UK: ਲੰਡਨ ਵਿਚ ਪੰਜਾਬੀ ਨਾਟਕ ਦਾ ਮੰਚਨ
————————————-
ਡਾ. ਅਮਰ ਜਿਉਤੀ ਦੀ ਰਿਪੋਰਟ
ਲੰਡਨ,14 ਅਕਤੂਬਰ,2024:
5 ਅਕਤੂਬਰ ,ਸਨਿਚਰਵਾਰ ਨੂੰ ਨਾਹਰ ਸਿੰਘ ਗਿੱਲ ਵਲੋਂ ਉਸ ਦਾ ਆਪਣਾ ਲਿਖਿਆ ਨਾਟਕ ‘ਦੁਖਦੇ ਜ਼ਖ਼ਮ‘ ਆਰਟਸ ਸੈਂਟਰ ਥੀਏਟਰ , ਹੰਸਲੋ , ਲੰਡਨ ਵਿਚ ਸੋਲੋ ਨਾਟਕ ਦੇ ਰੂਪ ਵਿਚ ਖੇਡਿਆ ਗਿਆ । ਇਸ ਨਾਟਕ ਵਿਚ ਉਸ ਨੇ ਪੰਜਾਬ ਵਿਚੋਂ 1950 ਦੇ ਦਹਾਕਿਆਂ ਤੋਂ ….ਪਰਵਾਸ ਕਰਕੇ ਇੰਗਲੈਂਡ ਵਿਚ ਆਏ ਪੰਜਾਬੀਆਂ ਵਲੋਂ ਇਸ ਦੇਸ ਵਿਚ ਕੰਮ ਕਰਨ ਅਤੇ ਰੈਣ ਬਸੇਰੇ ਵਾਸਤੇ ਕੀਤੀ ਗਈ ਜੱਦੋ-ਜਹਿਦ ਨੂੰ ਪੇਸ਼ ਕੀਤਾ । ਇਸ ਤੋਂ ਬਿਨਾਂ ਏਸ਼ੀਅਨ ਲੋਕਾਂ ਵਿਚ ਪੀੜ੍ਹੀ-ਪਾੜਾ ਅਤੇ ਮੇਜ਼ਬਾਨ ਸਮਾਜ ਵਿਚ ਆਉਂਦੇ ਪਛਾਣ -ਸੰਕਟ ਨੂੰ ਸਬੰਧਤ ਪਾਤਰਾਂ ਦੀ ਗੱਲ ਬਾਤ ਰਾਹੀਂ ਨਾਟਕੀ ਰੂਪ ਦਿੱਤਾ ।
ਨਾਹਰ ਸਿੰਘ ਗਿੱਲ ਨੇ ਇਹ ‘ਵਨ ਮੈਨ ਸ਼ੋ’ ਪੇਸ਼ ਕਰਦੇ ਸਮੇਂ ਇਸ ਵਿਚ ਆਏ ਕਿਰਦਾਰਾਂ ਨੂੰ ਇੰਨੀ ਨਿਪੁੰਨਤਾ ਨਾਲ ਨਿਭਾਇਆ ਕਿ ਨਾਟਕ ਵੇਖਦਿਆਂ ਦਰਸ਼ਕ ਆਪਣੇ ਆਪ ਨੂੰ ਉਸ ਵਿਚਲੇ ਘਟਨਾ ਕਰਮ ਨਾਲ ਜੁੜਿਆ ਮਹਿਸੂਸ ਕਰਦੇ ਹੋਏ ਭਾਵੁਕ ਹੋ ਗਏ ।
ਨਾਹਰ ਸਿੰਘ ਗਿੱਲ ਪੰਜਾਬੀ ਰੰਗ ਮੰਚ ਨੂੰ ਸਮਰਪਿਤ ਕਲਾਕਾਰ ਹੈ , ਇਸ ਤੋਂ ਬਿਨਾਂ ਉਹ ਕਵਿਤਾ ਵੀ ਲਿਖਦਾ ਹੈ । ਉਸ ਦੀਆਂ ਦੋ ਕਾਵਿ-ਪੁਸਤਕਾਂ ਛਪ ਚੁੱਕੀਆਂ ਹਨ ।
ਬਹੁਤ ਸਾਰੇ ਨਾਟਕ ਲਿਖਣ ਤੋਂ ਬਿਨਾਂ ਉਸ ਨੇ ਇੰਗਲੈਂਡ ਦੇ ਥੀਏਟਰ ਗਰੁਪਾਂ ਨਾਲ ਨਾਟਕਾਂ ਵਿਚ ਕੰਮ ਕੀਤਾ ਹੈ । ਗਾਹੇ ਬਗਾਹੇ ਹੌਲੀਵੁਡ ਫਿਲਮਾਂ ਵਿਚ ਵੀ ਉਸ ਨੂੰ ਕੰਮ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ ।
ਇਸ ਦਿਨ ਨਾਹਰ ਸਿੰਘ ਗਿੱਲ ਦੀ ਨਵੀਂ ਛਪੀ ਕਾਵਿ-ਪੁਸਤਕ ‘ਹੰਝੂਆਂ ਦੀ ਪਰਵਾਜ਼’ ਮਹਿੰਦਰ ਕੌਰ ਮਿਢਾ(ਰਹਿ ਚੁੱਕੇ ਮੇਅਰ) ਅਰਜਨ ਰਾਇਤ ਨਾਟਕਕਾਰ , ਸ਼ਿਵਦੀਪ ਕੌਰ ਢੇਸੀ ਅਤੇ ਅਸ਼ਵਿੰਦਰ ਕੌਰ ਢਿਲੋਂ ਵਲੋਂ ਲੋਕ ਅਰਪਣ ਕੀਤੀ ਗਈ।
ਡਾ. ਅਮਰ ਜਿਉਤੀ