ਅਸ਼ੋਕ ਵਰਮਾ
ਜਲੰਧਰ, 24 ਨਵੰਬਰ 2020- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ 26-27 ਨਵੰਬਰ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿਖੇ ਕੀਤੇ ਜਾ ਰਹੇ ਮਾਰਚ ਵਿੱਚ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਹੇਠ ਪੂਰੇ ਜੋਸ਼ ਨਾਲ ਸ਼ਾਮਲ ਹੋਣ ਦਾ ਨਿਰਣਾ ਲਿਆ ਹੈ। ਇਹ ਜਾਣਕਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਇ ਨੇ ਦਿੱਤੀ। ਪਾਰਟੀ ਆਗੂਆਂ ਨੇ ਸਮੂਹ ਪਾਰਟੀ ਕਮੇਟੀਆਂ, ਜਨ ਸੰਗਠਨਾਂ ਦੇ ਹਰ ਪੱਧਰ ਦੇ ਕਾਰਕੁੰਨ ਅਤੇ ਹਮਦਰਦਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮਾਰਚ ਦੀ ਤਿਆਰੀ ਕਰ ਰਹੇ ਕਿਸਾਨ ਕਾਰਕੁੰਨਾਂ ਦੀ ਹਰ ਪੱਖ ਤੋਂ ਇਮਦਾਦ ਕਰਨ।
ਕਮਿਊਨਿਸਟ ਆਗੂਆਂ ਨੇ ਕਿਸਾਨਾਂ, ਖੇਤ ਮਜ਼ਦੂਰਾਂ, ਖਪਤਕਾਰਾਂ, ਛੋਟੇ ਤੇ ਦਰਮਿਆਨੇ ਉਦਯੋਗਾਂ ਅਤੇ ਕਾਰੋਬਾਰੀਆਂ ਤੇ ਪਰਚੂਨ ਵਿਉਪਾਰੀਆਂ ਦੀ ਸੰਘੀ ਘੁੱਟਣ ਵਾਲੇ, ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਨੂੰ ਸੰਗਰਾਮੀ ਸ਼ੁਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਕਿਸਾਨ ਸੰਘਰਸ਼, ਨਿਸ਼ਚੇ ਹੀ ਦੇਸ਼ ਦੀ ਰਾਜਨੀਤੀ ਨੂੰ ਇਕ ਅਹਿਮ ਮੋੜ ਦੇਣ ਲਈ ਬਹੁਤ ਹੀ ਸਹਾਈ ਸਿੱਧ ਹੋਵੇਗਾ। ਉਹਨਾਂ ਮੋਦੀ ਸਰਕਾਰ ਤੇ ਸੰਘ-ਭਾਜਪਾ ਦੀਆਂ ਕਿਸਾਨ ਘੋਲ ਨੂੰ ਸਾਬੋਤਾਜ ਕਰਨ ਦੀਆਂ ਕੁਚਾਲਾਂ, ਹਠਧਰਮੀ ਅਤੇ ਤਾਨਾਸ਼ਾਹ ਪਹੁੰਚ ਦੀ ਜੋਰਦਾਰ ਨਿੰਦਾ ਕੀਤੀ।
ਸਾਥੀ ਪਾਸਲਾ ਤੇ ਜਾਮਾਰਾਏ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਇਸ ਹੱਕੀ ਸੰਗਰਾਮ ਨੂੰ ਤਨ ਮਨ ਧਨ ਨਾਲ ਸਹਿਯੋਗ ਕਰਨ।