- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਧੋਖਾਧੜੀ ਤੇ ਚੈਕ ਬਾਊਂਸ ਮਾਮਲਿਆਂ ’ਚ ਚੱਲ ਰਿਹਾ ਸੀ ਭਗੌੜਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ 2020-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਧੋਖਾਧੜੀ ਤੇ ਚੈਕ ਬਾਊਂਸ ਦੇ ਮਾਮਲਿਆਂ ’ਚ ਇੱਕ ਭਗੌੜੇ ਦੋਸ਼ੀ ਨੂੰ ਅੱਜ ਸਵੇਰੇ ਬਠਿੰਡਾ ਪੁਲਸ ਨੇ ਸ੍ਰੀ ਮੁਕਤਸਰ ਸਾਹਿਬ ’ਚ ਦਬਿਸ਼ ਦੇ ਕੇ ਕਾਬੂ ਕੀਤਾ ਹੈ। ਸਥਾਨਕ ਥਾਣਾ ਸਿਟੀ ਪੁਲਸ ਨਾਲ ਚਲਾਏ ਇੱਕ ਗੁਪਤ ਅਭਿਆਨ ਦੇ ਤਹਿਤ ਪੁਲਸ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ।
ਜਾਣਕਾਰੀ ਦਿੰਦਿਆਂ ਪੀਓ ਸਟਾਫ਼ ਬਠਿੰਡਾ ਦੇ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੁੱਤਰ ਜੰਗੀਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਜਿਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧੋਖਾਧੜੀ ਤੇ ਚੈਕ ਬਾਊਂਸ ਤਹਿਤ ਮਾਮਲੇ ਦਰਜ ਹਨ, ਜੋ ਕਾਫ਼ੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂੰਹ ਮਿਲੀ ਸੀ ਕਿ ਉਕਤ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਦੇ ਉੱਚਾ ਵਿਹੜਾ ਇਲਾਕੇ ’ਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਗੁਪਤ ਢੰਗ ਨਾਲ ਥਾਣਾ ਸਿਟੀ ਪੁਲਸ ਦੇ ਸਹਿਯੋਗ ਨਾਲ ਦਬਿਸ਼ ਦਿੰਦਿਆਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਜਿਸ ’ਤੇ ਧੋਖਾਧੜੀ ਤੇ ਚੈਕ ਬਾਊਂਸ ਤਹਿਤ ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਸੁਖਦੇਵ ਸਿੰਘ ਨੂੰ ਮਾਣਯੋਗ ਅਦਾਲਤ ਬਠਿੰਡਾ ਵਿਖੇ ਪੇਸ਼ ਕੀਤਾ ਜਾਵੇਗਾ।