← ਪਿਛੇ ਪਰਤੋ
ਜਗਰਾਉਂ : ਪੋਨਾ ਅਤੇ ਡੱਲਾ ਦੀ ਸਰਪੰਚ ਦੀਆਂ ਚੋਣਾਂ ਰੱਦ ਹੋਣ ਤੇ ਪਿੰਡ ਵਾਸੀਆਂ ਨੇ ਸਰਕਾਰ ਦਾ ਕੀਤਾ ਵਿਰੋਧ ਦੀਪਕ ਜੈਨ
ਜਗਰਾਉਂ , 15 ਅਕਤੂਬਰ 2024- ਪਿੰਡ ਪੋਨਾ ਅਤੇ ਡੱਲਾ ਦੀ ਸਰਪੰਚ ਦੀਆਂ ਚੋਣਾਂ ਰੱਦ ਹੋਣ ਦਾ ਇਹਨਾਂ ਦੋਹਾਂ ਪਿੰਡਾਂ ਦੇ ਵੋਟਰਾਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਭਰਵਾਂ ਵਿਰੋਧ ਕੀਤਾ ਗਿਆ। ਪਿੰਡ ਪੋਨਾ ਦੇ ਸਰਪੰਚ ਦੇ ਉਮੀਦਵਾਰ ਦੇ ਪੱਖ ਵਿੱਚ ਪਿੰਡ ਵਾਸੀਆਂ ਨੇ ਜਿੱਥੇ ਨਾਅਰੇ ਲਗਾ ਕੇ ਉਸ ਦਾ ਪੱਖ ਪੂਰਿਆ ਉਥੇ ਸਰਕਾਰ ਦੇ ਖਿਲਾਫ ਵੀ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਚੋਣ ਅਧਿਕਾਰੀ ਵੱਲੋਂ ਕੀਤੇ ਗਏ ਸਰਪੰਚ ਦੇ ਚੋਣਾਂ ਨੂੰ ਰੱਦ ਕਰਨ ਦੇ ਹੁਕਮਾਂ ਨੂੰ ਗਲਤ ਕਰਾਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵੱਲੋਂ ਹਰਪ੍ਰੀਤ ਸਿੰਘ ਰਾਜੂ ਉਮੀਦਵਾਰ ਦੇ ਹੱਕ ਵਿੱਚ ਫਤਵਾ ਜਾਰੀ ਹੋਣ ਦੇ ਖਦਸ਼ੇ ਕਾਰਨ ਵਿਰੋਧੀ ਸਰਪੰਚ ਉਮੀਦਵਾਰ ਜਿਸ ਨੂੰ ਆਮ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਹੈ ਵੱਲੋਂ ਸਾਜਿਸ਼ ਰਚ ਕੇ ਸਰਪੰਚ ਦੀਆਂ ਚੋਣਾਂ ਰੱਦ ਕਰਵਾਈਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਭਾਵੇਂ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਪਰ ਇਕੱਲੇ ਪੰਚਾਇਤ ਮੈਂਬਰਾਂ ਨਾਲ ਪੰਚਾਇਤ ਮੁਕੰਮਲ ਕਿਵੇਂ ਹੋ ਸਕਦੀ ਹੈ। ਚੋਣਾਂ ਰੱਦ ਕਰਵਾਏ ਜਾਣ ਬਾਰੇ ਜਦੋਂ ਉਮੀਦਵਾਰ ਹਰਪ੍ਰੀਤ ਸਿੰਘ ਰਾਜੂ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਦੂਜੇ ਉਮੀਦਵਾਰ ਨੂੰ ਆਪਣੀ ਹਾਰ ਨਜ਼ਰ ਆ ਰਹੀ ਸੀ। ਕਿਉਂ ਜੋ ਉਸ ਦੇ ਪਰਿਵਾਰਿਕ ਮੈਂਬਰ ਵੀ ਮੇਰੇ ਨਾਲ ਆ ਕੇ ਖੜੇ ਹੋ ਗਏ। ਜਿਸ ਕਰਕੇ ਦਬਾਅ ਪਾ ਕੇ ਚੋਣਾਂ ਰੱਦ ਕਰਵਾਈਆਂ ਗਈਆਂ ਹਨ ਅਤੇ ਰਾਜੂ ਉੱਪਰ ਲਗਾਏ ਗਏ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ਾਂ ਨੂੰ ਪਿੰਡ ਵਾਸੀਆਂ ਨੇ ਵੀ ਨਕਾਰਦੇ ਹੋਏ ਕਿਹਾ ਕਿ ਰਾਜੂ ਵੱਲੋਂ ਕਿਸੇ ਵੀ ਜਗ੍ਹਾ ਉੱਤੇ ਨਜਾਇਜ਼ ਕਬਜ਼ਾ ਨਹੀਂ ਕੀਤਾ ਗਿਆ। ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਚੋਣ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਕਾਗਜ਼ ਪੱਤਰਾਂ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ ਚੋਣ ਨਿਸ਼ਾਨ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਸਨ ਅਤੇ ਉਮੀਦਵਾਰਾਂ ਵੱਲੋਂ ਵੀ ਆਪਣੇ ਪ੍ਰਚਾਰ ਲਈ ਹਜ਼ਾਰਾਂ ਰੁਪਏ ਖਰਚ ਕੇ ਤਿਆਰੀ ਕੀਤੀ ਹੋਈ ਸੀ। ਪਰ ਐਨ ਸਮੇਂ ਤੇ ਚੋਣਾਂ ਰੱਦ ਕਰਨਾ ਨਿਰਪੱਖ ਚੋਣਾਂ ਕਰਵਾਉਣ ਦੇ ਮਾਮਲੇ ਵਿੱਚ ਸਹੀ ਨਹੀਂ ਜਾਪਿਆ। ਇਸੇ ਤਰ੍ਹਾਂ ਪਿੰਡ ਡੱਲਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਚੰਦ ਸਿੰਘ ਡੱਲਾ ਵੱਲੋਂ ਚੋਣ ਲੜੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਵੱਲੋਂ ਚੰਦ ਸਿੰਘ ਡੱਲਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਜਿਸ ਦੇ ਮਤਲਬ ਸਾਫ ਨਜ਼ਰ ਆ ਰਹੇ ਸਨ ਕਿ ਚੰਦ ਸਿੰਘ ਡੱਲਾ ਸਰਪੰਚ ਦੀਆਂ ਚੋਣਾਂ ਜਿੱਤ ਜਾਣਗੇ। ਜਿਸ ਕਾਰਨ ਆਮ ਆਦਮੀ ਪਾਰਟੀ ਵੱਲੋਂ ਬਿਨਾਂ ਮਤਲਬ ਦੇ ਕਸੂਰ ਕੱਢ ਕੇ ਪਿੰਡ ਡੱਲਾ ਦੇ ਸਰਪੰਚ ਦੀ ਚੋਣ ਚੋਣਾਂ ਤੋਂ ਇੱਕ ਦਿਨ ਪਹਿਲਾਂ ਰੱਦ ਕਰ ਦਿੱਤੀ। ਜਿਸ ਦਾ ਵਿਰੋਧ ਸਾਬਕਾ ਹਲਕਾ ਵਿਧਾਇਕ ਸਿਵ ਰਾਮ ਕਲੇਰ ਵੱਲੋਂ ਵੀ ਕੀਤਾ ਗਿਆ। ਐਸ ਆਰ ਕਲੇਰ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸੇ ਤਰ੍ਹਾਂ ਕੋਠੇ ਅੱਠ ਚੱਕ ਵਿਖੇ ਵੀ ਸਰਕਾਰੀ ਮਸ਼ੀਨਰੀ ਦਾ ਚੋਣਾਂ ਕਰਵਾਉਣ ਲਈ ਦੁਰਉਪਯੋਗ ਹੁੰਦਾ ਨਜ਼ਰ ਆਇਆ।
Total Responses : 401