ਪੰਚਾਇਤ ਚੋਣਾਂ: ਕੋਕਾ ਘੜਵਾਦੇ ਸਰਪੰਚਾ ਕੋਕਾ ਡਾਇਮੰਡ ਦਾ
ਅਸ਼ੋਕ ਵਰਮਾ
ਬਠਿੰਡਾ,14 ਅਕਤੂਬਰ 2024: ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਪਿੰਡਾਂ ਵਿੱਚ ਚੱਲ ਰਿਹਾ ਚੋਣ ਪ੍ਰਚਾਰ ਦਾ ਢੋਲ ਢਮੱਕਾ ਸ਼ਾਂਤ ਹੋਣ ਤੋਂ ਬਾਅਦ ਸਰਪੰਚੀ ਦੇ ਉਮੀਦਵਾਰਾਂ ਨੇ ਵੋਟਾਂ ਦਾ ਮੇਵਾ ਹਾਸਲ ਕਰਨ ਲਈ ਵੋਟਰਾਂ ਦੀ ਟਹਿਲ ਸੇਵਾ ਸ਼ੁਰੂ ਕਰ ਦਿੱਤੀ ਹੈ ਜੋ ਬੀਤੀ ਦੇਰ ਰਾਤ ਤੱਕ ਜਾਰੀ ਰਹੀ ਜਦੋਂਕਿ ਕਈ ਥਾਵਾਂ ਤੇ ਇਹ ਸਿਲਸਿਲਾ ਅੱਜ ਪੂਰਾ ਦਿਨ ਚੱਲਦਾ ਰਿਹਾ ਹੈ। ਭਾਵੇਂ ਇਹ ਚੋਣਾਂ ਸਿੱਧੇ ਤੌਰ ਤੇ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੇ ਨਹੀਂ ਲੜੀਆਂ ਜਾ ਰਹੀਆਂ ਪ੍ਰੰਤੂ ਪਰਦੇ ਪਿੱਛੇ ਉਮੀਦਵਾਰਾਂ ਨੂੰ ਸਿਆਸੀ ਧਿਰਾਂ ਦੀ ਹਮਾਇਤ ਅਤੇ ਮਾਰਗਦਰਸ਼ਨ ਹਾਸਿਲ ਹੈ। ਹੁਣ ਘਰ ਘਰ ਜਾਕੇ ਵੋਟਾਂ ਮੰਗਦਿਆਂ ਉਮੀਦਵਾਰਾਂ ਵੱਲੋਂ ਅੰਤਿਮ ਦੌਰ ’ਚ ਪੂਰੀ ਵਾਹ ਲਾਈ ਜਾ ਰਹੀ ਹੈ। ਦਰਜਨਾਂ ਪਿੰਡਾਂ ’ਚ ਉਮੀਦਵਾਰਾਂ ਨੇ ਜਿੱਤ ਹਾਸਲ ਕਰਨ ਲਈ ਵੋਟਰਾਂ ਦੀ ਖ਼ਾਤਰਦਾਰੀ ਲਈ ਹੱਥ ਖੋਲ੍ਹ ਦਿੱਤੇ ਹਨ।
ਜਿੰਨ੍ਹਾਂ ਉਮੀਦਵਾਰਾਂ ਦੀ ਹਾਲਤ ਪਤਲੀ ਹੈ ਉਨ੍ਹਾਂ ਵੱਲੋਂ ਤਾਂ ਵੋਟਰਾਂ ਨੂੰ ਚੋਗਾ ਪਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇੱਕ ਕਰੜੀ ਟੱਕਰ ਵਾਲੇ ਪਿੰਡ ’ਚ ਸਰਪੰਚੀ ਦੇ ਉਮੀਦਵਾਰ ਨੇ ਔਰਤ ਵੋਟਰਾਂ ਨੂੰ ਕੋਕੇ ਵੰਡੇ ਹਨ ਜਿੰਨ੍ਹਾਂ ’ਚ ਵੱਧ ਵੋਟਾਂ ਵਾਲਿਆਂ ਨੂੰ ਡਾਇਮੰਡ ਦਾ ਕੋਕਾ ਦਿੱਤੇ ਜਾਣ ਦੀ ਚਰਚਾ ਹੈ। ਇਸੇ ਤਰਾਂ ਹੀ ਇੱਕ ਹੋਰ ਥਾਂ ਤੇ ਔਰਤ ਵੋਟਰਾਂ ਨੂੰ ਸਰਦੀ ’ਚ ਪਾਉਣ ਵਾਲੇ ਸੂਟ ਵੰਡਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਕ ਪਿੰਡ ’ਚ ਤਾਂ ਇੱਕ ਸਰਦੇ ਪੁਜਦੇ ਉਮੀਦਵਾਰ ਵੱਲੋਂ ਆਪਣੇ ਬਾਹਰਲੇ ਘਰ ਪਿਛਲੇ ਦੋ ਮਹੀਨਿਆਂ ਤਾਂ ਸ਼ਰਾਬ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ। ਅੱਜ ਵੀ ਕਈ ਥਾਵਾਂ ਤੇ ਵੋਟਾਂ ਖਾਤਰ ਕਿਤੇ ਦੇਸੀ ਘਿਓ ਵੰਡਿਆ ਜਾਂਦਾ ਰਿਹਾ ਹੈ ਅਤੇ ਕਈ ਪਿੰਡਾਂ ’ਚ ਪੂਰਾ ਦਿਨ ਸ਼ਰਾਬ ਵੰਡੀ ਜਾਂਦੀ ਰਹੀ ।
ਕਈ ਉਮੀਦਵਾਰਾਂ ਨੇ ਤਾਂ ਵੋਟਰਾਂ ਨੂੰ ਲੋਰ ਚੜ੍ਹਾਉਣ ਲਈ ਪੋਸਤ ਵੀ ਮੁਹੱਈਆ ਕਰਵਾਈ ਹੈ ਜਦੋਂਕਿ ਕਈ ਉਮੀਦਵਾਰ ਵੋਟਰਾਂ ਨੂੰ ਖੁਸ਼ ਕਰਨ ਲਈ ਮੂੰਹ ਮਿੱਠਾ ਕਰਾ ਰਹੇ ਹਨ । ਇੱਕ ਉਮੀਦਵਾਰ ਨੇ ਤਾਂ ਔਰਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਿਲਾਈ ਮਸ਼ੀਨਾਂ ਵੰਡੀਆਂ ਹਨ। ਮਾਮਲਾ ਸਰਪੰਚੀ ਤੱਕ ਹੀ ਸੀਮਤ ਨਹੀਂ ਪੰਚਾਇਤ ਮੈਂਬਰ ਦੀ ਚੋਣ ਲਈ ਜਿੱਥੇ ਮੁਕਾਬਲਾ ਸਖ਼ਤ ਹੈ ਉੱਥੇ ਵੋਟਰਾਂ ਨੂੰ ਕਈ ਤਰਾਂ ਦਾ ਚੋਗਾ ਪਾਇਆ ਜਾ ਰਿਹਾ ਹੈ। ਜਿੰਨ੍ਹਾਂ ਪਿੰਡਾਂ ’ਚ ਧਨਾਢ ਉਮੀਦਵਾਰ ਚੋਣ ਲੜ ਰਹੇ ਹਨ ਉਨ੍ਹਾਂ ’ਚ ਤਾਂ ਵੋਟਰਾਂ ਦੀਆਂ ਪੰਜੇ ਘਿਓ ਵਿੱਚ ਅਤੇ ਸਿਰ ਕੜਾਹੀ ’ਚ ਹੈ। ਉਮੀਦਵਾਰਾਂ ਵੱਲੋਂ ਲੰਗਰ ਛਕਣ ਲਈ ਵੋਟਰਾਂ ਨੂੰ ਘਰੋ ਘਰੀ ਸੱਦੇ ਭੇਜੇ ਜਾ ਰਹੇ ਹਨ। ਇੱਕ ਉਮੀਦਵਾਰ ਦੇ ਘਰ ਚੋਣਾਂ ਦੇ ਐਲਾਨ ਮਗਰੋਂ ਲਗਾਤਾਰ ਵੋਟਰਾਂ ਨੂੰ ਖੁਸ਼ ਕਰਨ ਲਈ ਸਵੇਰ ਵਕਤ ਦਹੀਂ ਪਰੌਂਠਿਆਂ ਦਾ ਨਾਸ਼ਤਾ ਵਰਤਾਇਆ ਜਾ ਰਿਹਾ ਹੈ।
ਕਈ ਥਾਵਾਂ ਏਦਾਂ ਦੀਆਂ ਹਨ ਜਿੰਨ੍ਹਾਂ ’ਚ ਉਮੀਦਵਾਰਾਂ ਵੱਲੋਂ ਹੋਰ ਸਮਾਨ ਵੀ ਵੰਡਿਆ ਜਾ ਰਿਹਾ ਹੈ। ਜਿੱਥੇ ਮੁਕਾਬਲਾ ਸਖ਼ਤ ਹੈ ਉੱਥੇ ਐਤਕੀਂ ਚੋਣ ਕਾਫ਼ੀ ਮਹਿੰਗੀ ਸਾਬਤ ਹੁੰਦੀ ਜਾਪਦੀ ਹੈ। ਸੂਤਰ ਦੱਸਦੇ ਹਨ ਕਿ ਤਕੜੀ ਟੱਕਰ ਵਾਲੇ ਪਿੰਡਾਂ ਵਿੱਚ ਦਿਨ ਛਿਪਦੇ ਹੀ ਸ਼ੁਰੂ ਹੋਣ ਵਾਲੀ ਸ਼ਰਾਬ ਦੀ ਹੋਮ ਡਲਿਵਰੀ ਦਾ ਕੰਮ ਅੱਜ ਪੂਰੇ ਜੋਬਨ ਤੇ ਰਿਹਾ। ਮਾਨਸਾ ਜਿਲ੍ਹੇ ਦੇ ਕਈ ਸਰਹੱਦੀ ਪਿੰਡਾਂ ’ਚ ਤਾਂ ਹੋਰ ਵੀ ਮਾੜਾ ਹਾਲ ਹੈ ਜਿੱਥੇ ਸਰਪੰਚੀ ਦੀ ਚੋਣ ਜਿੱਤਣ ਲਈ ਉਮੀਦਵਾਰ ਰੂੜੀ ਮਾਰਕਾ ਦੇ ਦੌਰ ਚਲਾਏ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਇਕੱਲੇ ਮਾਨਸਾ ’ਚ ਹੀ ਨਹੀਂ ਬਲਕਿ ਕਈ ਜਿਲਿਅ੍ਹਾਂ ’ਚ ਰੂੜੀ ਮਾਰਕਾ ਲੱਗਾਤਾਰ ਕੱਢੀ ਜਾ ਰਹੀ ਹੈ। ਰੌਚਕ ਤੱਥ ਇਹ ਵੀ ਹੈ ਕਿ ਕਈ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਦੇ ਪਰਦੇ ਫਰੋਲਣ ’ਚ ਜੁਟੇ ਚੋਣ ਲੜਨ ਵਾਲੇ ਉਮੀਦਵਾਰ ਨੇ ਸ਼ਰਾਬ ਵੰਡਣ ਦੇ ਮਾਮਲੇ ’ਚ ਸ਼ਕਾਇਤ ਨਾਂ ਕਰਨ ਦੀ ਅਣਐਲਾਨੀ ਸਹਿਮਤੀ ਕੀਤੀ ਹੋਈ ਹੈ।
ਨਸ਼ਾ ਮੁਕਤ ਪੰਜਾਬ ਦੀ ਫੂਕ ਨਿਕਲੀ
ਸਹਿਯੋਗ ਵੈਲਫੇਅਰ ਕਲੱਬ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਪੰਚਾਇਤ ਚੋਣਾਂ ਦੌਰਾਨ ਵਗੇ ਨਸ਼ਿਆਂ ਅਤੇ ਸ਼ਰਾਬ ਦੇ ਹੜ੍ਹ ਨੇ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਬੰਦ ਕਰਨ ਨੂੰ ਲੈਕੇ ਵੱਡੇ ਵੱਡੇ ਦਮਗਜੇ ਮਾਰਨ ਵਾਲੀਆਂ ਸਿਆਸੀ ਧਿਰਾਂ ਵੋਟਰਾਂ ਨੂੰ ਨਸ਼ਿਆਂ ਦੀ ਚਾਟ ਤੇ ਲਾਉਣ ਦਾ ਮਾਮਲੇ ’ਚ ਘਿਓ ਖਿਚੜੀ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਪੰਚੀ ਅਤੇ ਪੰਚੀ ਦੇ ਉਮੀਦਵਾਰ ਵੋਟਰਾਂ ਦੀ ਸ਼ਰਾਬ ਨਾਲ ਸੇਵਾ ਕਰ ਰਹੇ ਹਨ ਜੋਕਿ ਸਮਾਜਿਕ ਢਾਂਚੇ ਲਈ ਬੇਹੱਦ ਚਿੰਤਾਜਨਕ ਹੈ।
ਦੁਖਦਾਇਕ ਸਥਿਤੀ:ਅਜੀਤਪਾਲ ਸਿੰਘ
ਜਮਹੂਰੀ ਅਧਿਕਾਰ ਸਭਾ ਦੇ ਪ੍ਰਚਾਰ ਸਕੱਤਰ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਵੋਟਾਂ ਖਾਤਰ ਗੁਰੂਆਂ ਪੀਰਾਂ ਤੇ ਫਕੀਰਾਂ ਦੀ ਧਰਤੀ ਤੇ ਸ਼ਰਾਬ ਦਾ ਦਰਿਆ ਵਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਦਾ ਸਿੱਧਾ ਸਬੰਧ ਪਿੰਡਾਂ ਦੇ ਮਸਲਿਆਂ ਤੇ ਵਿਕਾਸ ਨਾਲ ਹੈ ਇਸ ਲਈ ਉਮੀਦਵਾਰਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ।
ਵੋਟਾਂ ਨਹੀਂ ਸੰਘਰਸ਼ ਹੀ ਰਾਹ: ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਹੁਣ ਤੱਕ ਦਾ ਰਿਕਾਰਡ ਹੈ ਕਿ ਹਰ ਪ੍ਰਕਾਰ ਦੀ ਚੋਣ ਨੇ ਆਮ ਆਦਮੀ ਦਾ ਕਦੇ ਵੀ ਕੁੱਝ ਨਹੀਂ ਸੰਵਾਰਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਆਪਣੇ ਮਸਲਿਆਂ ਦੇ ਹੱਲ ਤੇ ਹੱਕਾਂ ਦੀ ਪ੍ਰਾਪਤੀ ਲਈ ਵੋਟ ਪ੍ਰਣਾਲੀ ਤਿਆਗ ਕੇ ਸੰਘਰਸ਼ਾਂ ਦੇ ਰਾਹ ਤੇ ਚੱਲਣ ਦੀ ਲੋੜ ਹੈ।