ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2020 - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਥਰਮਲ ਦੇ ਠੇਕਾ ਅਤੇ ਰੈਗੂਲਰ ਮੁਲਾਜਮਾਂ ਨੇ ਸਾਂਝੇ ਤੌਰ ਤੇ ਰੈਲੀ ਕਰਨ ਉਪਰੰਤ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ। ਇਸ ਮੌਕੇ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂ ,ਜਗਸੀਰ ਸਿੰਘ ਭੰਗੂ,ਬਾਦਲ ਸਿੰਘ ਭੁੱਲਰ,ਰਤਨਪਾਲ ਜੋਸ਼ੀ ,ਮਲਕੀਤ ਸਿੰਘ ਮਾੜੀ,ਜਗਜੀਤ ਸਿੰਘ ਕੋਟਲੀ,ਸੁਖਵਿੰਦਰ ਸਿੰਘ ਕਿਲੀ,ਬਲਜੀਤ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਅਤੇ ਨਵੇਂ ਕਿਰਤ ਕਾਨੂੰਨਾਂ ਨਾਲ ਮੁਲਕ ਦੇ ਕਿਰਤੀਆਂ ਤੇ ਮਾੜਾ ਅਸਰ ਪਵੇਗਾ ਅਤੇ ਗਰੀਬੀ, ਬੇਰੁਜਗਾਰੀ, ਮਹਿੰਗਾਈ ਤੇ ਕਾਲਾਬਾਜਾਰੀ ਹੋਰ ਸ਼ਿਖਰਾਂ ਨੂੰ ਛੂਹਣ ਲੱਗੇਗੀ।
ਉਹਨਾਂ ਆਖਿਆ ਕਿ ਲੋਕ ਤਾਂ ਅਜੇ ਤੱਕ ਨੋਟਬੰਦੀ ਅਤੇ ਜੀਐਸਟੀ ਵਰਗੇ ਗਲਤ ਫੈਸਲਿਆਂ ਦੇ ਝੰਬੇ ਹੀ ਰਾਸ ਨਹੀਂ ਆਏ ਸਨ ਕਿ ਹੁਣ ਇੲਨਾ ਕਾਲੇ ਕਾਨੂੰਨਾਂ ਨਾਲ ਗਲ ਘੁੱਟਿਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੀਆਂ ਆਰਥਿਕ ਨੀਤੀਆਂ ਤਹਿਤ ਸੁਧਾਰਾਂ ਦੇ ਨਾਮ ਤੇ ਕੋਰੋਨਾ ਵਾਇਰਸ ਦੀ ਆੜ ਵਿੱਚ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਸਰਕਾਰੀ ਥਰਮਲ ,ਬਿਜਲੀ ,ਪਾਣੀ, ਸਿਹਤ,ਸਿੱਖਿਆ,ਟਰਾਂਸਪੋਰਟ,ਬੀਮਾਂ,ਬੈਂਕ,ਏਅਰਪੋਰਟ ਅਤੇ ਹਵਾਈ ਸੇਵਾਵਾਂ ਆਦਿ ਨੂੰ ਕਾਰਪੋਰੇਟਾਂ ਹਵਾਲੇ ਕਰਨ ਦੀ ਨੀਅਤ ਨਾਲ ਸਮੂਹ ਅਦਾਰਿਆਂ ਦਾ ਪੂਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਸਨਅਤੀ ਵਿਕਾਸ ਦੇ ਨਾਂ ਹੇਠ ਆਦਿਵਾਸੀਆਂ,ਕਿਸਾਨਾਂ, ਮਜ਼ਦੂਰਾਂ ਦੀਆਂ ਜਮੀਨਾਂ ,ਜਲ, ਜੰਗਲ, ਅਤੇ ਕੋਇਲਾ ਖਾਣਾਂ ਜ਼ਬਰੀ ਕਾਰਪੋਰੇਟ ਘਰਾਣਿਆਂ ਹਵਾਲੇ ਕੀਤੇ ਜਾ ਰਹੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨ,ਬਿਜਲੀ ਸੋਧ ਬਿੱਲ 2020,ਨਵੇਂ ਕਿਰਤ ਕਾਨੂੰਨਾਂ ਸਮੇਤ ਸਮੂਹ ਕਾਲੇ ਕਾਨੂੰਨਾਂ ਤੋਂ ਇਲਾਵਾ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਏ, ਠੇਕਾ ਮੁਲਾਜਮ ਪੱਕੇ ਕੀਤੇ ਜਾਣ ਅਤੇ ਆਹਲੂਵਾਲੀਆ ਕਮੇਟੀ ਭੰਗ ਕਰਨ ਸਣੇ ਵੱਖ ਵੱਖ ਮੰਗਾਂ ਮੰਨੀਆਂ ਜਾਣ। ਇਸ ਮੌਕੇ ਬਲਜਿੰਦਰ ਮਾਨ,ਲਛਮਣ ਰਾਮਪੁਰਾ,ਕਿ੍ਰਸ਼ਨ ਕੁਮਾਰ,ਗੁਰਪ੍ਰੀਤ ਗੁਰਸ਼ਰ,ਲਵਪ੍ਰੀਤ ਸਿੰਘ,ਗੁਰਪ੍ਰੀਤ ਲਹਿਰਾ,ਗੁਰਜੰਟ ਸਿੰਘ,ਨਿਰਮਲ ਸਿੰਘ ਆਦਿ ਹਾਜ਼ਿਰ ਆਗੂਆਂ ਨੇ ਸਮੂਹ ਕਿਰਤੀ ਵਰਗਾਂ ਨੂੰ ਸਰਕਾਰਾਂ ਦੇ ਲੋਕ ਮਾਰੂ ਹੱਲਿਆਂ ਖਿਲਾਫ਼ ਜੱਥੇਬੰਦਕ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।