VHP ਨੇਤਾ ਦੀ ਹੱਤਿਆ ਮਾਮਲਾ: NIA ਨੇ BKI ਮੁਖੀ ਵਧਾਵਾ ਸਿੰਘ ਉਰਫ ਬੱਬਰ ਦੇ ਖਿਲਾਫ ਚਾਰਜਸ਼ੀਟ ਕੀਤੀ ਦਾਖਲ
ਚੰਡੀਗੜ੍ਹ, 12 ਅਕਤੂਬਰ 2024 - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚੀਫ ਵਧਾਵਾ ਸਿੰਘ ਅਤੇ ਪੰਜ ਹੋਰ ਅੱਤਵਾਦੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਚਾਰਜਸ਼ੀਟ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੇ ਪੰਜਾਬ ਵਿੱਚ ਇਸੇ ਸਾਲ ਹੋਏ ਕਤਲ ਦੇ ਮਾਮਲੇ ਵਿੱਚ ਦਾਖ਼ਲ ਕੀਤੀ ਗਈ ਹੈ। NIA ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਬੱਗਾ ਨੂੰ 13 ਅਪ੍ਰੈਲ 2024 ਨੂੰ ਪੰਜਾਬ ਦੇ ਰੂਪਨਗਰ ਦੇ ਨੰਗਲ ਵਿੱਚ ਇੱਕ ਕਰਿਆਨੇ ਦੀ ਦੁਕਾਨ 'ਤੇ BKI ਮਾਡਿਊਲ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ। ਸ਼ੁੱਕਰਵਾਰ ਨੂੰ ਦਾਇਰ ਚਾਰਜਸ਼ੀਟ 'ਚ ਵਧਾਵਾ ਸਿੰਘ ਉਰਫ ਬੱਬਰ ਤੋਂ ਇਲਾਵਾ ਦੋ ਹੋਰ ਭਗੌੜਿਆਂ ਅਤੇ ਤਿੰਨ ਗ੍ਰਿਫਤਾਰ ਮੁਲਜ਼ਮਾਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਦੇ ਨਾਂ ਬੱਗਾ ਦੇ ਕਤਲ ਦੇ ਮੁੱਖ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਸ਼ੂਟਰ ਮਨਦੀਪ ਕੁਮਾਰ ਉਰਫ ਮੰਗਲੀ ਅਤੇ ਸੁਰਿੰਦਰ ਕੁਮਾਰ ਉਰਫ਼ ਰੀਕਾ ਵਜੋਂ ਹੋਈ ਹੈ। ਦੋਵੇਂ ਨਵਾਂਸ਼ਹਿਰ ਪੰਜਾਬ ਦੇ ਵਸਨੀਕ ਹਨ। ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਮੁਲਜ਼ਮ ਗੁਰਮੀਤ ਰਾਮ ਉਰਫ਼ ਗੋਰਾ ਵੀ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।
ਇਸ ਹਮਲੇ ਨੂੰ ਅੰਜਾਮ ਦੇਣ ਲਈ ਹਥਿਆਰ, ਗੋਲਾ-ਬਾਰੂਦ ਅਤੇ ਪੈਸਾ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਫਰਾਰ ਹੋਏ ਤਿੰਨ ਵਿਅਕਤੀਆਂ ਵਿੱਚ ਪਾਕਿਸਤਾਨ ਵਿੱਚ ਰਹਿ ਰਹੇ ਵਧਾਵਾ ਸਿੰਘ, ਨਵਾਂਸ਼ਹਿਰ ਦੇ ਹਰਜੀਤ ਸਿੰਘ ਉਰਫ਼ ਲਾਡੀ ਅਤੇ ਯਮੁਨਾਨਗਰ, ਹਰਿਆਣਾ ਦੇ ਕੁਲਬੀਰ ਸਿੰਘ ਉਰਫ਼ ਸਿੱਧੂ ਸ਼ਾਮਲ ਹਨ।
NIA ਨੇ 9 ਮਈ 2024 ਨੂੰ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। ਐਨਆਈਏ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਬੱਗਾ ਦੇ ਕਤਲ ਵਿੱਚ ਬੀਕੇਆਈ ਦੁਆਰਾ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਰਚੀ ਗਈ ਸੀ। ਏਜੰਸੀ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਮੌਜੂਦ ਬੀਕੇਆਈ ਮਾਡਿਊਲ ਦੇ ਕਈ ਮੈਂਬਰ ਟਾਰਗੇਟ ਕਤਲਾਂ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ, 'ਪਾਕਿਸਤਾਨ ਤੋਂ ਵਧਾਵਾ ਸਿੰਘ ਨੇ ਜਰਮਨੀ ਵਿਚ ਰਹਿੰਦੇ ਹਰਜੀਤ ਸਿੰਘ ਅਤੇ ਕੁਲਬੀਰ ਸਿੰਘ ਨਾਮ ਦੇ ਦੋ ਵਿਅਕਤੀਆਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਸੀ। ਜਾਂਚ 'ਚ ਦੁਬਈ ਆਧਾਰਿਤ ਲੌਜਿਸਟਿਕਸ ਪ੍ਰੋਵਾਈਡਰ ਅਤੇ ਭਾਰਤ ਆਧਾਰਿਤ ਹਥਿਆਰ ਸਪਲਾਇਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ।
ਵਧਵਾ ਸਿੰਘ ਨੂੰ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਵਧਵਾ ਦੀ ਅਗਵਾਈ ਵਾਲੀ ਬੀ.ਕੇ.ਆਈ. ਕਈ ਅੱਤਵਾਦੀ ਹਮਲਿਆਂ 'ਚ ਸ਼ਾਮਲ ਰਹੀ ਹੈ। ਇਸ ਵਿੱਚ ਜੂਨ 1985 ਦਾ ਏਅਰ ਇੰਡੀਆ ਕਨਿਸ਼ਕ ਜਹਾਜ਼ ਹਾਦਸਾ ਵੀ ਸ਼ਾਮਲ ਹੈ, ਜਿਸ ਵਿੱਚ 329 ਯਾਤਰੀਆਂ ਦੀ ਮੌਤ ਹੋ ਗਈ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਬੀ.ਕੇ.ਆਈ. ਦਿੱਲੀ ਦੇ ਲਿਬਰਟੀ ਅਤੇ ਸਤਿਅਮ ਸਿਨੇਮਾ ਹਾਲ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਵੀ ਬੀ.ਕੇ.ਆਈ ਸ਼ਾਮਲ ਸੀ। ਮਈ 2005 ਵਿੱਚ ਹੋਏ ਇਸ ਬੰਬ ਧਮਾਕੇ ਵਿੱਚ 40 ਲੋਕ ਮਾਰੇ ਗਏ ਸਨ। ਲੁਧਿਆਣਾ ਦੇ ਸ਼ਿੰਗਾਰ ਸਿਨੇਮਾ 'ਚ ਹੋਏ ਬੰਬ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਅਕਤੂਬਰ 2007 ਵਿੱਚ ਹੋਇਆ ਸੀ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਬੀ.ਕੇ.ਆਈ. ਸ਼ਾਮਿਲ ਰਿਹਾ ਹੈ।