ਦੁਸਹਿਰੇ ਮੌਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ: ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ
- ਨਿਹੰਗ ਸਿੰਘਾਂ ਵਲੋਂ ਘੋੜ ਦੌੜ, ਗਤਕਾ ਕਲਾ ਦੇ ਜੰਗੀ ਕਰਤੱਬਾਂ ਦਾ ਪ੍ਰਦਰਸ਼ਨ
ਚਮਕੌਰ ਸਾਹਿਬ, 12 ਅਕਤੂਬਰ 2024 - ਦੁਸਹਿਰੇ ਮੌਕੇ ਗਿਆਨੀ ਸੁਲਤਾਨ ਸਿੰਘ ਦੀ ਹਾਜ਼ਰੀ 'ਚ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਇਲਾਵਾ ਪਰੰਪਰਾਗਤ ਤਿਉਹਾਰ ਦੁਸਹਿਰੇ ਮੌਕੇ ਗੁਰਦੁਆਰਾ ਰਣਜੀਤਗੜ੍ਹ, ਪਾ:10 ਵੀਂ ਛਾਉਣੀ ਬੁੱਢਾ ਦਲ ਤੋਂ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਮਹੱਲੇ ਦੀ ਆਰੰਭਤਾ ਹੋਈ।
ਇਸ ਤੋਂ ਪਹਿਲਾਂ ਗੁਰਦੁਆਰਾ ਰਣਜੀਤ ਗੜ੍ਹ ਸਾਹਿਬ ਪਾ:10 ਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਨਰਸਿੰਙਿਆਂ ਬੈਂਡ ਵਾਜਿਆਂ ਦੀ ਸਬਦੀ ਧੁਨਾਂ ਖਾਲਸਾਈ ਜੈਕਾਰਿਆਂ ਦੀ ਗੂੰਝ ਵਿੱਚ ਇਹ ਨਿਹੰਗ ਸਿੰਘਾਂ ਦਾ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਤੋਂ ਅਰੰਭ ਹੋ ਕੇ ਚਮਕੌਰ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਤੋਂ ਗੁ: ਸ਼ਹੀਦ ਬੁਰਜ ਭਾਈ ਜੈਤਾ ਜੀ, ਗੁ: ਸ੍ਰੀ ਗੜ੍ਹੀ ਸਾਹਿਬ, ਗੁ: ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਤਾੜੀ ਸਾਹਿਬ, ਵਿਖੇ ਨਤਮਸਤਕ ਹੁੰਦਾ ਹੋਇਆ ਖੁਲ੍ਹੀ ਗਰਾਊੰਡ ਵਿੱਚ ਪੁਜਾ, ਜਿਥੇ ਨਿਹੰਗ ਸਿੰਘਾਂ ਨੇ ਘੋੜਿਆਂ ਦੀਆਂ ਦੌੜਾਂ ਕਰਾਈਆਂ।
ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀਆਂ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਦੀ ਫੌਜ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ।ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਉਪਰੰਤ ਨਿਹੰਗ ਸਿੰਘਾਂ ਨੇ ਗਤਕਾ, ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇੱਕ ਤੋਂ ਦੋ, ਦੋ ਤੋਂ ਚਾਰ ਘੋੜਿਆਂ ਦੀ ਸਵਾਰੀ ਕਰਕੇ ਜੰਗੀ ਕਰਤੱਬ ਦਿਖਾਏ ਅਤੇ ਵੱਧ ਤੋਂ ਵੱਧ ਕਿੱਲੇ੍ਹ ਪੁੱਟਣ ਤੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਗਤਕੇ ਦੇ ਜੋਹਰ ਵਿਖਾਏ।
ਮਹੱਲਾ ਖੇਡਣ ਉਪਰੰਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਨੇ ਕੌਮ ਦੀ ਅਗਵਾਈ ਕਰਦਿਆਂ ਉਨ੍ਹਾਂ ਕੌਮ ਨੂੰ ਅਣਖ, ਦਲੇਰ, ਨਿਰਭੈਅ ਹੋ ਕੇ ਜਿਊਣ ਦਾ ਮਾਰਗ ਦਿਤਾ।ਉਸ ਮਾਰਗ ਤੇ ਚੱਲਣ ਲਈ ਅੱਜ ਦੀ ਨੌਜਵਾਨ ਪੀੜੀ ਨੂੰ ਸਿਰਜੋੜ ਕੇ ਵਿਚਾਰ ਮਈ ਹੋਣਾ ਚਾਹੀਦਾ ਹੈ।
ਪੰਧ ਤੋਂ ਉਖੜ ਕੇ ਕੌਮਾਂ ਦੁਸ਼ਵਾਰੀਆਂ ਦੇ ਰਾਹ ਪੈ ਜਾਦੀਆਂ ਹਨ, ਸੱਚੇ ਮਾਰਗ ਚਲਦਿਆਂ ਗੁਰੂ ਆਪ ਅੰਗ ਸੰਗ ਸਹਾਈ ਹੁੰਦਾ ਹੈ। ਦੁਸਹਿਰੇ ਦਾ ਦਿਹਾੜਾ ਨੇਕੀ ਤੇ ਬਦੀ ਦੀ ਲੜਾਈ ਵਿੱਚ ਹੱਕ ਸੱਚ ਦੀ ਜਿੱਤ ਹੁੰਦੀ ਹੈ। ਬਦੀ ਨੇ ਇਕ ਦਿਨ ਹਾਰਨਾ ਹੁੰਦਾ ਹੈ। ਸਫਲਤਾ ਨੇਕੀ ਦੀ ਹੁੰਦੀ ਹੈ। ਧਾਰਮਿਕ ਅਜ਼ਾਦੀ ਦਾ ਅਧਿਕਾਰ ਸਿੱਖ ਗੁਰੂ ਸਾਹਿਬਾਨ ਨੇ ਆਪਣੀਆਂ ਸ਼ਹੀਦੀਆਂ ਨਾਲ ਲੈ ਕੇ ਦਿਤਾ ਹੈ ਉਹ ਅਧਿਕਾਰ ਤੇ ਅੱਜ ਸਰਕਾਰਾਂ ਛਾਪੇ ਮਾਰ ਰਹੀਆਂ ਹਨ ਤੇ ਸਾਡੇ ਤੋਂ ਆਜ਼ਾਦੀ ਖੋਹਣ ਦਾ ਕੋਝਾ ਜਤਨ ਹੋ ਰਿਹਾ ਹੈ। ਹਕੂਮਤ ਸਿੱਖੀ ਨੂੰ ਵੰਗਾਰ ਰਹੀ ਹੈ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਨਿਰਵੈਰ ਸਿੰਘ, ਬਾਬਾ ਜਰਨੈਲ ਸਿੰਘ ਬਰੇਟਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਮਹਿਤਾਬ ਸਿੰਘ,ਬਾਬਾ ਲਾਲ ਸਿੰਘ ਰਾਮਪੁਰਾ ਫੂਲ, ਬਾਬਾ ਰਾਜਾ ਰਾਮ ਸਿੰਘ, ਬਾਬਾ ਮਾਨ ਸਿੰਘ ਮੜੀਆਂ ਵਾਲਾ ਬਟਾਲਾ, ਬਾਬਾ ਵੱਸਣ ਸਿੰਘ ਮੜੀਆਂ ਦਲ ਬਟਾਲੇ ਵਾਲੇ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜਗੜ੍ਹ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਰਾਜਾਰਾਮ ਸਿੰਘ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਢੂੰਡਾ ਸਿੰਘ ਮਿਸ਼ਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਪਿਆਰਾ ਸਿੰਘ, ਗੁਰਸ਼ੇਰ ਸਿੰਘ ਮਹਾਕਾਲ,ਬਾਬਾ ਬਾਘੜ ਸਿੰਘ,ਬਾਬਾ ਲੱਖਾ ਸਿੰਘ ਬਠਿੰਡਾ,ਬਾਬਾ ਰਣਯੋਧ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਭਗਤ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਪ੍ਰਤਾਪ ਸਿੰਘ ਚੂੰਢਾ, ਬਾਬਾ ਜਗਬੀਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ।
ਇਸ ਉਪਰੰਤ ਗਿਆਨੀ ਸੁਲਤਾਨ ਸਿੰਘ ਦੀ ਹਾਜ਼ਰੀ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਐਸ.ਜੀ.ਪੀ.ਸੀ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਅਤੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੀ ਅਗਵਾਈ ਹੇਠ ਮੁਹੱਲਾ ਸਜਾਇਆ ਗਿਆ, ਜ਼ੋ ਬਾਬਾ ਅਜੀਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿਸ ਵਿੱਚ ਘੋੜ ਦੌੜ, ਗੱਤਕਾ ਮੁਕਾਬਲੇ ਕਰਵਾਏ ਗਏ, ਬਾਬਾ ਸ਼ਮਸ਼ੇਰ ਸਿੰਘ ਮਾਨ ਦਲ ਦੀ ਅਗਵਾਈ ਹੇਠ ਮੁਹੱਲਾ ਕੱਢਿਆ ਗਿਆ।
ਇਸ ਸਮੇਂ ਐੱਸ ਪੀ ਰੁਪਿੰਦਰ ਕੌਰ ਸਰਾਂ ਦੀ ਅਗਵਾਈ ਵਿੱਚ 6 ਡੀਐਸਪੀ ਅਤੇ ਕਰੀਬ 170 ਪੁਲਿਸ ਮੁਲਾਜ਼ਮਾਂ ਨੇ ਨਿਗਰਾਨੀ ਕੀਤੀ