ਮਨਪ੍ਰੀਤ ਸਿੰਘ ਜੱਸੀ
- ਆਈ.ਡੀ.ਐਚ. ਮਾਰਕੀਟ ਦੇ ਦੁਕਾਨਦਾਰਾਂ ਨੇ ਮੇਅਰ ਰਿੰਟੂ ਦਾ ਕੀਤਾ ਸਨਮਾਨ, ਮੇਅਰ ਨੇ ਸੁਣੀਆਂ ਸਮੱਸਿਆਵਾਂ
ਅੰਮ੍ਰਿਤਸਰ, 5 ਦਸੰਬਰ, 2020 :- ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰ: 47 ਵਿਖੇ ਬੱਸ ਸਟੈਂਡ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਤੇ ਦਰੁਸਤ ਕਰਨ ਲਈ ਪ੍ਰੀਮਿਅਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਹ ਵਿਕਾਸ ਕਾਰਜ 15 ਲੱਖ ਰੁਪਏ ਦੀ ਲਾਗਤ ਸ਼ੁਰੂ ਕੀਤੇ ਗਏ ਹਨ।
ਇਹ ਸੜਕ ਦਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਖਸਤਾ ਹਾਲਤ ਵਿਚ ਸੀ ਤੇ ਅੰਮ੍ਰਿਤਸਰ ਆਉਣ ਵਾਲੇ ਹਰ ਸ਼ਰਧਾਲੂ ਤੇ ਯਾਤਰੂ ਜੋ ਕਿ ਬੱਸ ਸਟੈਂਡ ਤੇ ਹੀ ਉਤਰਦਾ ਹੈ, ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਕਿ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੀ ਸੁੱਚਜੀ ਦੇਖ ਰੇਖ ਹੇਠ ਬੱਸ ਸਟੈਂਡ ਤੋਂ ਆਈ.ਡੀ.ਐਚ. ਮਾਰਕੀਟ ਤੇ ਇਸਦੇ ਨਾਲ ਲੱਗਦੀਆਂ ਬਾਕੀ ਸੜਕਾਂ ਨੂੰ ਦਰੁਸਤ ਤੇ ਸੁੱਚਜਾ ਬਣਾਉਣ ਲਈ ਪ੍ਰੀਮਿਅਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਆਈ.ਡੀ.ਐਚ. ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਵੱਲੋਂ ਪ੍ਰੀਮਿਅਕਸ ਪਾਉਣ ਦੇ ਕੰਮ ਲਈ ਮੇਅਰ ਦਾ ਧੰਨਵਾਦ ਕੀਤਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਦਾ ਇਹ ਇੰਟਰਸਟੇਟ ਬੱਸ ਸਟੈਂਡ ਜੋ ਕਿ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੀ ਨਿੱਘੀ ਯਾਦ 'ਚ ਇਸਦਾ ਨਾਮ ਰੱਖਿਆ ਗਿਆ ਹੈ ਅਤੇ ਜਿਥੇ ਕਿ ਹਰ ਸ਼ਹਿਰ 'ਚੋਂ ਸ਼ਰਧਾਲੂ, ਵਸਨੀਕ ਆਉਂਦੇ ਹਨ ਤੇ ਉਨ੍ਹਾਂ ਦੀ ਸਹੂਲਤ ਲਈ ਬੱਸ ਸਟੈਂਡ ਦੇ ਆਸ ਪਾਸ ਦੀਆਂ ਸਾਰੀਆਂ ਸੜਕਾਂ ਨੂੰ ਦਰੁਸਤ ਕਰਨ ਦਾ ਜੋ ਟੀਚਾ ਅਸੀਂ ਮਿੱਥਿਆ ਹੈ ਉਸ ਪ੍ਰਤੀ ਅੱਜ ਇਹ ਵਿਕਾਸ ਕਾਰਜ਼ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਸਿੱਧੀ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੜਕ ਨਾਲ ਜੁੜਦੀ ਹੈ ਜਿਥੇ ਹਜ਼ਾਰਾਂ ਸ਼ਰਧਾਲੂ ਇਸੇ ਸੜਕ ਰਾਹੀਂ ਨਤਮਸਤਕ ਹੋਣ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਹਨ ਅਤੇ ਇਨ੍ਹਾਂ ਸਾਰੀਆਂ ਸੜਕਾਂ ਨੂੰ ਦਰੁਸਤ ਕਰਨ ਲਈ ਅਸੀਂ ਪੱਬਾ ਭਾਰ ਹੋ ਕੇ ਕੰਮ ਕਰ ਰਹੇ ਹਾਂ ਅਤੇ ਇਸਦੇ ਨਾਲ ਹੀ ਬਾਕੀ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਸੜਕਾਂ ਨੂੰ ਦਰੁਸਤ ਬਣਾਉਣ ਲਈ ਕੰਮ ਚੱਲ ਰਹੇ ਹਨ।
ਮੇਅਰ ਨੇ ਕਿਹਾ ਕਿ ਸੀ.ਟੀ. ਸੈਂਟਰ ਵਿਖੇ ਵੀ ਜਲਦ ਹੀ ਵਿਕਾਸ ਕਾਰਜ਼ ਸ਼ੁਰੂ ਕੀਤੇ ਜਾ ਰਹੇ ਹਨ ਜੋ ਕਿ ਸ਼ਹਿਰ ਦੇ ਮੇਨ Âਰੀਏ ਵਿਚੋਂ ਇਕ ਏਰੀਆ ਹੈ ਤੇ ਇਸਦੇ ਟੈਂਡਰ ਪਾਸ ਹੋ ਚੁੱਕੇ ਹਨ ਤੇ ਬਹੁਤ ਜਲਦ ਇਸ ਇਲਾਕੇ ਦੀ ਹਰ ਸੜਕ ਤੇ ਹਰ ਗਲੀ ਨੂੰ ਦਰੁਸਤ ਕਰਨ ਲਈ ਕੰਮ ਸ਼ੁਰੂ ਕੀਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਇਸਦੇ ਨਾਲ ਹੀ ਸ਼ਹਿਰ ਦੀ ਆਈ.ਡੀ.ਐਚ. ਹੋਲਸੇਲ ਮਾਰਕੀਟ ਹੈ ਜਿਥੇ ਦੂਰੋਂ ਨੇੜਿਓਂ ਲੋਕ ਆਪਣੇ ਸਮਾਨ ਦੀ ਖਰੀਦ ਕਰਨ ਆਉਂਦੇ ਹਨ ਜਿਸ ਨਾਲ ਮਾਰਕੀਟ ਦੇ ਦੁਕਾਨਦਾਰਾਂ ਸਮੇਤ ਲੋਕਾਂ ਨੂੰ ਇਸ ਸੜਕ ਦੇ ਬਣਨ ਨਾਲ ਕਾਫੀ ਲਾਭ ਹੋਵੇਗਾ।