੁਆਲਿਟੀ ਨਹੀਂ ਘਟਾਈ ਹੈ ਅਤੇ ਪੁਰਾਣੀਆਂ ਲੀਰਾਂ ਦੀ ਬਜਾਏ ਫੈਕਟਰੀ ਤੋਂ ਨਵਾਂ ਕੱਪੜਾ ਮੰਗਵਾ ਕੇ ਅਤੇ ਵਧੀਆ ਕਿਸਮ ਦੇ ਬਾਂਸ ਹੀ ਪ੍ਰਯੋਗ ਕਰਦਾ ਹੈ। ਉਸਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ 50_50 ਫੁੱਟ ਦੇ ਤਿੰਨ ਪੁਤਲੇ ਬਣਾਉਣ ਤੇ ਔਸਤਨ ਇਕ ਲੱਖ ਰੁਪਏ ਦੀ ਲਾਗਤ ਆਉਂਦੀ ਹੈ।
ਇਸ ਦੇ ਨਾਲ ਹੀ ਪ੍ਰਭਜੋਤ ਸਿੰਘ ਦੱਸਦਾ ਹੈ ਕਿ ਪੁਤਲਾ ਦਹਿਨ ਦੇ ਰੂਪ ਵਿੱਚ ਰਾਵਣ ਨੂੰ ਨਹੀਂ ਉਸਦੇ ਅਹੰਕਾਰ ਅਤੇ ਬੁਰਾਈਆਂ ਨੂੰ ਸਾੜਿਆ ਜਾਂਦਾ ਹੈ। ਰਾਵਨ ਬਹੁਤ ਸਾਰੀਆਂ ਅੱਛਾਈਆਂ ਦਾ ਮਾਲਕ ਵੀ ਸੀ ਅਤੇ ਵੇਦਾਂ ਦਾ ਵੀ ਵਿਦਵਾਨ ਸੀ। ਉਸ ਦੀਆਂ ਅੱਛਾਈਆਂ ਦੀ ਕਦਰ ਕਰਨੀ ਚਾਹੀਦੀ ਹੈ । ਨਾਲ ਹੀ ਉਸਨੇ ਪੁਤਲਾ ਸੜਨ ਤੋਂ ਪਹਿਲਾਂ ਹੀ ਅੱਧ ਸੜੇ ਬਾਂਸ ਘਰ ਲਿਆਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਅਜਿਹੀ ਹੁੱਲੜਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਰਾਵਣ ਦੀ ਲੱਕੜੀ ਅਸਥੀ ਦੇ ਰੂਪ ਵਿੱਚ ਘਰ ਲੈ ਕੇ ਜਾਈ ਜਾਂਦੀ ਹੈ ਤੇ ਜਦੋਂ ਤੱਕ ਉਹ ਸੜੇ ਨਾ ਉਸ ਨੂੰ ਅਸਥੀ ਨਹੀਂ ਕਿਹਾ ਜਾ ਸਕਦਾ।
ਆਪਣੇ ਧਰਮ ਬਾਰੇ ਉਸਨੇ ਕਿਹਾ ਕਿ ਉਸ ਦੇ ਕੰਮ ਵਿੱਚ ਕਦੇ ਵੀ ਉਸਦੇ ਸਿੱਖ ਧਰਮ ਨਾਲ ਸੰਬੰਧਿਤ ਹੋਣ ਤੇ ਔਂਕੜ ਪੇਸ਼ ਨਹੀਂ ਆਈ। ਉਸ ਦੇ ਘਰ ਦੇ ਵੀ ਉਸਦੇ ਕੰਮ ਵਿੱਚ ਸਹਿਯੋਗ ਕਰਦੇ ਹਨ ਅਤੇ ਬਾਣੀ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦਾ ਆਦਰ ਕਰਨਾ ਚਾਹੀਦਾ ਹੈ ਤੇ ਸਾਰੇ ਤਿਉਹਾਰ ਮਿਲ ਜੁਲ ਕੇ ਆਪਸੀ ਭਾਈਚਾਰੇ ਨਾਲ ਮਨਾਣੇ ਚਾਹੀਦੇ ਹਨ।