ਦੀਪਕ ਜੈਨ
- ਪੁਲਿਸ ਵਲੋਂ ਕਤਲ ਕਰਨ ਵਾਲੇ ਦੋ ਵਿਅਕਤੀ ਗਿਰਫ਼ਤਾਰ
ਜਗਰਾਓਂ, 24 ਨਵੰਬਰ 2020 - ਪਿੰਡ ਬੱਦੋਵਾਲ ਦੇ ਜਸ਼ਨਪ੍ਰੀਤ ਸਿੰਘ (18) ਪੁੱਤਰ ਗੁਰਦੇਵ ਸਿੰਘ ਦੇ ਕਤਲ ਦੀ ਗੁਥੀ ਸੁਲਝਾਉਂਦਿਆਂ ਪੁਲਿਸ ਵਲੋਂ ਦੋ ਵਿਅਕਤੀ ਗਿਰਫ਼ਤਾਰ ਕਰ ਲਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਪੁਲਿਸ ਕੋਲ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪੁੱਤਰ ਜਸ਼ਨਪ੍ਰੀਤ (ਮ੍ਰਿਤਕ ) ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ , ਨੂੰ 21 ਤਰੀਕ ਦੀ ਰਾਤ ਨੂੰ ਕਿਸੇ ਦਾ ਫੋਨ ਆਇਆ ਤਾਂ ਉਹ ਆਪਣੀ ਮਾਤਾ ਨੂੰ ਕੁਝ ਸਮੇ ਬਾਅਦ ਵਾਪਿਸ ਆਉਣ ਲਈ ਕਹਿਕੇ ਘਰੋਂ ਚਲਾ ਗਿਆ।
ਗੁਰਦੇਵ ਸਿੰਘ ਅਨੁਸਾਰ ਜਦੋ ਜਸ਼ਪ੍ਰੀਤ ਕਾਫੀ ਰਾਤ ਤਕ ਘਰ ਵਾਪਿਸ ਨਹੀਂ ਆਇਆ ਤਾਂ ਉਸਨੂੰ ਫੋਨ ਕੀਤਾ ਗਿਆ ਜੋਕਿ ਬੰਦ ਆ ਰਿਹਾ ਸੀ ਤਾਂ ਉਸਦੀ ਭਾਲ ਕੀਤੀ ਗਈ। ਬਾਅਦ ਵਿਚ ਗੁਰਦੇਵ ਸਿੰਘ ਵਲੋਂ ਥਾਣਾ ਦਾਖਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ 12 ਘੰਟੇ ਦੇ ਅੰਦਰ ਹੀ ਮਾਮਲੇ ਦੇ ਦੋ ਦੋਸ਼ੀ ਗਿਰਫ਼ਤਾਰ ਕਰ ਲਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੋਹਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਸੰਦੀਪ ਸਿੰਘ ਉਰਫ ਰਵੀ (22) ਅਤੇ ਜਸਕਰਨ ਸਿੰਘ ਨੇ ਜਸ਼ਨਪ੍ਰੀਤ ਨੂੰ ਨਾਲ ਲਿਜਾਕੇ ਸ਼ਰਾਬ ਪਿਲਾਈ ਅਤੇ ਬਾਅਦ ਵਿਚ ਉਸ ਨਾਲ ਤਕਰਾਰ ਸ਼ੁਰੂ ਕਰ ਲਿਆ ਕਿ ਉਸਦੇ ਸੰਦੀਪ ਸਿੰਘ ਦੀ ਰਿਸ਼ਤੇਦਾਰ ਲੜਕੀ ਨਾਲ ਸੰਬੰਧ ਹਨ ਅਤੇ ਬਾਅਦ ਵਿਚ ਉਸਦੇ ਇੱਟਾਂ ਮਾਰ ਮਾਰ ਕੇ ਉਸਦਾ ਕਤਲ ਕਰ ਦਿਤਾ। ਪੁਲਿਸ ਅਨੁਸਾਰ ਲਾਸ਼ ਨੂੰ ਸੀਵਰੇਜ ਵਿਚ ਸੁੱਟ ਦਿੱਤਾ ਗਿਆ। ਪੁਲਿਸ ਵਲੋਂ ਡੋਹਲ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਵਿਚ ਵਾਪਰੇ ਮੋਟਰਸਾਇਕਲ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ।