ਅਸੋਕ ਵਰਮਾ
- ਪੁਲਿਸ ਦੀ ਚੁੱਪ ਤੋੜਨ ਲਈ ਸੰਘਰਸ਼ ਮੋਕਲਾ ਕਰਨ ਦਾ ਸੱਦਾ
ਬਠਿੰਡਾ, 24 ਨਵੰਬਰ 2020 - ਭਗਤਾ ਭਾਈ ’ਚ 20 ਨਵੰਬਰ ਨੂੰ ਆਪਣੀ ਹੀ ਦੁਕਾਨ ’ਤੇ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ ਨੂੰ ਦਿਨ ਦਿਹਾੜੇ ਦੋ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰਨ ਦੇ ਮਾਮਲੇ ’ਚ ਸਰਕਾਰ ਅਤੇ ਡੇਰਾ ਪ੍ਰੇਮੀਆਂ ਦੇ ਸਿੰਗ ਫਸਣ ਲੱਗੇ ਹਨ। ਪੁਲਿਸ ਪ੍ਰਸ਼ਾਸ਼ਨ ਦੀ ਬੇਰੁਖੀ ਤੋਂ ਭੜਕੇ ਡੇਰਾ ਪ੍ਰਬੰਧਕਾਂ ਨੇ ਅੱਜ ਸੰਘਰਸ਼ ਨੂੰ ਹੋਰ ਵੀ ਭਖਾਉਣ ਦਾ ਸੱਦਾ ਦੇ ਦਿੱਤਾ ਹੈ। ਬਾਜਾਖਾਨਾ-ਬਰਨਾਲਾ ਸੜਕ ’ਤੇ ਅੱਜ ਚੌਥੇ ਦਿਨ ਧਰਨਾ ਲਾਈ ਬੈਠੇ ਡੇਰਾ ਸ਼ਰਧਾਲੂ ਬਜਿੱਦ ਹੋ ਗਏ ਹਨ ਕਿ ਕਤਲ ਦੀ ਇਸ ਵਾਰਦਾਤ ਦਾ ਕੋਈ ਖੁਰਾ ਖੋਜ ਲੱਗਣ ਤੱਕ ਮਿ੍ਰਤਕ ਦੇਹ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਵੇਗਾ। ਅੱਜ ਸੰਘਰਸ਼ ਦੀ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਹਮਾਇਤ ਕਰਨ ਉਪਰੰਤ ਪ੍ਰਬੰਧਕ ਹੋਰ ਵੀ ਹੌਂਸਲਾ ਫੜ੍ਹ ਗਏ ਹਨ।
ਡੇਰਾ ਪ੍ਰੇਮੀਆਂ ਨੇ ਅੱਜ ਪ੍ਰਸ਼ਾਸ਼ਨ ਨੂੰ ਸਬਰ ਦਾ ਬੰਨ੍ਹ ਨਾਂ ਟੁੱਟਣ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ। ਸੂਤਰਾਂ ਅਨੁਸਾਰ ਅੱਜ ਵੱਖਰੀ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਆਰ ਪਾਰ ਦੀ ਲੜਾਈ ਬਿਨਾਂ ਹੁਣ ਗੁਜਾਰਾ ਨਹੀਂ ਹੈ। ਡੇਰਾ ਸ਼ਰਧਾਲੂਆਂ ’ਚ ਮੋਟੇ ਤੌਰ ਤੇ ਇਹ ਗੱਲ ਉੱਭਰੀ ਹੈ ਕਿ ਜੇਕਰ ਰੇਲ ਪਟੜੀਆਂ ਤੇ ਹੋਈ ਬਿਰਧ ਮਾਤਾ ਤੇਜ ਕੌਰ ਦੀ ਮੌਤ ਦੇ ਇਨਸਾਫ ਲਈ 22 ਦਿਨ ਲੜਾਈ ਲੜੀ ਜਾ ਸਕਦੀ ਹੈ ਤਾਂ ਮਨੋਹਰ ਲਾਲ ਦੇ ਪ੍ਰੀਵਾਰ ਨੂੰ ਨਿਆਂ ਦਿਵਾਉਣ ਲਈ ਧਰਨਾ ਜਾਰੀ ਰੱਖਣਾ ਵਕਤ ਦੀ ਅਣਸਰਦੀ ਲੋੜ ਬਣ ਗਿਆ ਹੈ। ਓਧਰ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈਕੇ ਗੁਆਂਢੀ ਸੂਬਿਆਂ ਦੇ ਡੇਰਾ ਪੇ੍ਰਮੀਆਂ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।
ਅੱਜ ਧਰਨੇ ਦੌਰਾਨ ਸੰਬੋਧਨ ਕਰਦਿਆਂ ਹਰਿਆਣਾ ਸਟੇਟ ਕਮੇਟੀ ਮੈਂਬਰ ਵੀਨਾ ਇੰਸਾਂ ਨੇ ਆਖਿਆ ਕਿ ਉਹ ਵਾਰਦਾਤ ਵਾਲੇ ਦਿਨ ਤੋਂ ਹੀ ਇੱਥੇ ਆਉਣ ਨੂੰ ਤਿਆਰ ਸਨ ਪਰ ਉਹਨਾਂ ਨੂੰ ਵਾਰ-ਵਾਰ ਰੋਕਿਆ ਜਾ ਰਿਹਾ ਸੀ ਪਰ ਹੁਣ ਉਹ ਆਪ ਮੁਹਾਰੇ ਧਰਨੇ ’ਚ ਸ਼ਾਮਲ ਹੋ ਗਏ ਹਨ। ਉਹਨਾਂ ਆਪਖਿਆ ਕਿ ਲੋੜ ਪਈ ਤਾਂ ਹਰਿਆਣਾ ਦੇ ਡੇਰਾ ਪ੍ਰੇਮੀ ਸੱਦ ਲਏ ਜਾਣਗੇ। ਇਸੇ ਤਰਾਂ ਹੀ ਇੱਕ ਹੋਰ ਡੇਰਾ ਆਗੂ ਮੀਨੂ ਇੰਸਾਂ ਨੇ ਕਿਹਾ ਕਿ ਮਨੋਹਰ ਲਾਲ ਦੇ ਕਤਲ ਕਾਰਨ ਡੇਰੇ ਦੇ ਸਮੂਹ ਸੂਬਿਆਂ ਦੇ ਪੈਰੋਕਾਰਾਂ’ਚ ਭਾਰੀ ਰੋਸ ਹੈ। ਸੂਬਾ ਕਮੇਟੀ ਮੈਂਬਰ ਗੁਰਜੀਤ ਕੌਰ ਤੇ ਗੁਰਚਰਨ ਕੌਰ ਨੇ ਬਠਿੰਡਾ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਯਾਦ ਦਿਵਾਇਆ ਕਿ ਇਹ ਘਟਨਾਵਾਂ ਅਮਨ ਚੈਨ ਨੂੰ ਲਾਂਬੂ ਲਾਉਣ ਵਾਲੀਆਂ ਹਨ ਜਿਹਨਾਂ ਨੂੰ ਫੌਰੀ ਤੌਰ ਤੇ ਰੋਕਿਆ ਜਾਣਾ ਚਾਹੀਦਾ ਹੈ।
ਉਹਨਾਂ ਆਖਿਆ ਕਿ ਪੰਜਾਬ ਤਾਂ ਪਹਿਲਾਂ ਵੀ ਕਈ ਸਾਲ ਕਾਲੇ ਦਿਨਾਂ ਦਾ ਸੰਤਾਪ ਹੰਢਾ ਚੁੱਕਿਆ ਹੈ ਇਸ ਲਈ ਪੰਜਾਬ ਸਰਕਾਰ ਨੂੰ ਹੁਣ ਜਾਗਣ ਅਤੇ ਸਖਤ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਮਨ ਦੇ ਹਾਮੀ ਹਨ ਪਰ ਇਸ ਨੂੰ ਉਹਨਾਂ ਦੀ ਕੰਮਜੋਰੀ ਨਾਂ ਸਮਝਿਆ ਜਾਏ ਕਿਉਂਕਿ ਉਹ ਆਪਣੇ ਹੱਕਾਂ ਲਈ ਵੀ ਲੜਨਾ ਜਾਣਦੇ ਹਨ। ਉਹਨਾਂ ਮਨੋਹਰ ਲਾਲ ਦੇ ਕਤਲ ਦੇ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਵੀ ਦੁਰਹਾਈ ਹੈ। ਅੱਜ ਗੁਆਂਢੀ ਸੂਬੇ ਰਾਜਸਥਾਨ ਦੇ 45 ਮੈਂਬਰ ਹਰਚਰਨ ਸਿੰਘ , ਰਣਜੀਤ ਸਿੰਘ ਤੇ ਐਡਵੋਕੇਟ ਸੰਪੂਰਨ ਸਿੰਘ ਤੋਂ ਇਲਾਵਾ ਡੇਰੇ ਦੇ ਸਿਆਸੀ ਵਿੰਗ ਦੇ ਸ਼ਿੰਦਰਪਾਲ ਪੱਕਾ ਕਲਾਂ, ਪਰਮਜੀਤ ਸਿੰਘ ਨੰਗਲ, ਅਵਤਾਰ ਸਿੰਘ, ਬਲਜਿੰਦਰ ਸਿੰਘ, 45 ਮੈਂਬਰ ਜਤਿੰਦਰ ਮਹਾਸ਼ਾ, ਜਸਵੀਰ ਸਿੰਘ ਅਤੇ ਸੇਵਕ ਸਿੰਘ ਗੋਨਿਆਣਾ ਆਦਿ ਹਾਜ਼ਰ ਸਨ।