ਫਾਊਲਰ ਵਿਖੇ “24 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ
“ਗਾਇਕ ਪਵਨਜੋਤ ਯਮਲਾ ਕਨੇਡਾ ਤੋਂ ਪਹੁੰਚੇ”
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆਂ, 14 ਅਕਤੂਬਰ, 2024:: ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 24 ਵਾਂ ਯਾਦਗਾਰੀ ਮੇਲਾ ਕੈਲੇਫੋਰਨੀਆਂ ਦੇ ਸ਼ਹਿਰ ਫਾਊਲਰ ਵਿਖੇ ਲਾਇਆ ਗਿਆ। ਜਿਸ ਦੀ ਸੁਰੂਆਤ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਜਸਵੰਤ ਸਿੰਘ ਮਹਿੰਮੀ ਨੇ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਦੀ ਰਸਮ ਕੀਤੀ ਗਈ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਕਨੇਡਾ ਤੋਂ ਆਪਣੀ ਗਾਇਕੀ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਦੀਆਂ ਲੀਹਾਂ ‘ਤੇ ਤੋਰਦੇ ਹੋਏ ਨੌਜਵਾਨ ਗਾਇਕ ਪਵਨਜੋਤ ਯਮਲਾ ਖੁੱਲੇ ਅਖਾੜੇ ਰਾਹੀਂ ਆਪਣੀ ਹਾਜ਼ਰੀ ਭਰੀ ਅਤੇ ਮੇਲੇ ਨੂੰ ਸਫਲ ਬਣਾਉਣ ‘ਤੇ ਵਧਾਈ ਦਿੱਤੀ। ਉਸਤਾਦ ਲਾਲ ਚੰਦ ਯਮਲਾ ਜੱਟ ਕਮੇਟੀ ਵੱਲੋਂ ਪਵਨਜੋਤ ਯਮਲੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰ ਬੁਲਾਰਿਆਂ ਵਿੱਚ ਪਾਲ ਸਹੋਤਾ, ਚਰਨਜੀਤ ਸਿੰਘ ਸਹੋਤਾ, ਨਾਜ਼ਰ ਸਿੰਘ ਕੂਨਰ, ਰਾਜਿੰਦਰ ਬਰਾੜ ਆਦਿਕ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾ ਦੀ ਸਾਂਝ ਪਾਈ। ਇਸ ਬਾਅਦ ਚਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਆਪਣੀ ਗਾਇਕੀ ਰਾਹੀ ਖੂਬ ਰੰਗ ਬੰਨੇ। ਜਿਸ ਬਾਅਦ ਚੱਲੇ ਖੁੱਲੇ ਅਖਾੜੇ ਵਿੱਚ ਵਿਸ਼ੇਸ਼ ਤੌਰ ‘ਤੇ ਕਨੇਡਾ ਤੋਂ ਪਹੁੰਚੇ ਯਮਲਾ ਜੀ ਨੂੰ ਆਪਣਾ ਅਦਰਸ ਮੰਨਣ ਵਾਲੇ ਗਾਇਕ ਪਵਨਜੋਤ ਯਮਲਾ ਨੇ ਆਪਣੀ ਤੂੰਬੀ ਵਾਲੀ ਗਾਇਕੀ ਵਾਲੇ ਅੰਦਾਜ਼ ਰਾਹੀ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਭ ਦੇ ਦਿਲਾਂ ਵਿੱਚ ਜ਼ਿੰਦਾ ਕਰ ਦਿੱਤਾ। ਇਉਂ ਜਾਪ ਰਿਹਾ ਸੀ ਕਿ ਉਹੀ ਆਵਾਜ਼ ਅਤੇ ਉਹੀ ਸਾਜ਼ ਵੱਜ ਰਹੇ ਜੋਣ। ਇਸੇ ਤਰਾਂ ਸਥਾਨਿਕ ਕੈਲੇਫੋਰਨੀਆਂ ਦੇ ਦਿਲਦਾਰ ਬ੍ਰਦਰਜ਼ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ, ਰਾਣੀ ਗਿੱਲ ਅਤੇ ਕਾਤਾਂ ਸਹੋਤਾ ਨੇ ਆਪਣੇ ਭੰਗੜੇ ਵਾਲੇ ਗੀਤਾਂ ਰਾਹੀ ਖੂਬ ਰੌਣਕਾਂ ਲਾਈਆਂ। ਹੋਰ ਪ੍ਰਮੁੱਖ ਗਾਇਕਾਂ ਹਰਬੰਸ ਸਿੰਘ, ਕਮਲਜੀਤ ਬੈਨੀਪਾਲ, ਮਹਿੰਦਰ ਸਿੰਘ ਰਾਜਪੂਤ, ਹਰਜੀਤ ਸਿੰਘ ਆਦਿਕ ਨੇ ਯਮਲਾ ਜੀ ਦੇ ਅਤੇ ਆਪਣੇ ਗੀਤਾਂ ਰਾਹੀ ਹਾਜ਼ਰੀ ਭਰਦੇ ਹੋਏ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। ਜਦ ਕਿ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਦੋਗਾਣਾ ਗਾਇਕ ਜੋੜੀਆਂ ਵਿੱਚ ਬੁਲੰਦ ਆਵਾਜ਼ ਅਤੇ ਸੁਰੀਲੇ ਗਾਇਕ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦਿਲ ਦੀ ਜੋੜੀ ਨੇ ਪੰਜਾਬੀ ਸੱਭਿਆਚਾਰ ਦੇ ਦੋਗਾਣਾ ਰੰਗ ਨੂੰ ਪੇਸ਼ ਕਰਦੇ ਹੋਏ ਆਪਣੀ ਨੋਕ-ਝੋਕ ਨਾਲ ਸਭ ਦਾ ਦਿਲ ਜਿੱਤਿਆ। ਇਸ ਸਮੇਂ ਹੋਰ ਬੁਲਾਰਿਆਂ ਵਿੱਚ ਪਾਲ ਸਹੋਤਾ, ਚਰਨਜੀਤ ਸਿੰਘ ਸਹੋਤਾ, ਨਾਜ਼ਰ ਸਿੰਘ ਕੂਨਰ, ਰਾਜਿੰਦਰ ਬਰਾੜ ਅਤੇ ਚਰਨਜੀਤ ਸਿੰਘ ਬਾਠ ਆਦਿਕ ਬਹੁਤ ਸਾਰੇ ਹਾਜ਼ਰੀਨ ਨੇ ਵਿਚਾਰਾ ਦੀ ਸਾਂਝ ਪਾਈ। ਇਸੇ ਤਰਾਂ ਸਥਾਨਿਕ ਕਾਂਗਰਸਮੈਨ ਮਿਸਟਰ ਜਿਮ ਕਾਸਟਾਂ, ਨਿੱਕ ਸਹੋਤਾ, ਲੂਈਸ ਅਤੇ ਹੋਰ ਬਹੁਤ ਸਾਰੇ ਸਥਾਨਿਕ ਵੋਟਾਂ ਦੇ ਉਮੀਦਵਾਰਾਂ ਨੇ ਵੀ ਹਾਜ਼ਰੀ ਭਰਦੇ ਹੋਏ ਸਹਿਯੋਗ ਦੇਣ ਦੀ ਵਚਨਬੱਧਤਾਂ ਪ੍ਰਗਟਾਈ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਜਸਵੰਤ ਸਿੰਘ ਮਹਿੰਮੀ, ਕੁਲਵੰਤ ਉੱਭੀ ਧਾਲੀਆਂ ਅਤੇ ਜਗਤਾਰ ਗਿੱਲ ਨੇ ਯਮਲਾ ਜੀ ਦੇ ਜ਼ਿੰਦਗੀ ਦੇ ਪੱਖ ਸਾਂਝੇ ਕਰਦੇ ਹੋਏ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਹਾਜ਼ਰੀਨ ਲਈ ਚਾਹ-ਪਕੌੜੇ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਨਰਿੰਦਰ ਬੱਗਾ, ਅਮਰੀਕ ਮੀਕਾ ਅਤੇ ਸੰਨੀ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਇਸ ਯਾਦਗਾਰੀ ਮੇਲੇ ਵਿੱਚ ਹਾਜ਼ਰ ਸਮੂੰਹ ਕਲਾਕਾਰਾਂ ਅਤੇ ਪ੍ਰਮੁਖ ਸਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਅੰਤ ਵਿੱਚ ਮੇਲੇ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਬਰਾੜ ਉਰਫ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।