ਗੁਰਿੰਦਰਜੀਤ ਨੀਟਾ ਮਾਛੀਕੇ,
ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ 2020: ਨਿਊਯਾਰਕ ਸਿਟੀ ਦੇ ਸਾਬਕਾ ਮੇਅਰ ਡੇਵਿਡ ਡਿਕਿੰਨਸ ਜੋ ਕਿ ਸ਼ਹਿਰ ਦੇ ਪਹਿਲੇ ਅਫਰੀਕੀ ਅਮਰੀਕੀ ਮੇਅਰ ਸਨ, 93 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਿਊਯਾਰਕ ਸਿਟੀ ਪੁਲਿਸ ਵਿਭਾਗ (ਐਨ ਵਾਈ ਪੀ ਡੀ) ਅਨੁਸਾਰ ਡਿਕਿੰਨਸ ਦੀ ਸੋਮਵਾਰ ਸ਼ਾਮ ਨੂੰ ਮੈਨਹੱਟਨ ਵਿੱਚ ਅੱਪਰ ਪੂਰਬੀ ਸਾਈਡ ਸਥਿਤ ਉਸਦੀ ਰਿਹਾਇਸ਼ 'ਤੇ ਮੌਤ ਹੋ ਗਈ। ਨਿਊਯਾਰਕ ਪੁਲਿਸ ਵਿਭਾਗ ਦੇ ਅਨੁਸਾਰ ਵਿਭਾਗ ਨੂੰ ਸਾਬਕਾ ਮੇਅਰ ਦੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਸੰਬੰਧੀ ਉਸਦੀ ਰਿਹਾਇਸ਼ ਤੋਂ ਇੱਕ ਫੋਨ ਰਾਹੀਂ ਸੂਚਨਾ ਦਿੱਤੀ ਗਈ ਜਦਕਿ ਇਸ ਦੁਖਦਾਈ ਖਬਰ ਦੀ ਮੇਅਰ ਬਿਲ ਡੀ ਬਲਾਸੀਓ ਨੇ ਵੀ ਪੁਸ਼ਟੀ ਕੀਤੀ ਹੈ।1927 ਵਿੱਚ ਨਿਊਜਰਸੀ ਦੇ ਟ੍ਰੇਨਟਨ ਵਿੱਚ ਪੈਦਾ ਹੋਏ ਡੇਵਿਡ ਨੇ ਬਰੁਕਲਿਨ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਹਾਵਰਡ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪ੍ਰਾਪਤ ਕੀਤੀ ਸੀ। ਸ਼ਹਿਰ ਦੀ ਵੈਬਸਾਈਟ 'ਤੇ ਡਿਕਿੰਨਸ ਦੀ ਬਾਇਓ ਦੇ ਅਨੁਸਾਰ ਉਸਨੇ 1990 ਤੋਂ 1993 ਤੱਕ ਨਿਊਯਾਰਕ ਸਿਟੀ ਦੇ 106 ਵੇਂ ਮੇਅਰ ਵਜੋਂ ਸੇਵਾ ਨਿਭਾਈ ਸੀ।ਇਸ ਸਾਬਕਾ ਮੇਅਰ ਨੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਨਿਊਯਾਰਕ ਸਿਟੀ ਵਿਚ ਥੋੜ੍ਹੇ ਸਮੇਂ ਲਈ ਕਾਨੂੰਨ ਦੀ ਪ੍ਰੈਕਟਿਸ ਵੀ ਕੀਤੀ ਸੀ। ਪਹਿਲਾਂ ਇੱਕ ਜ਼ਿਲ੍ਹਾ ਆਗੂ ਅਤੇ ਫਿਰ ਹਰਲੇਮ ਰਾਜ ਵਿਧਾਨ ਸਭਾ ਦੇ ਰੂਪ ਵਿਚ ਉਸ ਦਾ ਰਾਜਨੀਤਿਕ ਵਾਧਾ, ਉਸ ਨੂੰ ਚੋਣ ਬੋਰਡ ਦੇ ਪ੍ਰਧਾਨ ਤੋਂ ਲੈ ਕੇ ਸਿਟੀ ਕਲਰਕ ਅਤੇ ਮੈਨਹੱਟਨ ਦੇ ਪ੍ਰਧਾਨ ਤੱਕ ਲੈ ਗਿਆ। ਇਸ ਤੋਂ ਬਾਅਦ ਡਿਕਿੰਨਜ਼ ਨੇ 1990 ਵਿੱਚ ਨਿਊਯਾਰਕ ਸਿਟੀ ਵਿੱਚ ਰੂਡੌਲਫ ਜਿਉਲਿਆਨੀ ਨੂੰ ਹਰਾ ਕੇ ਮੇਅਰ ਦੇ ਅਹੁਦੇ ਤੱਕ ਪਹੁੰਚੇ।ਹਾਲ ਹੀ ਦੇ ਸਾਲਾਂ ਵਿਚ, ਡਿਕਿੰਨਸ ਨਿਊਯਾਰਕ ਸਿਟੀ ਦੀ ਰਾਜਨੀਤੀ ਵਿਚ ਸਰਗਰਮ ਰਹੇ, ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਜਨਤਕ ਮਾਮਲਿਆਂ ਦੀ ਸਿਖਲਾਈ ਦਿੰਦੇ ਰਹੇ ਸਨ।