ਬਠਿੰਡਾ: ਵਪਾਰੀਆਂ ਨੇ ਫੂਕਿਆ ਟੋ ਵੈਨ ਪੱਖੀ ਕੌਂਸਲਰਾਂ ਦਾ ਦਿਓ ਕੱਦ ਪੁਤਲਾ
ਅਸ਼ੋਕ ਵਰਮਾ
ਬਠਿੰਡਾ,12 ਅਕਤੂਬਰ 2024: ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਚੋਂ ਇੱਕ ਵਾਰ ਗੱਡੀਆਂ ਚੁੱਕਣ ਤੋਂ ਭੜਕੇ ਵਪਾਰੀਆਂ ਨੇ ਨਗਰ ਨਿਗਮ ਬਠਿੰਡਾ ਦੇ ਉਨ੍ਹਾਂ ਕੌਂਸਲਰਾਂ ਦਾ ਦਿਓ ਕੱਦ ਪੁਤਲਾ ਸਾੜਿਆ ਜੋ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਰਾਹੀਂ ਟੋਅ ਵੈਨ ਚਲਾਉਣ ਵਾਲਿਆਂ ਦੀ ਪਿੱਠ ਥਾਪੜ ਅਤੇ ਵਪਾਰੀਆਂ ਨੂੰ ਝੂਠਾ ਕਰਾਰ ਦੇ ਰਹੇ ਸਨ।
ਇਨ੍ਹਾਂ ਕੌਂਸਲਰਾਂ ਵਿੱਚ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਤੋਂ ਇਲਾਵਾ ਕੁੱਝ ਉਹ ਕੌਂਸਲਰ ਸ਼ਾਮਲ ਹਨ ਜਿੰਨ੍ਹਾਂ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਮੰਨਿਆ ਜਾਂਦਾ ਰਿਹਾ ਹੈ। ਸ਼ੁੱਕਰਵਾਰ ਦੇਰ ਸ਼ਾਮ ਨੂੰ ਵਪਾਰੀ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਂਕ ’ਚ ਇਕੱਤਰ ਹੋਏ ਅਤੇ ਜਬਰਦਸਤ ਨਾਅਰੇਬਾਜੀ ਕਰਕੇ ਇਸ ਮਾਮਲੇ ’ਚ ਆਪਣਾ ਰੋਸ ਜਤਾਇਆ।
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਕੁੱਝ ਕੌਂਸਲਰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰ ਰਹੇ ਹਨ ਕਿ ਵਪਾਰੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਜਦੋਂ ਕਿ ਨੰਗੇ ਚਿੱਟੇ ਦਿਨ ਬੋਲਿਆ ਜਾ ਰਿਹਾ ਇਹ ਕੋਰਾ ਝੂਠ ਤੇ ਕੂੜ ਦੀ ਪੰਡ ਹੈ। ਉਨ੍ਹਾਂ ਕਿਹਾ ਕਿ ਜੋ ਕੌਂਸਲਰ ਇਸ ਤਰਾਂ ਦਾ ਭੰਡੀ ਪ੍ਰਚਾਰ ਕਰ ਰਹੇ ਹਨ ਉਹ ਤਾਂ ਜਰਨਲ ਹਾਊਸ ਦੀ ਮੀਟਿੰਗ ਵਿੱਚ ਹਾਜਰ ਹੀ ਨਹੀਂ ਸਨ ਫਿਰ ਉਨ੍ਹਾਂ ਦੀਆਂ ਗੱਲਾਂ ਕਿਸ ਤਰਾਂ ਸੱਚ ਹੋ ਸਕਦੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਜਿੰਨ੍ਹਾਂ ਮੰਗਾਂ ਪ੍ਰਤੀ ਸਹਿਮਤੀ ਬਣੀ ਸੀ ਉਨ੍ਹਾਂ ਚੋ ਇੱਕ ਵੀ ਲਾਗੂ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੀ ਸਭ ਤੋਂ ਅਹਿਮ ਮੰਗ ਟੋਅ ਵੈਨ ਦਾ ਕੰਮ ਟਰੈਫਿਕ ਪੁਲਿਸ ਨੂੰ ਸੌਂਪਣ ਦੀ ਹੈ ਜਿਸ ਲਈ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜਦੋਂਕਿ ਇਸ ਸਬੰਧ ’ਚ ਲਿਖਕੇ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਨਗਰ ਨਿਗਮ ਨੇ ਕਿਹਾ ਸੀ ਕਿ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਮਗਰੋਂ ਹੀ ਟੋਅ ਵੈਨ ਚਲਾਈ ਜਾਏਗੀ ਪਰ ਅਜਿਹਾ ਨਹੀਂ ਹੋਇਆ ਅਤੇ ਠੇਕੇਦਾਰ ਦੇ ਕਾਰਿੰਦੇ ਬਜ਼ਾਰਾਂ ’ਚ ਧੱਕੇ ਨਾਲ ਗੱਡੀਆਂ ਚੱਕਦੇ ਦਿਖਾਈ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਬਜ਼ਾਰਾਂ ’ਚ ਫੁੱਟਪਾਥ ਤੱਕ ਠੀਕ ਨਹੀਂ ਕਰਵਾਏ ਅਤੇ ਪੀਲੀ ਲਾਈਨ ਵੀ ਅਧੂਰੀ ਹੈ ਜਿਸ ਦਾ ਖਮਿਆਜਾ ਕਾਰ ਮਾਲਕਾਂ ਨੂੰ ਜੁਰਮਾਨਿਆਂ ਅਤੇ ਦੁਕਾਨਦਾਰਾਂ ਨੂੰ ਕਾਰੋਬਾਰ ਡੁੱਬਣ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ। ਸੋਨੂੰ ਮਹੇਸ਼ਵਰੀ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਨਗਰ ਨਿਗਮ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।
ਗੌਰਤਲਬ ਹੈ ਕਿ ਜਰਨਲ ਹਾਊਸ ਦੀ ਮੀਟਿੰਗ ਦੌਰਾਨਰਇਹ ਵੀ ਫ਼ੈਸਲਾ ਹੋਇਆ ਕਿ ਅਣਜਾਣ ਲੋਕਾਂ ਨੂੰ ਸੂਚਨਾ ਦੇਣ ਲਈ ਸ਼ਹਿਰ ’ਚ ਬੋਰਡ ਲਾਏ ਜਾਣਗੇ ਅਤੇ ਪਾਰਕਿੰਗ ਇਮਾਰਤ ਦੇ ਨਜ਼ਦੀਕ ਫਾਇਰ ਬ੍ਰਿਗੇਡ ਚੌਕ ’ਚ ਬਿਜਲੀ ਨਾਲ ਚੱਲਣ ਵਾਲਾ ਡਿਜੀਟਲ ਸੂਚਨਾ ਬੋਰਡ ਵੀ ਚੌਵੀ ਘੰਟੇ ਚਾਲੂ ਰੱਖਿਆ ਜਾਵੇਗਾ। ਗ਼ਲਤ ਪਾਰਕਿੰਗ ਦੀ ਸ਼ਨਾਖ਼ਤ ਲਈ ਬਾਜ਼ਾਰਾਂ ਵਿੱਚ ਵੀ ਕੈਮਰੇ ਲਾਉਣ ਦੀ ਗੱਲ ਆਖੀ ਗਈ।
ਇਸੇ ਤਰਾਂ ਹੀ ਟੋਅ ਕੀਤੀ ਗੱਡੀ ਦੇ ਮਾਲਕ ਵੱਲੋਂ ਚੁਣੌਤੀ ਦੇਣ ਦੀ ਸੂਰਤ ’ਚ ਅੰਤਿਮ ਨਿਰਣਾ ਲੈਣ ਲਈ ਕਮੇਟੀ ਬਨਾਉਣ ਦਾ ਵੀ ਸੁਝਾਅ ਰੱਖਿਆ ਗਿਆ ਸੀ। ਇਸ ਦੌਰਾਨ ਜਦੋਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੰਘਣ ਦੇ ਬਾਵਜੂਦ ਜਦੋਂ ਨਗਰ ਨਿਗਮ ਨੇ ਮੀਟਿੰਗ ’ਚ ਲਏ ਫੈਸਲਿਆਂ ਤੇ ਅਮਲ ਨਾਂ ਹੋਇਆ ਤਾਂ ਵਪਾਰੀ ਆਗੂਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਦਿੱਤੀ। ਗੱਲ ਸਾਹਮਣੇ ਆਉਣ ਮਗਰੋਂ ਨਗਰ ਨਿਗਮ ਦੇ ਆਦੇਸ਼ਾਂ ਤਹਿਤ ਟੋਅ ਵੈਨ ਦੇ ਮੁਲਾਜਮਾਂ ਨੇ ਅਚਾਨਕ ਗੱਡੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਵਪਾਰੀ ਇੱਕ ਵਾਰ ਫਿਰ ਸੜਕਾਂ ਤੇ ਉੱਤਰੇ ਹਨ।